ਗੱਲਬਾਤ ਕਰਦੇ ਹੋਏ MP ਡਾ. ਅਮਰ ਸਿੰਘ ਅਤੇ ਹੋਰ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 20 ਅਪ੍ਰੈਲ 2026 : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਔਰਤਾਂ ਨੂੰ ਰਿਜ਼ਰਵੇਸ਼ਨ ਦੇਣ ਦੇ ਨਾਮ ‘ਤੇ ਦੇਸ਼ ਵਿੱਚ "ਅੰਡਰ ਟੇਬਲ ਡਿਲੀਮੀਟੇਸ਼ਨ" ਕਰਨ ਦੀ ਸਾਜ਼ਿਸ਼ ਰਚੀ ਗਈ ਸੀ, ਪਰ ਇਹ ਚਾਲ ਲੋਕ ਸਭਾ ਵਿੱਚ ਨਾਕਾਮ ਹੋ ਗਈ , ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ,ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਹਾਜ਼ਰ ਸਨ
ਉਨ੍ਹਾਂ ਕਿਹਾ ਕਿ ਇਹ ਬਿੱਲ ਔਰਤਾਂ ਨੂੰ ਹੱਕ ਦੇਣ ਲਈ ਨਹੀਂ, ਸਗੋਂ ਦੇਸ਼ ਵਿਚ ਲੋਕ ਸਭਾ ਹਲਕਿਆਂ ਨੂੰ ਆਪਣੇ ਫਾਇਦੇ ਲਈ ਵਧਾਉਣ ਅਤੇ ਬਦਲਣ ਦੀ ਕੋਸ਼ਿਸ਼ ਸੀ ,ਭਾਜਪਾ ਨੇ ਸੋਚਿਆ ਕਿ ਔਰਤਾਂ ਦੇ ਨਾਮ ‘ਤੇ ਇਹ ਗੱਲ ਲੁਕਾਈ ਜਾ ਸਕਦੀ ਹੈ, ਪਰ ਦੇਸ਼ ਦੇ ਲੋਕ ਇੰਨੇ ਭੋਲੇ ਨਹੀਂ ਹਨ , ਲੋਕਾਂ ਨੇ ਇਸਦਾ ਅਸਲੀ ਮਕਸਦ ਸਮਝ ਲਿਆ , ਡਾ. ਅਮਰ ਸਿੰਘ ਨੇ ਕਿਹਾ ਕਿ ਜੇ ਭਾਜਪਾ ਸੱਚਮੁੱਚ ਔਰਤਾਂ ਨੂੰ ਰਿਜ਼ਰਵੇਸ਼ਨ ਦੇਣਾ ਚਾਹੁੰਦੀ ਸੀ ਤਾਂ ਉਹ ਇਸ ਬਿੱਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕਰ ਸਕਦੀ ਸੀ ਅਤੇ ਪੂਰੇ ਦੇਸ਼ ਵਿਚ 33 ਪ੍ਰਤੀਸ਼ਤ ਸੀਟਾਂ ਉੱਤੇ ਮਹਿਲਾਵਾਂ ਨੂੰ ਚੋਣ ਲੜਨ ਦਾ ਅਧਿਕਾਰ ਉਸ ਸਮੇਂ ਮਿਲ ਜਾਣਾ ਸੀ , ਪਰ ਇਸਨੂੰ ਡਿਲੀਮੀਟੇਸ਼ਨ ਨਾਲ ਜੋੜ ਕੇ ਸਿਰਫ਼ ਇਸਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਫ਼ ਦਿਖਾਉਂਦਾ ਹੈ ਕਿ ਸਰਕਾਰ ਦੀ ਨੀਅਤ ਠੀਕ ਨਹੀਂ
ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਪੁਰਾਣੀ ਆਦਤ ਹੈ ਕਿ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਪਣੇ ਰਾਜਨੀਤਿਕ ਫਾਇਦੇ ਲਏ ਜਾਣ। ਕਦੇ ਧਰਮ ਦੇ ਨਾਮ ‘ਤੇ, ਕਦੇ ਸਿਆਸੀ ਜੁਮਲਿਆਂ ਦੇ ਨਾਮ ‘ਤੇ ਅਤੇ ਹੁਣ ਔਰਤਾਂ ਦੇ ਨਾਮ ‘ਤੇ ਸਿਆਸਤ ਕੀਤੀ ਜਾ ਰਹੀ ਹੈ , ਡਾ. ਅਮਰ ਸਿੰਘ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਪਾਰਟੀ ਔਰਤਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਪੂਰੀ ਹਮਾਇਤ ਕਰਦੀ ਹੈ, ਪਰ ਕਿਸੇ ਵੀ ਹਾਲਤ ਵਿੱਚ ਭਾਜਪਾ ਨੂੰ ਦੇਸ਼ ਦੇ ਸੰਵਿਧਾਨਕ ਢਾਂਚੇ ਨਾਲ ਖੇਡਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਲੋਕ ਹੁਣ ਜਾਗਰੂਕ ਹਨ ਅਤੇ ਉਹਨਾਂ ਨੂੰ ਗੁਮਰਾਹ ਕਰਨਾ ਆਸਾਨ ਨਹੀਂ। ਲੋਕ ਸਭਾ ਵਿੱਚ ਇਸ ਬਿੱਲ ਦੀ ਨਾਕਾਮੀ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਭਾਜਪਾ ਦੀ ਚਾਲ ਬੇਨਕਾਬ ਹੋ ਚੁੱਕੀ ਹੈ
ਅੰਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਲੜਦੀ ਰਹੇਗੀ ਅਤੇ ਭਾਜਪਾ ਦੀ ਹਰ ਸਾਜ਼ਿਸ਼ ਦਾ ਡਟ ਕੇ ਵਿਰੋਧ ਕਰੇਗੀ , ਇਸ ਮੌਕੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਬਲਾਕ ਪ੍ਰਧਾਨ ਖੇੜਾ ਗੁਰਬਰਿੰਦਰ ਸਿੰਘ ਭਗੜਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ,ਜਿਲ੍ਹਾ ਪ੍ਰੈੱਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਾਬਕਾ ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਸਾਨੀਪੁਰ,ਸਾਬਕਾ ਕੌਂਸਲਰ ਪਵਨ ਕਾਲੜਾ,ਸਾਬਕਾ ਸਰਪੰਚ ਕਰਮਜੀਤ ਸਿੰਘ ਸੁਹਾਗਹੇੜੀ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਰਿਉਣਾ, ਸ਼ਿੰਦਰਪਾਲ ਸਿੰਘ ਭਮਾਰਸੀ,ਪਰਵਿੰਦਰ ਸਿੰਘ ਗੋਲੂੰ,ਤਰਨਪ੍ਰੀਤ ਸਿੰਘ ਟੋਹੜਾ,ਬਿੱਲੂ ਮਸ਼ਾਲ ਆਦਿ ਹਾਜ਼ਰ ਸਨ