ਬਠਿੰਡਾ ਜ਼ਿਲ੍ਹੇ ਦੇ ਸੇਵਾਮੁਕਤ ਹੋਣ ਵਾਲੇ ਪਹਿਲੇ ਕੰਪਿਊਟਰ ਅਧਿਆਪਕ ਲਾਭ ਸਿੰਘ ਦਾ ਸ਼ਾਨਦਾਰ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2026 :ਸਿੱਖਿਆ ਵਿਭਾਗ ਵਿੱਚ 15 ਸਾਲ 8 ਮਹੀਨੇ ਅਤੇ 5 ਦਿਨਾਂ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਕੰਪਿਊਟਰ ਫੈਕਲਟੀ ਸ. ਲਾਭ ਸਿੰਘ ਅੱਜ ਆਪਣੀ ਸੇਵਾ ਤੋਂ ਮੁਕਤ ਹੋ ਗਏ ਹਨ। ਇਸ ਮੌਕੇ 'ਤੇ ਉਹਨਾਂ ਦੇ ਗ੍ਰਹਿ ਪਿੰਡ ਨਥੇਹਾ (ਬਠਿੰਡਾ) ਵਿਖੇ ਇੱਕ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜ਼ਿਕਰਯੋਗ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਲਾਭ ਸਿੰਘ ਬਠਿੰਡਾ ਜ਼ਿਲ੍ਹੇ ਵਿੱਚ ਸੇਵਾਮੁਕਤ ਹੋਣ ਵਾਲੇ ਪਹਿਲੇ ਕੰਪਿਊਟਰ ਅਧਿਆਪਕ ਬਣ ਗਏ ਹਨ।
ਇਸ ਵਿਸ਼ੇਸ਼ ਸਮਾਗਮ ਵਿੱਚ ਜ਼ਿਲ੍ਹਾ ਮੈਂਟਰ (DM) ਕੰਪਿਊਟਰ ਸਾਇੰਸ, ਸ਼੍ਰੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਸਕੂਲਾਂ ਤੋਂ ਕੰਪਿਊਟਰ ਅਧਿਆਪਕਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪਹੁੰਚੇ ਅਧਿਆਪਕਾਂ ਵਿੱਚ ਮੁੱਖ ਤੌਰ 'ਤੇ ਗੁਰਪ੍ਰੀਤ ਸਿੰਘ ਤਾਰੂਆਣਾ, ਜਸਬੀਰ ਸਿੰਘ, ਮਨਦੀਪ ਸਿੰਘ ਖਾਲਸਾ, ਗੁਰਮੇਲ ਸਿੰਘ, ਸ਼ਵਿੰਦਰ ਸਿੰਘ, ਬਲਜਿੰਦਰ ਕੁਮਾਰ ਅਤੇ ਅਮਨਦੀਪ ਸਿੰਘ, ਰਾਜਿੰਦਰ ਸਿੰਘ ਕਲਾਲਵਾਲਾ, ਸਰਬਜੀਤ ਕੌਰ ਸ਼ਾਮਲ ਸਨ।
ਸਮਾਗਮ ਦੌਰਾਨ ਡੀ.ਐਮ. ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ. ਲਾਭ ਸਿੰਘ ਦੀ ਮਿਹਨਤੀ ਸ਼ਖ਼ਸੀਅਤ, ਉਹਨਾਂ ਦੇ ਮਿਲਾਪੜੇ ਸੁਭਾਅ ਅਤੇ ਉਹਨਾਂ ਵੱਲੋਂ ਸਿੱਖਿਆ ਵਿਭਾਗ ਨੂੰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸ. ਲਾਭ ਸਿੰਘ ਨੇ ਹਮੇਸ਼ਾ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਈ ਹੈ, ਜੋ ਕਿ ਬਾਕੀ ਅਧਿਆਪਕਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ।
ਅੰਤ ਵਿੱਚ, ਜ਼ਿਲ੍ਹਾ ਬਠਿੰਡਾ ਦੇ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ ਸ. ਲਾਭ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਯਾਦਗਾਰੀ ਚਿੰਨ੍ਹ (Token of Love) ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮੂਹ ਹਾਜ਼ਰੀਨ ਵੱਲੋਂ ਉਹਨਾਂ ਦੇ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਗਈ।
bs