ਇਨਕਲਾਬੀ ਕੇਂਦਰ ਵੱਲੋਂ ਮਾਓਵਾਦੀਆਂ ਨੂੰ ਪੁਲਿਸ ਮੁਕਾਬਲਿਆਂ ਦੇ ਨਾਂ ਹੇਠ ਮਾਰ ਮੁਕਾਉਣ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ,20 ਨਵੰਬਰ 2025 : ਇਨਕਲਾਬੀ ਕੇਂਦਰ ਪੰਜਾਬ ਨੇ ਛੱਤੀਸਗੜ੍ਹ, ਆਂਧਰਾ ਸਰਹੱਦ ਉੱਪਰ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸਕੱਤਰ ਤ੍ਰਿਪਤੀ (ਦੇਵ ਜੀ), ਕੇਂਦਰੀ ਕਮੇਟੀ ਮੈਂਬਰ ਮਾਧਵੀ ਹਿੜਮਾ ਸਮੇਤ ਕੇਂਦਰੀ ਕਮੇਟੀ ਮੈਂਬਰਾਂ ਨੂੰ ਪੁਲਿਸ ਮੁਕਾਬਲਿਆਂ ਦੇ ਨਾਂ ਥੱਲੇ ਮਾਰਨ ਨੂੰ ਮੋਦੀ ਹਕੂਮਤ ਖਾਸ ਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੀ ਸਭ ਤੋਂ ਅਹਿਮ ਪ੍ਰਾਪਤੀ ਕਰਾਰ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਜਪਾ-ਸੰਘ ਸਰਕਾਰ ਦੀ ਆਦਿਵਾਸੀ ਇਲਾਕਿਆਂ ਵਿੱਚ ਜੀਵਨ ਸੋਮੇ-ਜਲ, ਜੰਗਲ਼, ਜ਼ਮੀਨ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ gv/ਮਾਓਵਾਦੀਆਂ ਨੂੰ ਮਾਰ ਕੇ ਮੁਕਾਉਣ ਦੀ ਨੀਤੀ ਕਾਨੂੰਨ ਦੇ ਰਾਜ ਅਤੇ ਦੁਨੀਆਂ ਦੀ ਵੱਡੀ ਜਮਹੂਰੀਅਤ ਹੋਣ ਦੇ ਦਾਅਵੇ ਦੇ ਝੂਠ ਨੂੰ ਬੇਪਰਦ ਕਰਦੀ ਹੈ ਕਿ ਵਰਦੀਧਾਰੀ ਦਹਿਸ਼ਤ ਕਿੰਨੀ ਖ਼ਤਰਨਾਕ ਹੋ ਸਕਦੀ ਹੈ ਅਤੇ ਇਸਦੇ ਸਿੱਟੇ ਕਿੰਨੇ ਭਿਆਨਕ ਹਨ।
ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮਾਓਵਾਦੀਆਂ ਅਤੇ ਆਦਿਵਾਸੀਆਂ ਉੱਪਰ ਢਾਹਿਆ ਜਾ ਰਿਹਾ ਜ਼ੁਲਮ ਇਸਦਾ ਪ੍ਰਤੱਖ ਪ੍ਰਮਾਣ ਹੈ। ਅਦਾਲਤੀ ਪ੍ਰਬੰਧ ਵੀ ਮੌਨ ਰਹਿਕੇ ਹਕੂਮਤ ਦੇ ਜਾਬਰ ਹੱਲੇ ਨੂੰ ਜਾਇਜ਼ ਠਹਿਰਾ ਰਿਹਾ ਹੈ। ਭਾਜਪਾ-ਸੰਘ ਦੀ ਅਗਵਾਈ ਵਾਲੀ ਮੋਦੀ-ਸਾਹ ਹਕੂਮਤ ਅਜਿਹਾ ਸਾਰਾ ਅਮਲ ਦੇਸ਼ ਖਾਸ ਕਰ ਲੱਖਾਂ ਲੱਖਾਂ ਆਦਿਵਾਸੀ/ਕਬਾਇਲੀ ਲੋਕਾਂ ਦੇ ਜੀਵਨ ਬਸਰ ਦੇ ਸਾਧਨਾਂ ਨੂੰ ਅਡਾਨੀ/ਅੰਬਾਨੀ ਜਿਹੇ ਦੇਸ਼ੀ ਬਦੇਸੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਕਰ ਰਹੀ ਹੈ। ਇਸ ਹਕੂਮਤ ਦੇ ਰਾਜ ਵਿੱਚ ਪੱਤਰਕਾਰਾਂ, ਲੇਖਕਾਂ, ਸਿਆਸੀ ਕਾਰਕੁੰਨਾਂ (ਖਾਸ ਕਰ ਮੁਸਲਿਮ ਭਾਈਚਾਰੇ ਨਾਲ ਸਬੰਧਿਤ) ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਸਿਆਸੀ ਕਾਰਕੁੰਨਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਲਾਂਬੱਧੀ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਮੰਗ ਕੀਤੀ ਹੈ ਕਿ ਝੂਠੇ ਪੁਲਿਸ ਮੁਕਾਬਲੇ ਬੰਦ ਕੀਤੇ ਜਾਣ। ਹਿਰਾਸਤ ’ਚ ਰੱਖੇ ਮਾਓਵਾਦੀਆਂ, ਆਦਿਵਾਸੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ। ਬਿਨਾਂ ਮੁਕੱਦਮਾ ਚਲਾਇਆਂ ਪੰਜ ਪੰਜ ਸਾਲ ਤੋਂ ਵੀ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿਆਸੀ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਖਾਸ ਕਰ ਮੁਸਲਿਮ ਧਾਰਮਿਕ ਗਿਣਤੀ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਆਰ ਐੱਸ ਐੱਸ ਦੀ ਅਗਵਾਈ ਵਾਲੀ ਮੋਦੀ ਹਕੂਮਤ ਦਾ ਇਹ ਹਮਲਾ ਮਾਓਵਾਦੀਆਂ/ਆਦਿਵਾਸੀਆਂ ਤੱਕ ਸੀਮਤ ਨਹੀਂ ਰਹੇਗਾ ਸਗੋਂ ਵਿਰੋਧ ਦੀ ਹਰ ਆਵਾਜ਼ ਨੂੰ ਜ਼ਬਰ ਰਾਹੀਂ ਕੁਚਲਣ ਦੇ ਰਾਹ ਅੱਗੇ ਵਧੇਗਾ। ਆਗੂਆਂ ਨੇ ਕੇਂਦਰ ਸਰਕਾਰ ਦੇ ਅਤਿ ਜਾਬਰ ਫਾਸ਼ੀ ਹਮਲੇ ਖ਼ਿਲਾਫ਼ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।