ਮੇਅਰ ਪਦਮਜੀਤ ਮਹਿਤਾ ਵੱਲੋਂ ਬਿਊਟੀ ਪਾਰਲਰ ਸਿਖਲਾਈ ਕੇਂਦਰ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ 2026: ਯੂਥ ਵੀਰਾਂਗਨਾਂਏ (ਰਜਿ.), ਇਕਾਈ ਬਠਿੰਡਾ ਵੱਲੋਂ ਲੜਕੀਆਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਨਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਬਠਿੰਡਾ ਵਿਖੇ ਸਿਲਾਈ ਸਿਖਲਾਈ ਸੈਂਟਰਾਂ ਦੇ ਨਾਲ-ਨਾਲ ਹੁਣ ਬਿਊਟੀ ਪਾਰਲਰ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਗਲੀ ਨੰ.5/9, ਜੋਗੀ ਨਗਰ ਵਿਖੇ ਯੂਥ ਵਲੰਟੀਅਰ ਰਮਾ ਬਿੰਦਲ ਦੀ ਰਿਹਾਇਸ਼ ਤੇ ਮੁਫ਼ਤ ‘ਬਿਊਟੀ ਪਾਰਲਰ ਅਤੇ ਸਿਲਾਈ ਸਿਖਲਾਈ’ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਸ਼ੁੱਭ ਉਦਘਾਟਨ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿਤਾ ਨੇ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣਗੀਆਂ ਜਿਸ ਨਾਲ ਘਰ ਦੇ ਆਰਥਿਕ ਹਾਲਾਤ ਸੁਧਰਨਗੇ ਅਤੇ ਉਨ੍ਹਾਂ ਦਾ ਭਵਿੱਖ ਵੀ ਉੱਜਵਲ ਹੋਵੇਗਾ।
ਇਸ ਮੌਕੇ ਯੂਥ ਵਲੰਟੀਅਰ ਅਨੁੂ ਅਤੇ ਸੁਖਵੀਰ ਨੇ ਕਿਹਾ ਕਿ ਸਿਖਲਾਈ ਦੀਆਂ ਕਲਾਸਾਂ ਆਨਲਾਈਨ ਲਗਾਈਆਂ ਜਾਣਗੀਆਂ ਜਦੋਂਕਿ ਪ੍ਰੈਕਟੀਕਲ ਟੇ੍ਰਨਿੰਗ ਸਿਲਾਈ ਟੀਚਰਾਂ ਰਮਾ ਬਿੰਦਲ, ਜਸਵੀਰ ਕੌਰ, ਨੀਸ਼ੂ ਅਰੋੜਾ, ਰਜਿੰਦਰ ਕੌਰ ਅਤੇ ਪਾਰਲਰ ਟੀਚਰ ਕਨੂਪ੍ਰਿਆ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਏਰੀਆ ਇਕਾਈ ਮੈਂਬਰ ਰਮਾ ਬਿੰਦਲ ਨੇ ਦੱਸਿਆ ਕਿ ਇਸ ਸੈਂਟਰ ’ਚ ਲਗਭਗ 15 ਲੜਕੀਆਂ ਨੂੰ ਬਿਊਟੀ ਪਾਰਲਰ ਅਤੇ 20 ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਅੱਜ ਤੋਂ ਹੀ ਸ਼ੁਰੂ ਕੀਤੀ ਜਾ ਰਹੀ ਹੈ, ਉਨ੍ਹਾਂ ਹੋਰ ਸਿਖਲਾਈ ਹਾਸਿਲ ਕਰਨ ਦੀਆਂ ਇੱਛੁਕ ਬੇਰੁਜਗਾਰ ਲੜਕੀਆਂ ਨੂੰ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਮਾਜ ਸੇਵੀ ਅਸ਼ਵਨੀ ਬੰਟੀ, ਯੂਥ ਵਲੰਟੀਅਰਾਂ ਸਪਨਾ, ਅੰਕਿਤਾ, ਕੀਰਤੀ, ਸਿਮਰਨ, ਡੈਲਿਸ਼ਾ ਅਤੇ ਹੋਰ ਵਲੰਟੀਅਰਾਂ ਹਾਜ਼ਰ ਸਨ ਜਿੰਨ੍ਹਾਂ ਲੜਕੀਆਂ ਨੂੰ ਤਨਦੇਹੀ ਨਾਲ ਸਿਖਲਾਈ ਹਾਸਲ ਕਰਕੇ ਆਪਣਾ ਭਵਿੱਖ ਸੁਨਹਿਰਾ ਬਨਾਉਣ ਦੀ ਪ੍ਰੇਰਣਾ ਦਿੱਤੀ।