ਲੁਧਿਆਣਾ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ; 11 ਮੋਟਰਸਾਈਕਲ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 30 ਅਪ੍ਰੈਲ 2026: ਲੁਧਿਆਣਾ ਕਮਿਸ਼ਨਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਦੇ 5 ਬੁਲਟ ਅਤੇ 6 ਹੋਰ ਮੋਟਰਸਾਈਕਲ (ਕੁੱਲ 11 ਵਾਹਨ) ਬਰਾਮਦ ਕੀਤੇ ਹਨ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ ਢਿੱਲੋਂ ਨਿਵਾਸੀ ਸਰੂਪ ਨਗਰ, ਸਲੇਮ ਟਾਬਰੀ, ਵਿਕਾਸ ਕੁਮਾਰ ਉਰਫ ਵਿੱਕੀ ਨਿਵਾਸੀ ਅਸ਼ੋਕ ਨਗਰ, ਸਲੇਮ ਟਾਬਰੀ, ਲਵਿਸ਼ ਅੱਗਰਵਾਲ ਨਿਵਾਸੀ ਨਿਊ ਸੁਭਾਸ਼ ਨਗਰ ਬਸਤੀ ਜੋਧੇਵਾਲ ਵਜੋਂ ਹੋਈ ਹੈ।
ਥਾਣਾ ਸਲੇਮ ਟਾਬਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਹੁਸੈਨਪੁਰਾ ਕੱਟ ਨੇੜੇ ਗਸ਼ਤ 'ਤੇ ਸੀ। ਮੁਖਬਰ ਖਾਸ ਤੋਂ ਮਿਲੀ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਕਾਦੀਆ ਕੱਟ ਨੇੜੇ ਨਾਕਾਬੰਦੀ ਕੀਤੀ। ਚੋਰੀ ਦੇ ਬੁਲਟ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਜਾ ਰਹੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ।
ਦੋਸ਼ੀਆਂ ਖਿਲਾਫ਼ ਥਾਣਾ ਸਲੇਮ ਟਾਬਰੀ ਵਿਖੇ ਮੁੱਕਦਮਾ ਨੰਬਰ 70, ਮਿਤੀ 29.04.2026 ਨੂੰ ਬੀ.ਐੱਨ.ਐੱਸ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਪੁੱਛਗਿੱਛ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 2 ਹੋਰ ਬੁਲਟ ਅਤੇ 6 ਮੋਟਰਸਾਈਕਲ ਬਰਾਮਦ ਕੀਤੇ। ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮੁਕੱਦਮੇ ਦਰਜ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਹੁਣ ਤੱਕ ਹੋਰ ਕਿੰਨੇ ਵਾਹਨ ਚੋਰੀ ਕੀਤੇ ਹਨ ਅਤੇ ਇਹ ਚੋਰੀ ਦੇ ਵਾਹਨ ਸ਼ਹਿਰ ਵਿੱਚ ਕਿਨ੍ਹਾਂ ਲੋਕਾਂ ਨੂੰ ਵੇਚੇ ਗਏ ਹਨ।
Click to Follow Babushahi Facebook page →