ਧਰਤੀ ਦਿਵਸ ਮਨਾਇਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 22 ਅਪ੍ਰੈਲ, 2026- ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਧਰਤੀ ਦਿਵਸ ਮਨਾਇਆ ਗਿਆ । ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ .ਏ ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਕੂੜਾ ਕਰਕਟ , ਇਲੈਕਟ੍ਰਾਨਿਕ ਅਤੇ ਪਲਾਸਟਿਕ ਕਚਰਾ, ਉਦਯੋਗਿਕ ਕਚਰਾ , ਜੰਗਲਾਂ ਦੀ ਅੰਧਾ ਧੁੰਦ ਕਟਾਈ, ਖੇਤਾਂ ਵਿਚ ਕੀਟਨਾਸ਼ਕ ਤੇ ਰਸਾਇਣਕ ਖਾਦਾਂ ਦਾ ਵੱਧਦਾ ਪ੍ਰਯੋਗ ਅਤੇ ਹਰੇ ਦਰੱਖਤਾਂ ਦੀ ਅੰਧਾਧੁੰਦ ਕਟਾਈ ਧਰਤੀ ਦੀ ਸੁਰੱਖਿਆ ਲਈ ਮੁੱਖ ਸੰਕਟ ਹਨ। ਸੰਯੁਕਤ ਰਾਸ਼ਟਰ ਦੁਆਰਾ ਵਾਤਾਵਰਨ, ਕੁਦਰਤੀ ਸਾਧਨਾਂ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ 22 ਅਪ੍ਰੈਲ 2009 ਤੋ ਵਿਸ਼ਵ ਪੱਧਰ ਤੇ ਧਰਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਧਰਤੀ ਦੀ ਉੱਪਰਲੀ ਉਪਜਾਊ ਪਰਤ ਨੂੰ ਬਣਨ ਵਿੱਚ ਘੱਟੋ ਘੱਟ 100 ਸਾਲ ਲੱਗਦੇ ਹਨ ,ਜਦਕਿ ਇਹ ਸਿਰਫ 5 ਸਾਲਾਂ ਵਿੱਚ ਹੀ ਨਸ਼ਟ ਕੀਤੀ ਜਾ ਰਹੀ ਹੈ। ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਜੋਤੀ ਰਾਨੀ ਅਤੇ ਨਾਜੀਆ ਨੇ ਕਿਹਾ ਕਿ ਭਾਰਤ ਵਿਚ ਹਰ ਸਾਲ ਵਿਕਾਸ ਪ੍ਰੋਜੈਕਟਾ ਦੇ ਨਾਂ ਤੇ ਪੂਰੇ ਦੇਸ਼ ਵਿਚ 1 ਲੱਖ ਹੈਕਟੇਅਰ ਜੰਗਲ ਕੱਟ ਦਿੱਤੇ ਜਾਂਦੇ ਹਨ। ਸੰਨ 1906 ਤੋਂ ਲੈਕੇ ਸੰਨ 2025 ਤੱਕ ਧਰਤੀ ਦਾ ਤਾਪਮਾਨ 1 ਡਿਗਰੀ ਸੈਲਸੀਅਸ ਤੋਂ 1. 3 ਡਿਗਰੀ ਸੈਲਸੀਅਸ ਵੱਧ ਚੁੱਕਾ ਹੈ। ਇਸ ਨਾਲ ਜਲਵਾਯੂ ਪਰਿਵਰਤਨ ਦਾ ਸੰਕਟ ਵਧਿਆ ਹੈ ਅਤੇ ਅਨਾਜ ਦੀ ਪੋਸਟਿਕਤਾ ਵਿਚ ਕਮੀ ਆਈ ਹੈ । ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਕਾਜਲ ( 8 ) ਅਤੇ ਬੀ.ਏ ਭਾਗ ਦੂਜਾ ਦੀ ਸਿਖਾ ਰਾਨੀ ਨੇ ਕਿਹਾ ਕਿ ਇਕ ਦਰੱਖਤ ਹੀ ਜਿੱਥੇ ਸਾਲ ਭਰ ਵਿਚ 30 ਲੱਖ ਰੁਪਏ ਦੀ ਆਕਸੀਜਨ ਦਿੰਦਾ ਹੈ, ਉੱਥੇ ਹੀ ਸਾਲ ਭਰ ਵਿਚ 20 ਕਿਲੋ ਧੂੜ, 20 ਟਨ ਕਾਰਬਨ ਡਾਇਆਕਸਾਈਡ ਅਤੇ 1 ਲੱਖ ਵਰਗ ਮੀਟਰ ਵਿਚ ਦੂਸ਼ਿਤ ਹਵਾ ਸੌਖ ਲੈਂਦਾ ਹੈ। ਇਹ ਹੀ ਨਹੀਂ ਸਗੋਂ ਇਕ ਦਰੱਖਤ ਦੇ ਨੀਚੇ ਤਾਪਮਾਨ 4 ਡਿਗਰੀ ਘੱਟ ਰਹਿੰਦਾ ਹੈ ਅਤੇ ਘਰ ਦੇ ਨੇੜੇ 10 ਦਰੱਖਤ ਹੋਣ ਨਾਲ ਹੀ ਮਨੁੱਖ ਦਾ ਜੀਵਨ ਸੱਤ ਗੁਣਾ ਵੱਧ ਜਾਂਦਾ ਹੈ। ਇਸ ਮੌਕੇ ਪ੍ਰੋ: ਬੋਬੀ , ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਨੇ ਵਿਦਿਆਰਥੀਆਂ ਨੂੰ ਸਿੰਗਲ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਅਤੇ ਦਰੱਖਤ ਲਾਉਣ ਲਈ ਉਤਸਾਹਿਤ ਕੀਤਾ।