ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼ ਮੂਨਕ ਦੇ ਨੌਜਵਾਨ ਰਣਜੀਤ ਸਿੰਘ ਵੱਲੋਂ ਲੱਭਿਆ ਪਰਸ ਮਾਲਕ ਹਰਜਿੰਦਰ ਸਿੰਘ ਨੂੰ ਕੀਤਾ ਵਾਪਸ
ਗੁਰਪ੍ਰੀਤ ਸਿੰਘ ਜਖਵਾਲੀ
ਮੂਨਕ 25 ਮਾਰਚ 2026:-ਮੂਨਕ ਦੇ ਨੌਜਵਾਨ ਰਣਜੀਤ ਸਿੰਘ ਨੇ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਮਲੋਟ ਸ਼ਹਿਰ ਵਿੱਚ ਹੋਈ ਮੈਰਾਥਨ ਵਿੱਚ ਹਿੱਸਾ ਲੈਣ ਗਿਆ ਸੀ। ਵਾਪਸੀ ਦੌਰਾਨ ਜਦੋਂ ਉਹ ਤਲਵੰਡੀ ਸਾਬੋ (ਜ਼ਿਲ੍ਹਾ ਬਠਿੰਡਾ) ਵੱਲ ਬੱਸ ਵਿੱਚ ਆ ਰਿਹਾ ਸੀ, ਤਦ ਉਸਨੂੰ ਬੱਸ ਵਿੱਚ ਇੱਕ ਪਰਸ ਮਿਲਿਆ।
ਉਸਨੇ ਪਰਸ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਘਰ ਆ ਕੇ ਉਸ ਵਿੱਚੋਂ ਆਈਡੀ ਪ੍ਰੂਫ ਅਤੇ ਇੱਕ ਸਲਿੱਪ ਦੇ ਆਧਾਰ ’ਤੇ ਮਾਲਕ ਨਾਲ ਸੰਪਰਕ ਕੀਤਾ। ਰਣਜੀਤ ਸਿੰਘ ਨੇ ਤੁਰੰਤ ਫੋਨ ਕਰਕੇ ਮਾਲਕ ਹਰਜਿੰਦਰ ਸਿੰਘ ਨੂੰ ਸੂਚਿਤ ਕੀਤਾ ਕਿ ਉਹਨਾਂ ਦਾ ਪਰਸ ਉਸਨੂੰ ਮਿਲ ਗਿਆ ਹੈ।
ਹਰਜਿੰਦਰ ਸਿੰਘ ਘਰ ਆ ਕੇ ਆਪਣਾ ਪਰਸ ਵਾਪਸ ਪ੍ਰਾਪਤ ਕਰ ਗਿਆ ਅਤੇ ਰਣਜੀਤ ਸਿੰਘ ਦੀ ਇਮਾਨਦਾਰੀ ਦੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੀ ਇਮਾਨਦਾਰੀ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਖਾਸ ਕਰਕੇ ਨੌਜਵਾਨਾਂ ਵਿੱਚ।
ਇਸ ਘਟਨਾ ਨਾਲ ਰਣਜੀਤ ਸਿੰਘ ਨੇ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੱਤਾ ਹੈ ਕਿ ਇਮਾਨਦਾਰੀ ਅਜੇ ਵੀ ਜਿੰਦਾ ਹੈ ਅਤੇ ਨੌਜਵਾਨ ਪੀੜ੍ਹੀ ਇਸਨੂੰ ਅੱਗੇ ਵਧਾ ਰਹੀ ਹੈ।