ਗੜੇਮਾਰੀ ਦੇ ਸ਼ਿਕਾਰ ਹੋਏ ਕਿਸਾਨਾਂ ਦੀ ਜਮੀਨ ਦਾ ਠੇਕਾ ਮੁਆਫ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2026: ਪਿਛਲੇ ਦਿਨੀ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਤੇ ਹੋਈ ਗੜੇਮਾਰੀ ਨੂੰ ਦੇਖਦਿਆਂ ਸੀਨੀਅਰ ਅਕਾਲੀ ਆਗੂ ਗਰਦੌਰ ਸਿੰਘ ਸੰਧੂ ਨੇ ਨਵੇਕਲੀ ਪਹਿਲਕਦਮੀ ਕਰਦਿਆਂ ਆਪਣੀ ਜ਼ਮੀਨ ਦੇ ਠੇਕੇ ਦੇ ਪੈਸਿਆਂ ਵਿਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਕੋਠੇ ਸੰਧਾਵਾ ਦੇ ਵਾਸੀ ਗਿਰਦੌਰ ਸਿੰਘ ਸੰਧੂ ਨੇ ਆਪਣੀ ਕਰੀਬ 30 ਏਕੜ ਜ਼ਮੀਨ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਦਿੱਤੀ ਹੋਈ ਸੀ। ਹਾਲ ਹੀ ਵਿੱਚ ਪਈ ਗੜੇਮਾਰੀ ਕਾਰਨ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਜਿਸ ਨਾਲ ਠੇਕੇਦਾਰ ਕਿਸਾਨ ਨੂੰ ਭਾਰੀ
ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਸਥਿਤੀ ਨੂੰ ਦੇਖਦਿਆਂ ਅਕਾਲੀ ਆਗੂ ਨੇ ਵੱਡਾ ਦਿਲ ਦਿਖਾਉਂਦਿਆਂ ਇਹ ਫੈਸਲਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੇ 30 ਕਿੱਲਿਆਂ ਦੇ ਠੇਕੇ ਵਿੱਚੋਂ ਅੱਧਾ ਠੇਕਾ ਛੱਡ ਰਹੇ ਹਨ, ਤਾਂ ਜੋ ਠੇਕੇਦਾਰ ਕਿਸਾਨ ਨੂੰ ਕੁਝ ਰਾਹਤ ਮਿਲ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਹੱਕ ਦਾ ਪੈਸਾ ਵੀ ਨਹੀਂ ਲੈਣਗੇ ਅਤੇ ਇਸ ਮੁਸ਼ਕਲ ਵੇਲੇ ਵਿੱਚ ਕਿਸਾਨਾਂ ਦਾ ਸਾਥ ਦੇਣਾ ਹਰ ਇੱਕ ਦੀ ਜ਼ਿੰਮੇਵਾਰੀ ਹੈ। ਸੰਧੂ ਨੇ ਕਿਹਾ ਕਿ ਗੜੇਮਾਰੀ ਵਰਗੀ ਕੁਦਰਤੀ ਆਫ਼ਤ ਕਿਸਾਨਾਂ ਲਈ ਵੱਡਾ ਸੰਕਟ ਹੈ, ਜਿਸ ਵਿੱਚ ਕਿਸਾਨ ਦੀ ਸਾਲ ਭਰ ਦੀ ਮਿਹਨਤ ਮਿੰਟਾਂ ਵਿੱਚ ਬਰਬਾਦ ਹੋ ਜਾਂਦੀ ਹੈ। ਅਜਿਹੇ ਸਮੇਂ ਵਿੱਚ ਜ਼ਮੀਨ ਮਾਲਕਾਂ ਨੂੰ ਅੱਗੇ ਆ ਕੇ ਠੇਕੇਦਾਰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਦੁਬਾਰਾ ਖੜ੍ਹੇ ਹੋ ਸਕਣ। ਉਨ੍ਹਾਂ ਨੇ ਹੋਰ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਹਾਲਾਤ 'ਚ ਆਪਣਾ ਹਿੱਸਾ ਪਾਉਣ ਅਤੇ ਕਿਸਾਨਾਂ ਦੀ ਸਹਾਇਤਾ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਾਰੇ ਮਿਲ ਕੇ ਇਕ-ਦੂਜੇ ਦੀ ਮਦਦ ਕਰਨਗੇ ਤਾਂ ਇਸ ਸੰਕਟ ਤੋਂ ਬਾਹਰ ਨਿਕਲਣਾ ਆਸਾਨ ਹੋ ਜਾਵੇਗਾ। ਇਸ ਫੈਸਲੇ ਦੀ ਇਲਾਕੇ ਵਿੱਚ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਵੀ ਇਸ ਤਰ੍ਹਾਂ ਦੇ ਨੁਕਸਾਨਾਂ ਨੂੰ ਦੇਖਦਿਆਂ ਜਲਦੀ ਮੁਆਵਜ਼ਾ ਜਾਰੀ ਕਰੇਗੀ। ਇਸ ਤੋਂ ਪਹਿਲਾਂ ਪਿੰਡ ਲੱਖੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੇ ਗੜੇਮਾਰੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਠੇਕੇਦਾਰ ਕਿਸਾਨ ਨੂੰ ਅੱਧਾ ਠੇਕਾ ਛੱਡਣ ਦਾ ਐਲਾਨ ਕੀਤਾ ਸੀ। ਇਸ ਕਿਸਾਨ ਨੇ ਠੇਕੇਦਾਰ ਤੋਂ 80 ਹਜ਼ਾਰ ਰੁਪਏ ਦੀ ਬਜਾਏ 40 ਹਜ਼ਾਰ ਰੁਪਏ ਪ੍ਰਤੀ ਏਕੜ ਵਸੂਲ ਕੀਤੇ ਸਨ। ਇੱਥੇ ਜ਼ਿਕਰਯੋਗ ਹੈ ਕਿ ਕੋਝੇ ਸੰਧਵਾਂ, ਕੋਠੇ ਚੇਤ ਸਿੰਘ ਵਾਲੇ, ਕੋਠੇ ਲਾਲ ਵਾਲੇ ਅਤੇ ਅਬੂਲੂ ਵਿਚ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਹਾਲਾਤ ਇਹ ਹਨ ਕਿ ਕਿਸਾਨਾਂ ਕੋਲ ਪਸ਼ੂਆਂ ਨੂੰ ਪਾਉਣ ਲਈ ਚਾਰਾ ਤਕ ਨਹੀਂ ਬਚਿਆ। ਜਿਹੜੇ ਖੇਤਾਂ ਵਿਚ ਗੜੇਮਾਰੀ ਹੋਈ ਹੈ, ਉਥੇ ਤੂੜੀ ਬਣਦੀ ਵੀ ਨਜ਼ਰ ਨਹੀਂ ਆ ਰਹੀ।
Click to Follow Babushahi Facebook page →