ਡੀਆਈਜੀ ਸੰਦੀਪ ਗੋਇਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਦੀਆਂ ਕਾਂਡ ਦੇ ਦੋਸ਼ੀ ਨੂੰ ਢੇਰ ਕਰਨ ਦਾ ਕੀਤਾ ਖੁਲਾਸਾ
ਇੱਕ ਹੋਰ ਮੁਜਰਮ ਨੂੰ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ ਅਤੇ ਭਗੋੜੇ ਦੀ ਭਾਲ ਵਿੱਚ ਲੱਗੀ ਹੋਈ ਹੈ ਪੁਲਿਸ
ਸਰਹੱਡੀ ਖ਼ੇਤਰ ਦੀ ਸੁਰੱਖਿਆ ਪੁਲਿਸ ਕਾਰਗੁਜ਼ਾਰੀ ਉੱਤੇ ਪ੍ਰੈਸ ਕਾਨਫਰੰਸ ਵਿੱਚ ਹੋਏ ਅਹਿਮ ਅਤੇ ਤਿੱਖੇ ਸਵਾਲ
ਰੋਹਿਤ ਗੁਪਤਾ
ਗੁਰਦਾਸਪੁਰ 25 ਫਰਵਰੀ 2026- ਬੀਤੀ 22 ਫਰਵਰੀ ਨੂੰ ਜਿਲਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਦੇ ਦਰਾਂਗਲਾ ਥਾਣਾ ਅਧੀਨ ਪੈਂਦੇ ਪਿੰਡ ਆਦੀਆਂ ਵਿੱਚ ਇੱਕ ਪੁਲਿਸ ਚੌਂਕੀ ਅੰਦਰ ਡਿਊਟੀ ਦੇ ਰਹੇ ਇੱਕ ਏਐਸਆਈ ਅਤੇ ਇੱਕ ਹੋਮ ਗਾਰਡ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਲਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਵਿੱਚ ਲੜੀਦੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਅਤੇ ਪੁਲਿਸ ਮੁਕਾਬਲੇ ਵਿੱਚ ਢੇਰ ਕਰਨ ਤੋਂ ਇਲਾਵਾ ਇੱਕ ਭਗੋੜੇ ਦੀ ਭਾਲ ਦਾ ਦਾਅਵਾ ਕੀਤਾ ਗਿਆ ਹੈ।
ਗੁਰਦਾਸਪੁਰ ਵਿੱਚ ਡੀਆਈਜੀ ਸੰਦੀਪ ਗੋਇਲ ਵੱਲੋਂ ਪੱਤਰਕਾਰਾਂ ਨਾਲ ਅਤੇ ਹੋਰ ਪੁਲਿਸ ਅਫਸਰਾਂ ਦੀ ਹਾਜ਼ਰੀ ਵਿੱਚ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਪਿੰਡ ਆਧੀਆਂ ਦੇ ਦੋ ਨੌਜਵਾਨ ਸ਼ਾਮਿਲ ਸਨ ਅਤੇ ਇੱਕ ਨੌਜਵਾਨ ਹੋਰ ਨੇੜਲੇ ਸਰਹੱਦੀ ਪਿੰਡ ਦਾ ਵਾਸੀ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਹਨਾਂ ਵਿੱਚ ਇੰਦਰਜੀਤ ਸਿੰਘ ਰਣਜੀਤ ਸਿੰਘ ਅਤੇ ਦਿਲਾਵਰ ਸਿੰਘ ਮੁੱਖ ਤੌਰ ਤੇ ਸ਼ਾਮਿਲ ਸਨ ਜਿਨਾਂ ਵਿੱਚੋਂ ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਪਿੰਡ ਆਧੀਆਂ ਨੂੰ ਦਿਲਾਵਰ ਸਿੰਘ ਪਿੰਡ ਆਲੀ ਨੰਗਲ ਸਮੇਤ ਵਾਰਦਾਤ ਕਰਨ ਲਈ ਦੋਸ਼ੀ ਪਾਇਆ ਗਿਆ ਹੈ।
ਉਹਨਾਂ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਅਤੇ ਬਟਾਲਾ ਪੁਲਿਸ ਤੋਂ ਇਲਾਵਾ ਏਜੀ ਟੀਐਫ ਡੀ ਟੀਮ ਵੱਲੋਂ ਸਾਂਝੇ ਆਪਰੇਸ਼ਨ ਵਿੱਚ ਦੋ ਮੁਲਜ਼ਮਾਂ ਰਣਜੀਤ ਸਿੰਘ ਅਤੇ ਦਿਲਾਵਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ ਉਹਨਾਂ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਰਣਜੀਤ ਸਿੰਘ ਵੱਲੋਂ ਲੁਕਾ ਕੇ ਰੱਖਿਆ ਹੋਇਆ ਅਸਲਾ ਬਰਾਮਦੀ ਲਈ ਦਰਾਂਗਲਾ ਦੀ ਪੁਲਿਸ ਜਾ ਰਹੀ ਸੀ ਰਸਤੇ ਵਿੱਚ ਐਸਐਚਓ ਦੀ ਗੱਡੀ ਦਾ ਹਾਦਸਾ ਹੋਣ ਕਾਰਨ ਰਣਜੀਤ ਸਿੰਘ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਿਆ ਸੀ ਪੁਲਿਸ ਵੱਲੋਂ ਇਸ ਲਈ ਪੂਰੇ ਜਿਲ੍ੇ ਵਿੱਚ ਤਗੜੀ ਨਾਕਾਬੰਦੀ ਕੀਤੀ ਹੋਈ ਸੀ ਜਦੋਂ 25 ਫਰਵਰੀ ਦੀ ਸਵੇਰ ਨੂੰ ਸੀਆਈਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਵੱਲੋਂ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਬਹਾਦਰ ਨੁਸ਼ਿਹਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ, ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਨੂੰ ਮੂੰਹ ਹਨੇਰੇ ਵਿੱਚ ਰੋਕਣ ਲਈ ਇਸ਼ਾਰਾ ਕੀਤਾ ਗਿਆ ਤਾਂ ਉਸ ਨੌਜਵਾਨ ਨੇ ਮੋਟਰਸਾਈਕਲ ਪਿਛਾਹ ਨੂੰ ਮੋੜ ਲਿਆ ਅਤੇ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ CIA ਸਟਾਫ ਦੇ ਇੰਚਾਰਜ ਗੁਰਮੀਤ ਸਿੰਘ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਗੋਲੀਆਂ ਲੱਗੀਆਂ ਪਰ ਗੁਰਮੀਤ ਸਿੰਘ ਦੀ ਬਾਂਹ ਵਿੱਚ ਗੋਲੀ ਦਾ ਜਖਮ ਹੈ ਪਰ ਦੂਸਰਾ ਮੁਲਾਜ਼ਮ ਬੁਲਟ ਪਰੂਫ ਜੈਕਟ ਕਾਰਨ ਬਚਣ ਵਿੱਚ ਕਾਮਯਾਬ ਰਿਹਾ। ਉਹਨਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਰਣਜੀਤ ਸਿੰਘ ਦਵੱਲੀ ਫਾਇਰਿੰਗ ਵਿੱਚ ਮਾਰਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹਨਾਂ ਮੁਲਜ਼ਮਾਂ ਦਾ ਪਾਕਿਸਤਾਨ ਦੀ ਬਦਨਾਮ ਤਜੀਮ ਆਈਐਸਆਈ ਨਾਲ ਸੰਬੰਧਿਤ ਲੋਕਾਂ ਨਾਲ ਸੰਬੰਧ ਸੀ ਅਤੇ ਕੁਝ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਵਿੱਚ ਇਹਨਾਂ ਨੇ ਇਸ ਘਟਨਾ ਨੂੰ ਸਿਰੇ ਚਾੜਿਆ ਸੀ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਤੀਸਰੇ ਮੁਲਜ਼ਮ ਇੰਦਰਜੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚ ਰਣਜੀਤ ਸਿੰਘ ਦਿਲਾਵਰ ਸਿੰਘ ਨਾਲ ਇੰਦਰਜੀਤ ਸਿੰਘ ਇਸ ਵਾਰਦਾਤ ਦੌਰਾਨ ਹੀ ਇਹਨਾਂ ਦੋਨਾਂ ਨੌਜਵਾਨਾਂ ਨਾਲ ਰਲਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵੱਲੋਂ ਸਰਹੱਦੀ ਖੇਤਰ ਵਿੱਚ ਪੁਲਿਸ ਦੀ ਲਾਪਰਵਾਹੀ ਅਤੇ ਸਰਕਾਰ ਵੱਲੋਂ ਪੁਲਿਸ ਦੀਆਂ ਪੋਸਟਾਂ ਪ੍ਰਤੀ ਪੂਰੀ ਸੁਰੱਖਿਆ ਨਾ ਵਰਤੇ ਜਾਣ ਦੇ ਸਵਾਲ ਕੀਤੇ ਇਸ ਤੋਂ ਇਲਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਐਮਪੀ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਕੀਤੇ ਗਏ ਸਵਾਲਾਂ ਬਾਰੇ ਵੀ ਪ੍ਰੈਸ ਕਾਨਫਰੰਸ ਦੇ ਮੁੱਖ ਬੁਲਾਰੇ ਅਫਸਰ ਸੰਦੀਪ ਗੋਇਲ ਨੂੰ ਸਵਾਲ ਕੀਤੇ ਗਏ ਪਰ ਉਹਨਾਂ ਨੇ ਇਹਨਾਂ ਸਵਾਲਾਂ ਉੱਤੇ ਕੁਝ ਖਾਸ ਪ੍ਰਤੀਕਿਰਿਆ ਨਹੀਂ ਕੀਤੀ ਬਸ ਇੰਨਾ ਹੀ ਕਿਹਾ ਕਿ ਪੁਲਿਸ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੀ ਹੈ।
ਇੱਥੇ ਵੀ ਗੌਰਤਲਬ ਹੈ ਕਿ ਬੀਤੇ ਸਮੇਂ ਵਿੱਚ ਵੀ ਪਠਾਣਕੋਟ ਦੀਨਾ ਨਗਰ ਅਤੇ ਭਾਰਤੀ ਸਰਹੱਦ ਲਾਗੇ ਅਜਿਹੇ ਹਮਲੇ ਪੰਜਾਬ ਪੁਲਿਸ ਉੱਤੇ ਅਤੇ ਫੌਜੀ ਜਵਾਨਾਂ ਉੱਤੇ ਹੋ ਚੁੱਕੇ ਹਨ ਇਸ ਲਈ ਇਸ ਸਰਹੱਦੀ ਖੇਤਰ ਵਿੱਚ ਪੁਲਿਸ ਅਤੇ ਬੀਐਸਐਫ ਤੋਂ ਇਲਾਵਾ ਫੌਜ ਦੀ ਹੋਰ ਚੌਕਸੀ ਵਧਾਉਣ ਦੀ ਵੀ ਲੋੜ ਸਮਝੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਨਾਲ ਚਲਦੀ ਅਣਕਿਆਸੀ ਜੰਗ ਦਾ ਤਸੱਲੀ ਨਾਲ ਮੁਕਾਬਲਾ ਕੀਤਾ ਜਾ ਸਕੇ। ਪੁਲਿਸ ਵੱਲੋਂ ਦੱਸੇ ਗਏ ਇਸ ਪੁਲਿਸ ਮੁਕਾਬਲੇ ਬਾਰੇ ਆਮ ਲੋਕਾਂ ਵਿੱਚ ਵੀ ਕਈ ਤਰ੍ਹਾਂ ਦੀ ਚਰਚਾ ਪਾਈ ਜਾ ਰਹੀ ਹੈ। ਇੱਥੇ ਇਹ ਅਹਿਮ ਹੋਵੇਗਾ ਕਿ ਜਿਹੜਾ ਨੌਜਵਾਨ ਇਸ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਉਸ ਦੇ ਪਰਿਵਾਰ ਵੱਲੋਂ ਉਸ ਨੌਜਵਾਨ ਦੀਆਂ ਹਰਕਤਾਂ ਅਤੇ ਗ੍ਰਿਫਤਾਰੀ ਬਾਰੇ ਕੀ ਖੁਲਾਸੇ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਗ੍ਰਿਫਤਾਰ ਜਾਂ ਨਾਮਜਦ ਕੀਤੇ ਗਏ ਹਨ ਉਹਨਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਸਮੇਂ ਨਾਲ ਹੀ ਸਾਹਮਣੇ ਆ ਸਕੇਗੀ।
Click to Follow Babushahi Facebook page →