ਕਲਾਨੌਰ: 24 ਦਿਨਾਂ ਤੋਂ ਲਾਪਤਾ 'ਲਵਲੀ' ਦਾ ਨਹੀਂ ਮਿਲਿਆ ਕੋਈ ਸੁਰਾਗ; ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ/ਕਲਾਨੌਰ, 25 ਮਾਰਚ 2026: ਕਸਬਾ ਕਲਾਨੌਰ ਵਿੱਚ ਵਿਆਹੀ ਲਵਲੀ ਨਾਮਕ ਔਰਤ ਬੀਤੀ 2 ਮਾਰਚ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੈ। ਲਗਭਗ 24 ਦਿਨ ਬੀਤ ਜਾਣ ਦੇ ਬਾਵਜੂਦ ਲੜਕੀ ਦਾ ਕੋਈ ਪਤਾ ਨਾ ਲੱਗਣ ਕਾਰਨ ਉਸ ਦੇ ਪੇਕੇ ਪਰਿਵਾਰ (ਪਿੰਡ ਡੇਢ ਫਤੂਪੁਰ) ਦਾ ਸਬਰ ਟੁੱਟ ਗਿਆ ਹੈ। ਪਰਿਵਾਰ ਨੇ ਹੁਣ ਸਹੁਰੇ ਪਰਿਵਾਰ 'ਤੇ ਲੜਕੀ ਨੂੰ ਗਾਇਬ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ, ਜਦਕਿ ਸਹੁਰੇ ਪੱਖ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਲੜਕੀ ਦੀ ਮਾਂ ਆਸ਼ਾ ਰਾਣੀ ਅਤੇ ਭਰਾ ਹਰੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ਲਵਲੀ ਦਾ ਵਿਆਹ ਦੋ ਦਹਾਕੇ ਪਹਿਲਾਂ ਕਲਾਨੌਰ ਦੇ ਰਜੇਸ਼ ਵਰਮਾ ਉਰਫ਼ ਰੋਮੀ ਨਾਲ ਹੋਇਆ ਸੀ। ਪਰਿਵਾਰ ਅਨੁਸਾਰ ਲਵਲੀ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ 'ਤੇ ਫ਼ੋਨ ਜਾਂ ਟੀਵੀ ਵਰਤਣ ਵਰਗੀਆਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ।
ਉਨ੍ਹਾਂ ਨੂੰ ਸ਼ੱਕ ਹੈ ਕਿ ਸਹੁਰੇ ਪਰਿਵਾਰ ਨੇ ਲਵਲੀ ਨੂੰ ਖ਼ੁਦ ਗਾਇਬ ਕੀਤਾ ਹੈ ਅਤੇ ਪੁਲਿਸ ਨੂੰ ਗੁਮਸ਼ੁਦਗੀ ਦੀ ਰਿਪੋਰਟ ਸਿਰਫ਼ ਦਿਖਾਵੇ ਲਈ ਦਿੱਤੀ ਗਈ ਹੈ। ਦੂਜੇ ਪਾਸੇ ਲੜਕੀ ਦੇ ਜੇਠ ਡਿੰਪਲ ਵਰਮਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਅਨੁਸਾਰ ਲਵਲੀ ਨੂੰ ਵਹਿਮ ਹੋ ਗਿਆ ਸੀ ਕਿ ਉਸ ਨੂੰ ਕੋਈ ਗੰਭੀਰ ਬਿਮਾਰੀ ਹੈ। ਹਾਲਾਂਕਿ ਸਾਰੇ ਟੈਸਟ ਅਤੇ ਰਿਪੋਰਟਾਂ ਨਾਰਮਲ ਆਈਆਂ ਸਨ, ਪਰ ਉਹ ਲਗਾਤਾਰ ਟੈਂਸ਼ਨ ਵਿੱਚ ਰਹਿ ਰਹੀ ਸੀ।
2 ਮਾਰਚ ਨੂੰ ਜਦੋਂ ਘਰ ਵਿੱਚ ਕੋਈ ਨਹੀਂ ਸੀ, ਉਹ ਗੁਆਂਢੀਆਂ ਨੂੰ ਘਰ ਦੀ ਚਾਬੀ ਫੜਾ ਕੇ ਖ਼ੁਦ ਕਿਤੇ ਚਲੀ ਗਈ। ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖ਼ੁਦ ਕਲਾਨੌਰ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਅਤੇ ਉਹ ਵੀ ਦਿਨ-ਰਾਤ ਉਸਦੀ ਭਾਲ ਕਰ ਰਹੇ ਹਨ। ਕਲਾਨੌਰ ਪੁਲਿਸ ਕੋਲ ਮਾਮਲਾ ਪਹਿਲਾਂ ਹੀ ਦਰਜ ਹੈ। ਪੇਕੇ ਪਰਿਵਾਰ ਦੀਆਂ ਮੰਗਾਂ ਅਤੇ ਸਹੁਰੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਹੁਣ ਇਸ ਗੁੰਝਲਦਾਰ ਮਾਮਲੇ ਦੀ ਜਾਂਚ ਕਰ ਰਹੀ ਹੈ।
Click to Follow Babushahi Facebook page →