ਚੰਡੀਗੜ੍ਹ ਵਿਖੇ ਟੈਟ ਦੇ ਵਿਰੋਧ ਵਿੱਚ ਹੋਈ ਰੈਲੀ ਤੇ ਸਰਕਾਰ ਵੱਲੋਂ ਅਧਿਆਪਕਾਂ ਤੇ ਕੀਤਾ ਲਾਠੀਚਾਰਜ ਨਿੰਦਣਯੋਗ ਘਟਨਾ-ਮਾਨ
"ਪੰਜਾਬ ਸਰਕਾਰ ਟੈਟ ਦੀ ਸ਼ਰਤ ਤੁਰੰਤ ਵਾਪਸ ਲਵੇ"- ਸੰਹੂਗੜਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਮਾਰਚ 2026
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਿਕ ਵੇਰਕਾ ਬੂਥ ਦੇ ਸਾਹਮਣੇ ਚੰਡੀਗੜ੍ਹ ਰੋਡ ਵਿਖੇ ਹੋਈ। ਮੀਟਿੰਗ ਸੰਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕਿਹਾ ਕਿ ਬੀਤੇ ਦਿਨੀਂ ਟੈਟ ਦੀ ਸ਼ਰਤ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਚੱਲਦੇ ਵਿਧਾਨ ਸਭਾ ਇਜਲਾਸ ਦੌਰਾਨ ਵਿਸ਼ੇਸ਼ ਆਰਡੀਨੈਂਸ ਲਿਆਉਣ ਦੀ ਮੰਗ ਨੂੰ ਸਰਕਾਰ ਵਲੋਂ ਅਣਗੋਲਿਆ ਕਰਨ ਦੇ ਰੋਸ ਕਾਰਨ ਅਧਿਆਪਕ ਜਥੇਬੰਦੀਆਂ ਵਿਧਾਨ ਸਭਾ ਵੱਲ ਨੂੰ ਕੂਚ ਕਰ ਰਹੀਆਂ ਸਨ, ਜਿਸ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਕੀਤੇ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਜਬਰੀ ਟੈਟ ਥੋਪ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੋਈ ਵੀ ਅਧਿਆਪਕ ਭਰਤੀ ਤਾਂ ਹੀ ਹੁੰਦਾ ਹੈ,ਜੇਕਰ ਉਹ ਸਰਕਾਰ ਵਲੋਂ ਭਰਤੀਨਿਯਮਾਂ ਨੂੰ ਪੂਰਾ ਕਰਦਾ ਹੈ। ਜੋ ਕਿ ਸਰਕਾਰ ਵੱਲੋਂ ਪਹਿਲਾਂ ਹੀ ਤੈਅ ਕੀਤੇ ਹੁੰਦੇ ਹਨ। ਉਹਨਾਂ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਤੇ ਟੈਟ ਦੀ ਸ਼ਰਤ ਤਰਕ ਸੰਗਤ ਨਹੀਂ ਹੈ। ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਟੈਟ ਦੀ ਆੜ ਵਿੱਚ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀ ਐੱਡ ਅਧਿਆਪਕ ਫਰੰਟ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਨਾਲ ਅਧਿਆਪਕਾਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ । ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਹੀ ਟੈਟ ਦੀ ਸ਼ਰਤ ਵਾਪਸ ਲਵੇ, ਨਹੀ ਤਾਂ ਹੋਰ ਵੀ ਤਿੱਖਾ ਸੰਘਰਸ਼ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਬਲਜਿੰਦਰ ਵਿਰਕ, ਸ਼ਤੀਸ ਨਵਾਂ ਗਰਾਂ, ਸੁਰਿੰਦਰ ਛੂਛੇਵਾਲ, ਪਵਨ ਕੁਮਾਰ ਨਵਾਂ ਸ਼ਹਿਰ, ਪਰਗਟ ਸਿੰਘ ਕਾਨੂੰਗੋ, ਰਾਜ ਕੁਮਾਰ ਜੰਡੀ, ਜਸਵੰਤ ਸਿੰਘ ਫੌਜੀ ਆਦਿ ਤੋਂ ਬਿਨਾਂ ਹੋਰ ਵੀ ਸਾਥੀ ਹਾਜ਼ਰ ਸਨ।