ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 9ਵਾਂ ਚੈਲੇਂਜਰਜ਼ ਕੱਪ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ
ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ 9ਵਾਂ ਚੈਲੇਂਜਰਜ਼ ਕੱਪ ਕ੍ਰਿਕੇਟ ਟੂਰਨਾਮੈਂਟ ਮਾਨਸਾ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਸਫਲ ਢੰਗ ਨਾਲ ਆਯੋਜਿਤ ਕੀਤਾ ਗਿਆ। ਇਹ ਟੂਰਨਾਮੈਂਟ ਮਾਨਸਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਕਿਉਂਕਿ ਪਹਿਲੀ ਵਾਰ ਦਿਨ-ਰਾਤ ਦੇ ਕ੍ਰਿਕੇਟ ਮੈਚ ਕਰਵਾਏ ਗਏ। ਟੂਰਨਾਮੈਂਟ ਖਾਲਸਾ ਕ੍ਰਿਕੇਟ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ।
ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ BBC ਨੋਇਡਾ ਅਤੇ ਹਰਿਆਣਾ ਕ੍ਰਿਕੇਟ ਅਕੈਡਮੀ (HCA) ਦੀਆਂ ਟੀਮਾਂ ਆਮਣੇ-ਸਾਮਣੇ ਹੋਈਆਂ। ਦੋਵੇਂ ਟੀਮਾਂ ਵੱਲੋਂ ਉੱਚ ਦਰਜੇ ਦਾ ਖੇਡ ਪ੍ਰਦਰਸ਼ਨ ਕੀਤਾ ਗਿਆ। ਚੱਕੇ-ਚੌਕੇ, ਕਾਬਿਲ-ਏ-ਤਾਰੀਫ਼ ਬੋਲਿੰਗ ਅਤੇ ਸ਼ਾਨਦਾਰ ਫੀਲਡਿੰਗ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਦਿੱਤਾ। ਫਾਈਨਲ ਮੈਚ HCA ਨੇ 17 ਰਨ ਨਾਲ ਜਿੱਤ ਲਿਆ। ਮੈਚ ਦੌਰਾਨ ਕਮੈਂਟਰੀ ਅਜੇ ਸਰਮੇਘਾ (ਜੰਮੂ), ਵਿਸ਼ਾਲ ਵਿਕੀ ਅਤੇ ਸਾਂੱਟੀ ਵੱਲੋਂ ਕੀਤੀ ਗਈ, ਜਿਸ ਨਾਲ ਮੁਕਾਬਲਾ ਹੋਰ ਵੀ ਰੋਮਾਂਚਕ ਬਣਿਆ। ਦਰਸ਼ਕਾਂ ਵੱਲੋਂ ਖੁਸ਼ੀ ਦੇ ਇਜ਼ਹਾਰ ਵਜੋਂ ਪਟਾਕੇ ਚਲਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਚੌਕਿਆਂ ਅਤੇ ਵਿਕਟਾਂ ‘ਤੇ ਦਰਸ਼ਕਾਂ ਵੱਲੋਂ ਹਜ਼ਾਰਾਂ ਰੁਪਏ ਦੇ ਇਨਾਮ ਵੀ ਰੱਖੇ ਗਏ। ਇਹ ਮਾਨਸਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦਰਸ਼ਕ ਰਾਤ 12:30 ਵਜੇ ਤੱਕ ਗਰਾਊਂਡ ਵਿੱਚ ਮੈਚ ਦੇਖਣ ਲਈ ਮੌਜੂਦ ਰਹੇ। ਇਸ ਮੌਕੇ ਮੰਗਤ ਰਾਮ ਬੰਸਲ ਆਪਣੇ ਬੇਟੇ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਜੇਤੂ ਟੀਮ ਨੂੰ ਟ੍ਰਾਫੀ ਤੇ ਇਨਾਮ ਰਾਸ਼ੀ ਭੇਂਟ ਕੀਤੀ।
ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਹੀ ਦਿਸ਼ਾ ਵੱਲ ਲੈ ਜਾਂਦੀਆਂ ਹਨ। ਟੂਰਨਾਮੈਂਟ ਵਿੱਚ ਮਾਨਸਾ ਦੇ ਪੁਰਾਣੇ ਕ੍ਰਿਕੇਟਰਾਂ, ਫਾਊਂਡਰ ਕ੍ਰਿਕੇਟਰ ਜਤਿੰਦਰ ਅਗਰਾ ਦੇ ਅਸ਼ੀਰਵਾਦ ਨਾਲ ਨਾਲ ਡਾਕਟਰਾਂ, ਪ੍ਰੋਫੈਸਰਾਂ, ਵਕੀਲਾਂ, ਸਿੱਖਿਆਵਿਦਾਂ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਵੀ ਭਰਪੂਰ ਭਾਗ ਲਿਆ। ਕੁੱਲ 16 ਟੀਮਾਂ ਦੇ ਲਗਭਗ 250 ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ IPL ਅਤੇ ਰਣਜੀ ਟਰਾਫੀ ਵਿੱਚ ਖੇਡ ਚੁੱਕੇ ਖਿਡਾਰੀ ਵੀ ਸ਼ਾਮਲ ਸਨ। ਟੂਰਨਾਮੈਂਟ ਦੌਰਾਨ ਮੈਡੀਕਲ ਰਿਪ੍ਰਿਜ਼ੈਂਟੇਟਿਵ ਅਸੋਸੀਏਸ਼ਨ ਦੀ ਟੀਮ ਵੱਲੋਂ ਸ਼ੈਮੀ ਕੁਮਾਰ, ਹਰਸ਼ ਮਿੱਧਾ ਅਤੇ ਬਿੰਦਰ ਨੇ ਪੂਰੇ ਟੂਰਨਾਮੈਂਟ ਵਿੱਚ ਫਸਟ ਏਡ ਦੀ ਸੇਵਾ ਨਿਭਾਈ। ਅਖੀਰ ਵਿੱਚ ਟੂਰਨਾਮੈਂਟ ਆਰਗੇਨਾਈਜ਼ਰਾਂ ਵਿਨੈ ਪਾਲ ਗਿੱਲ, ਭਗਵਾਨ ਸਿੰਘ ਕਸਤੂਰੀ, ਜਗਮੋਹਨ ਧਾਲੀਵਾਲ,ਗੁਰਪ੍ਰੀਤ ਮੋਨੀ, ਸਹਿਜਪ੍ਰੀਤ ਸਿੰਘ, ਪਰਮਿੰਦਰ ਝੋਟਾ, ਨਵਜੋਤ ਲਾਡੀ, ਚਰਨਪ੍ਰੀਤ ਗਰੇਵਾਲ, ਦਲਬੀਰ ਬਿੱਟੂ,ਕੇਵਲ ਸ਼ਰਮਾ,ਮਨੂ ਸ਼ਰਮਾ,ਬੱਬੂ ਵੱਲੋਂ ਮਾਨਸਾ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਐਸੇ ਟੂਰਨਾਮੈਂਟ ਕਰਵਾਉਣ ਦਾ ਭਰੋਸਾ ਦਿੱਤਾ ਗਿਆ।