ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਗ ਦਾਨ ਕਰਨ ਦਾ ਪ੍ਰਣ ।
ਅਸ਼ੋਕ ਵਰਮਾ
ਬਠਿੰਡਾ, 20 ਨਵੰਬਰ 2025 :ਪੰਜਾਬ ਸਰਕਾਰ ਅਤੇ ਡਾਕਟਰ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਸਿਵਲ ਸਰਜਨ ਵਿਖੇ ਅੰਗ ਦਾਨ ਸਬੰਧੀ ਪ੍ਰਣ ਲਿਆ ਗਿਆ । ਇਸ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ,ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਜਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਡਾ ਕਰਨ ਅਬਰੋਲ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ ਅਤੇ ਐਸ.ਆਈ ਬੂਟਾ ਸਿੰਘ ਹਾਜ਼ਰ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਹੀਦੀ ਪੁਰਬ ਜੋ ਕਿ 25 ਨਵੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਬੰਧੀ ਸਰਕਾਰ ਵੱਲੋਂ ਮਿਤੀ 25 ਨਵੰਬਰ 2025 ਨੂੰ ਸਟੇਟ ਵਾਈਜ ਆਰਗਨ ਦਾਨ ਪ੍ਰਣ ਲੈਣ ਸਬੰਧੀ ਫੈਸਲਾ ਲਿਆ ਹੈ । ਇਸ ਸਬੰਧੀ ਜਿਲ੍ਹੇ ਵਿੱਚ ਮਿਤੀ 19 ਨਵੰਬਰ ਤੋਂ 29 ਨਵੰਬਰ 2025 ਤੱਕ ਅੰਗ ਦਾਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ ।ਉਹਨਾਂ ਦੱਸਿਆ ਕਿ ਅੰਗ ਦਾਨ ਪ੍ਰਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗ ਦਾਨ ਕਰਨ ਲਈ ਪ੍ਰੇਰਨਾ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਹੈ। ਤਾਂ ਕਿ ਉਹਨਾਂ ਦੇ ਕੀਤੇ ਅੰਗ ਦਾਨ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਜਿਉਂਦੇ ਮਰੀਜ਼ ਦੀ ਜਿੰਦਗੀ ਬਚਾਉਣ ਲਈ ਕਿਸੇ ਜਿਉਂਦੇ ਜਾਂ ਦਿਮਾਗੀ ਮ੍ਰਿਤਕ ਵਿਅਕਤੀ ਦੇ ਆਪਣੇ ਸਰੀਰ ਦੇ ਅੰਗ ਜਾਂ ਤੰਤੂ ਦਾਨ ਕਰਨ ਨੂੰ ਅੰਗ ਦਾਨ ਕਿਹਾ ਜਾਂਦਾ ਹੈ। ਅੰਗ ਦਾਨ ਦੇ ਇਛੁੱਕ ਲੋਕ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਦੇ ਅੰਗ ਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਸਬੰਧੀ ਫਾਰਮ ਭਰ ਸਕਦੇ ਹਨ। 18 ਤੋਂ 70—80 ਸਾਲ ਦਾ ਕੋਈ ਵੀ ਸਿਹਤਮੰਦ ਵਿਅਕਤੀ ਆਪਣੇ ਅੰਗ ਦਾਨ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਜਦੋਂ ਮੈਡੀਕਲ ਮਾਹਿਰਾਂ ਦੇ ਬੋਰਡ ਦੁਆਰਾ ਸਾਡਾ ਦਿਮਾਗ/ਦਿਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਸਾਡੇ ਸਰੀਰ ਦੇ ਬਾਕੀ ਅੰਗ ਜੀਵਤ ਰਹਿੰਦੇ ਹਨ। ਅਸੀਂ ਇਨ੍ਹਾਂ ਅੰਗਾਂ ਨੂੰ ਕਿਸੇ ਹੋਰ ਦੀ ਜਾਨ ਬਚਾਉਣ ਲਈ ਦਾਨ ਕਰ ਸਕਦੇ ਹਾਂ। ਇਸ ਲਈ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਸਾਨੂੰ ਆਪਣੇ ਅੰਗ ਦਾਨ ਕਰਨ ਲਈ ਪ੍ਰਣ ਕਰਕੇ ਫਾਰਮ ਭਰਨੇ ਚਾਹੀਦੇ ਹਨ। ਜੇਕਰ ਅਸੀਂ ਇਹ ਅੰਗ ਦਾਨ ਕਰਨ ਲਈ ਸਹਿਮਤ ਹੁੰਦੇ ਹਾਂ ਤਾਂ ਸਾਡੇ ਘਰ ਦੇ ਕਿਸੇ ਮੈਂਬਰ ਨੂੰ ਇਸ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਮੌਕੇ ਤੇ ਸਿਹਤ ਸੰਸਥਾ ਜਾਂ ਲੋੜਵੰਦ ਨੂੰ ਸੂਚਿਤ ਕਰ ਸਕਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅੰਗ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦਾ ਹੈ।