ਸਰਕਾਰੀ ਕਾਲਜ ਗੁਰਦਾਸਪੁਰ ਵਿਖੇ “ਸਾਡਾ ਬਜ਼ੁਰਗ-ਸਾਡਾ ਮਾਣ” ਵਿਸ਼ੇ ’ਤੇ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ, 26 ਫਰਵਰੀ
ਸਰਕਾਰੀ ਕਾਲਜ ਗੁਰਦਾਸਪੁਰ ਵਿਖੇ “ਸਾਡਾ ਬਜ਼ੁਰਗ, ਸਾਡਾ ਮਾਣ” ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਇੰਪਾਵਰਮੈਂਟ ਮੰਤਰਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਵਿੱਚ ਲਗਭਗ 560 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸਮਾਰੋਹ ਦੇ ਨੋਡਲ ਅਫ਼ਸਰ ਪ੍ਰੋਫੈਸਰ ਦਿਲਬਾਗ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਵਿਸ਼ੇ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦਾ ਸਤਿਕਾਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਹਿੱਸਾ ਹੈ।
ਮੁੱਖ ਵਕਤਾ ਡਾ. ਕਿਰਤਪ੍ਰੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਮੋਲਕ ਧਰੋਹਰ ਹਨ। ਉਨ੍ਹਾਂ ਨੇ ਬਜ਼ੁਰਗਾਂ ਲਈ ਚਲ ਰਹੀਆਂ ਸਰਕਾਰੀ ਭਲਾਈ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਬਜ਼ੁਰਗਾਂ ਦੀ ਸੰਭਾਲ ਨੂੰ ਸਨਮਾਨ ਸਮਝਣ।
ਟੈਕਨੀਕਲ ਵਕਤਾ ਐਡਵੋਕੇਟ ਲਖਵਿੰਦਰ ਸਿੰਘ ਭੋਗਲ ਨੇ “Maintenance and Welfare of Parents and Senior Citizens Act, 2007” ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਬਜ਼ੁਰਗਾਂ ਨਾਲ ਦੁਰਵਿਵਹਾਰ ਕਾਨੂੰਨੀ ਤੌਰ ’ਤੇ ਦੰਡਨੀਯ ਅਪਰਾਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ “ਸਾਡਾ ਬਜ਼ੁਰਗ-ਸਾਡਾ ਮਾਣ” ਦੀ ਸਹੁੰ ਵੀ ਚੁਕਾਈ ਗਈ।
ਪ੍ਰਿੰਸੀਪਲ ਪ੍ਰੋ. ਅਸ਼ਵਨੀ ਕੁਮਾਰ ਭੱਲਾ ਨੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਸਮਾਜ ਦੀ ਪਛਾਣ ਉਸਦੇ ਬਜ਼ੁਰਗਾਂ ਦੇ ਸਨਮਾਨ ਨਾਲ ਹੁੰਦੀ ਹੈ ਅਤੇ ਕਾਲਜ ਹਮੇਸ਼ਾਂ ਸਮਾਜਿਕ ਜਾਗਰੂਕਤਾ ਨਾਲ ਜੁੜੇ ਅਜਿਹੇ ਕਾਰਜਕ੍ਰਮ ਕਰਵਾਉਂਦਾ ਰਹੇਗਾ।
ਸੈਮੀਨਾਰ ਦੇ ਅੰਤ ਵਿੱਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਸਮਾਗਮ ਉਪਰੰਤ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।