ਟੀ.ਬੀ. ਦੀ ਬਿਮਾਰੀ ਇਲਾਜਯੋਗ, ਜਾਗਰੂਕਤਾ ਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਰੋਕਥਾਮ ਸੰਭਵ : ਡਾ ਸਤਵਿੰਦਰਪਾਲ ਸਿੰਘ
- ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਵਿਸ਼ਵ ਟੀ.ਬੀ. ਦਿਵਸ ਮਨਾਇਆ, ਜਾਗਰੂਕਤਾ ਵਧਾਉਣ ਲਈ ਰੈਲੀ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 25 ਮਾਰਚ 2026: ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਬੁੱਧਵਾਰ ਨੂੰ ਵਿਸ਼ਵ ਤਪਦਿਕ (ਟੀ.ਬੀ.) ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਟੀ.ਬੀ. ਦਿਵਸ ਦਾ ਥੀਮ “ਹਾਂ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ!” ਰੱਖਿਆ ਗਿਆ ਹੈ, ਜੋ ਸਮੂਹਿਕ ਯਤਨਾਂ ਰਾਹੀਂ ਟੀ.ਬੀ. ਦੇ ਖਾਤਮੇ ਦੀ ਪ੍ਰੇਰਣਾ ਦਿੰਦਾ ਹੈ।
ਇਸ ਮੌਕੇ ਡਾ. ਸਤਵਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਟੀ.ਬੀ. ਇੱਕ ਸੰਕਰਾਮਕ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਸਮੇਂ ‘ਤੇ ਪਛਾਣ ਅਤੇ ਠੀਕ ਇਲਾਜ ਨਾਲ ਇਸ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਦਾ ਇਲਾਜ ਮੁਫ਼ਤ ਉਪਲਬਧ ਹੈ ਅਤੇ ਮਰੀਜ਼ਾਂ ਨੂੰ ਨਿਯਮਿਤ ਅਤੇ ਪੂਰਾ ਇਲਾਜ ਲੈਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਲਗਾਤਾਰ ਖੰਘ, ਬੁਖਾਰ, ਵਜ਼ਨ ਘਟਣਾ ਜਾਂ ਰਾਤ ਸਮੇਂ ਪਸੀਨਾ ਆਉਣ ਵਰਗੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ‘ਤੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਨਾਲ ਟੀ.ਬੀ. ਨੂੰ ਸਮਾਜ ਤੋਂ ਖਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਕਿਸ਼ਨ ਰਾਏ ਨੇ ਇਸ ਬਿਮਾਰੀ ਸਬੰਧੀ ਸਮਾਜ ਵਿੱਚ ਫੈਲੀ ਦਹਿਸ਼ਤ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਟੀ.ਬੀ ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਤਹਿਤ ਪੰਜਾਬ ਵਿੱਚੋਂ ਟੀ.ਬੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਟੀ.ਬੀ ਦੇ ਖਾਤਮੇ ਲਈ ਕਿਸੇ ਵੀ ਪੱਧਰ ’ਤੇ ਯੋਗਦਾਨ ਪਾਉਣ ਦਾ ਅਹਿਦ ਲੈਣ ਦੀ ਅਪੀਲ ਕੀਤੀ।
ਇਸ ਦੌਰਾਨ ਨਰਸਿੰਗ ਵਿਦਿਆਰਥਣਾਂ ਵੱਲੋਂ ਲੋਕਾਂ ਨੂੰ ਟੀ.ਬੀ. ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਆਯੋਜਿਤ ਕਰਵਾਈ ਗਈ ਅਤੇ ਮਰੀਜ਼ਾਂ ਨੂੰ ਇਲਾਜ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਫਾਰਮੇਸੀ ਅਫਸਰ ਪਰਮਵੀਰ ਪ੍ਰਿੰਸ, ਰੁਪਿੰਦਰ ਸਿੰਘ, ਵਿਕਾਸ ਅਗਰਵਾਲ, ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।