ਲੁਧਿਆਣਾ: ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਲਈ ਚੋਣ ਟਰਾਇਲ ਮੁਕੰਮਲ; 667 ਖਿਡਾਰੀਆਂ ਨੇ ਦਿਖਾਇਆ ਦਮ
ਸੁਖਮਿੰਦਰ ਭੰਗੂ
ਲੁਧਿਆਣਾ: 2 ਮਾਰਚ, 2026
ਪੰਜਾਬ ਦੇ ਖੇਡ ਵਿਭਾਗ ਵੱਲੋਂ ਸੈਸ਼ਨ 2026-27 ਲਈ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ (PIS) ਸਕੀਮ ਅਧੀਨ ਲੁਧਿਆਣਾ ਵਿਖੇ ਦੋ ਰੋਜ਼ਾ ਸਿਲੈਕਸ਼ਨ ਟਰਾਇਲ ਸਫਲਤਾਪੂਰਵਕ ਕਰਵਾਏ ਗਏ। 28 ਫਰਵਰੀ ਤੋਂ 1 ਮਾਰਚ ਤੱਕ ਚੱਲੇ ਇਨ੍ਹਾਂ ਟਰਾਇਲਾਂ ਵਿੱਚ ਵੱਖ-ਵੱਖ ਉਮਰ ਵਰਗਾਂ (ਅੰਡਰ-14, 17, 19, 21 ਅਤੇ 21 ਪਲੱਸ) ਦੇ ਖਿਡਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਟਰਾਇਲਾਂ ਦੌਰਾਨ ਕੁੱਲ 667 ਖਿਡਾਰੀ ਆਪਣੀ ਕਿਸਮਤ ਅਜ਼ਮਾਉਣ ਪਹੁੰਚੇ, ਜਿਨ੍ਹਾਂ ਵਿੱਚ 600 ਲੜਕੇ ਅਤੇ 67 ਲੜਕੀਆਂ ਸ਼ਾਮਲ ਸਨ। ਜਿਹਨਾਂ ਵਿੱਚ
--ਐਥਲੈਟਿਕਸ 93 (ਲੜਕੇ/ਲੜਕੀਆਂ) ਗੁਰੂ ਨਾਨਕ ਸਟੇਡੀਅਮ
--ਬਾਸਕਟਬਾਲ 150 (ਲੜਕੇ/ਲੜਕੀਆਂ) ਗੁਰੂ ਨਾਨਕ ਸਟੇਡੀਅਮ
--ਹਾਕੀ 223 (ਸਿਰਫ਼ ਲੜਕੇ) ਪੰਜਾਬ ਖੇਤੀਬਾੜੀ ਯੂਨੀਵਰਸਿਟੀ
--ਵਾਲੀਬਾਲ 201 (ਸਿਰਫ਼ ਲੜਕੇ) ਐਸ.ਸੀ.ਡੀ. ਸਰਕਾਰੀ ਕਾਲਜ ਸ਼ਾਮਿਲ ਹੋਏ ।
ਇਸ ਮੌਕੇ ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਗੁਰਦੀਪ ਕੌਰ ਅਤੇ ਡਾਇਰੈਕਟਰ ਟਰੇਨਿੰਗ (PIS) ਤੇ ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਰਾਹੀਂ ਚੁਣੇ ਜਾਣ ਵਾਲੇ ਹੋਣਹਾਰ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
ਮੁਫ਼ਤ ਪੌਸ਼ਟਿਕ ਡਾਈਟ
ਰਿਹਾਇਸ਼ੀ ਸਹੂਲਤਾਂ
ਖੇਡਾਂ ਦਾ ਸਮਾਨ (ਕਿੱਟਾਂ)
ਮਾਹਿਰ ਕੋਚਾਂ ਵੱਲੋਂ ਉੱਚ ਪੱਧਰੀ ਕੋਚਿੰਗ
ਇਹ ਟਰਾਇਲ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਹਨ।