ਪੰਜਾਬੀ ਯੂਨੀਵਰਸਿਟੀ ਵਿਖੇ ਲੜਕੀਆਂ ਦੇ ਹੋਸਟਲਾਂ ਵਿੱਚ 15 ਰੋਜ਼ਾ ਯੋਗਾ ਕੈਂਪ ਸਫਲਤਾਪੂਰਵਕ ਸੰਪੰਨ
ਪਟਿਆਲਾ, 18 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿੱਚ ਲੜਕੀਆਂ ਦੇ ਹੋਸਟਲਾਂ ਵਿੱਚ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਸਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ਼ ਲਗਾਇਆ ਗਿਆ 15 ਰੋਜ਼ਾ ਯੋਗਾ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। 3 ਫਰਵਰੀ 2025 ਨੂੰ ਸ਼ੁਰੂ ਹੋਏ ਇਸ ਕੈਂਪ ਦਾ ਸਮਾਪਨ ਸਮਾਰੋਹ ਮਾਤਾ ਗੁਜਰੀ ਹੋਸਟਲ ਵਿੱਚ ਕਰਵਾਇਆ ਗਿਆ। ਇਸ ਮੌਕੇ ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਅਤੇ ਹੋਸਟਲ ਵਾਰਡਨਾਂ ਨੇ ਸ਼ਿਰਕਤ ਕੀਤੀ।
ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਚੰਗੀ ਸਿਹਤ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਰੇ ਹੋਸਟਲਾਂ ਵਿੱਚੋਂ ਕੁੱਝ ਵਿਦਿਆਰਥਣਾਂ ਦੀ ਚੋਣ ਕਰ ਕੇ 'ਬੱਡੀ ਗਰੁੱਪ' ਨਾਮਕ ਸਮੂਹ ਤਿਆਰ ਕੀਤਾ ਗਿਆ। ਇਹ ਸਮੂਹ ਦੀਆਂ ਮੈਂਬਰ ਚੁਣਿੰਦਾ ਲੜਕੀਆਂ ਆਪੋ ਆਪਣੇ ਹੋਸਟਲਾਂ ਵਿੱਚ ਯੋਗਾ ਦੀ ਸਿਖਲਾਈ ਨਿਰੰਤਰ ਜਾਰੀ ਰੱਖਣਗੀਆਂ।
ਸਮਾਪਨ ਸਮਾਰੋਹ ਵਿੱਚ ਵਿਦਿਆਰਥਣਾਂ ਨੇ ਯੋਗਾ ਦੀ ਪੇਸ਼ਕਾਰੀ ਕੀਤੀ। ਅੰਤ ਵਿੱਚ ਯੋਗਾ ਦੀ ਸਿਖਲਾਈ ਦੇਣ ਵਾਲ਼ੇ ਟਰੇਨਰਜ਼ ਨੂੰ ਸਨਮਾਨਿਤ ਕੀਤਾ ਗਿਆ।
ਕੁੱਝ ਵਿਦਿਆਰਥਣਾਂ ਨੇ ਇਸ ਕੈਂਪ ਸੰਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਇਸ ਨੂੰ ਸਰੀਰਿਕ ਅਤੇ ਮਾਨਸਿਕ ਪੱਖੋਂ ਲਾਹੇਵੰਦ ਦੱਸਿਆ। ਵਿਦਿਆਰਥਣਾਂ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਨਾਲ਼ ਉਨ੍ਹਾਂ ਦੀ ਪੜ੍ਹਾਈ ਵਿੱਚ ਵਧੇਰੇ ਇਕਾਗਰਤਾ ਬਣਨ ਲੱਗੀ ਹੈ ਅਤੇ ਉਹ ਚੁਸਤ-ਦਰੁਸਤ ਮਹਿਸੂਸ ਕਰ ਰਹੀਆਂ ਹਨ।