ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ
ਮਜ਼ਦੂਰ ਦਿਵਸ ਪਾਵਰਕੌਮ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਤੌਰ 'ਤੇ ਮਨਾਉਣ ਲਈ 22 ਅਪ੍ਰੈਲ ਨੂੰ ਮੀਟਿੰਗ- ਜੱਗਾ ਸਿੰਘ ਧਨੌਲਾ
ਅਸ਼ੋਕ ਵਰਮਾ
ਬਰਨਾਲਾ, 20 ਅਪ੍ਰੈਲ 2026 :ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੀ ਸਾਂਝੀ ਮੀਟਿੰਗ 1 ਮਈ ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਲਈ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਸਾਥੀ ਜੱਗਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੁੰਦਿਆਂ ਸੂਬਾ ਆਗੂ ਸਿੰਦਰ ਧੌਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਗ਼ੌਰੀ ਸ਼ੰਕਰ, ਰੂਪ ਚੰਦ ਤਪਾ, ਮੋਹਣ ਸਿੰਘ ਛੰਨਾਂ, ਸਿਕੰਦਰ ਸਿੰਘ ਤਪਾ, ਜਗਦੀਸ਼ ਸਿੰਘ ਨਾਈਵਾਲਾ ਨੇ 18 ਅਪ੍ਰੈਲ ਨੂੰ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਨੇੜੇ ਲੁਧਿਆਣਾ ਵਿਖੇ ਦਿੱਤੇ ਗਏ ਵਿਸ਼ਾਲ ਧਰਨੇ ਵਿੱਚ ਦੋਵਾਂ ਮੰਡਲਾਂ ਦੀ ਸਰਗਰਮ ਸ਼ਮੂਲੀਅਤ ਲਈ ਧੰਨਵਾਦ ਕੀਤਾ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।
ਆਗੂਆਂ ਨੇ ਕਿਹਾ ਕਿ 1-1-2016 ਤੋਂ ਪੈਨਸ਼ਨਰਾਂ ਦਾ ਤਨਖਾਹ ਸਕੇਲਾਂ ਦਾ ਬਕਾਇਆ, 18% ਮਹਿੰਗਾਈ ਭੱਤੇ ਦੇਣ ਤੋਂ ਇਨਕਾਰੀ ਹੋ ਗਈ ਹੈ। ਜਦ ਕਿ ਮਹਿੰਗਾਈ ਛੜੱਪੇ ਮਾਰਕੇ ਵਧ ਰਹੀ ਹੈ। ਹਜ਼ਾਰਾਂ ਪੈਨਸ਼ਨਰਜ਼ ਦੀ ਆਪਣੇ ਤਨਖਾਹ ਸਕੇਲਾਂ ਦੇ ਬਕਾਏ ਦੀ ਉਡੀਕ ਕਰਦਿਆਂ ਮੌਤ ਹੋ ਗਈ ਹੈ। ਆਗੂਆਂ ਕਿਹਾ ਕਿ ਇਹ ਉਹੀ ਕਮੇਡੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਰਕਾਰ ਦਾ ਖਜ਼ਾਨਾ ਤਾਂ ਹਮੇਸ਼ਾ ਭਰਿਆ ਹੁੰਦਾ ਹੈ, ਨੀਅਤ ਵਿੱਚ ਖੋਟ ਹੁੰਦੀ ਹੈ। ਹੁਣ ਇਹੀ ਸਰਕਾਰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਫ਼ੈਸਲਾ ਦੇਣ ਦੇ ਬਾਵਜੂਦ, ਹਲਫ਼ੀਆ ਬਿਆਨ ਦੇਕੇ ਇਸੇ ਭਰੇ ਹੋਏ ਖਜ਼ਾਨੇ ਦੇ ਖ਼ਾਲੀ ਹੋਣ ਦਾ ਰੋਣਾ ਰੋਕੇ ਇੱਕ ਤਰ੍ਹਾਂ ਨਾਲ ਬਕਾਇਆ ਅਦਾ ਕਰਨ ਤੋਂ ਹੱਥ ਖੜ੍ਹੇ ਕਰ ਰਹੀ ਹੈ। ਪੰਜਾਬ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮ ਪੰਜਾਬ ਸਰਕਾਰ ਦੇ ਇਸ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਫੈਸਲੇ ਖਿਲਾਫ ਜਥੇਬੰਦਕ ਸੰਘਰਸ਼ ਨੂੰ ਹੋਰ ਤਿੱਖਾ ਕਰਕੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਕੇਲਾਂ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਅਦਾ ਕਰਨ ਲਈ ਮਜ਼ਬੂਰ ਕਰਨਗੇ।
ਆਗੂਆਂ ਨੇ ਦੱਸਿਆ ਕਿ1 ਮਈ ਦਾ ਕੌਮਾਂਤਰੀ ਦਿਵਸ ਸਾਂਝੇ ਤੌਰ 'ਤੇ ਮਨਾਉਣ ਲਈ ਪਾਵਰਕੌਮ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ 22 ਅਪ੍ਰੈਲ ਨੂੰ ਸਵੇਰੇ 10 ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਬੁਲਾਈ ਗਈ ਹੈ। ਜਗਰਾਜ ਸਿੰਘ, ਤੀਰਥ ਦਾਸ, ਬਹਾਦਰ ਸਿੰਘ, ਰਾਜਪਤੀ, ਰਾਮ ਲਖਨ, ਤਰਸੇਮ ਬਾਵਾ, ਸੁਖਜਿੰਦਰ ਸਿੰਘ, ਪ੍ਰਿਤਪਾਲ ਗੌੜ ਅਤੇ ਹਰਨੇਕ ਸਿੰਘ ਨੇ 1 ਅਪ੍ਰੈਲ ਤੋਂ 4 ਕਿਰਤ ਕੋਡ ਲਾਗੂ ਕਰਨ ਤੋਂ ਬਾਅਦ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਕਿਰਤੀਆਂ ਦੇ ਹੱਕਾਂ ਉੱਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਮਨੇਸਰ, ਗੁੜਗਾਓਂ, ਫਰੀਦਾਬਾਦ ਅਤੇ ਨੋਇਡਾ ਵਿਖੇ ਘੱਟੋ ਘੱਟ ਉਜ਼ਰਤਾਂ ਵਿੱਚ ਵਾਧੇ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਆਗੂਆਂ ਅਤੇ ਸੈਂਕੜੇ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।