ਆਂਗਨਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਲਈ 10 ਦਸੰਬਰ ਤੱਕ ਆਨਲਾਈਨ ਕੀਤਾ ਜਾ ਸਕਦੈ ਅਪਲਾਈ
ਹੁਸ਼ਿਆਰਪੁਰ, 19 ਨਵੰਬਰ 2025- ਜ਼ਿਲ਼੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਆਂਗਨਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਅਧੀਨ ਜ਼ਿਲ਼੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਆਂਗਨਵਾੜੀ ਵਰਕਰਾਂ ਦੀਆਂ 125 ਅਤੇ ਆਂਗਨਵਾੜੀ ਹੈਲਪਰਾਂ ਦੀਆਂ 366 ਅਸਾਮੀਆਂ ਦੀਆਂ ਭਰਤੀ ਕੀਤੀ ਜਾਵੇਗੀ । ਉਨ੍ਹਾ ਦੱਸਿਆ ਕਿ ਗਰੈਜੂਏਸ਼ਨ ਪਾਸ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਉਮੀਦਵਾਰ ਆਂਗਨਵਾੜੀ ਵਰਕਰ ਦੀ ਅਸਾਮੀ ਲਈ ਅਪਲਾਈ ਕਰ ਸਕਦਾ ਹੈ ਅਤੇ ਇਸੇ ਹੀ ਤਰ੍ਹਾਂ 12ਵੀਂ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਉਮੀਦਵਾਰ, ਆਂਗਨਵਾੜੀ ਹੈਲਪਰ ਦੀ ਅਸਾਮੀ ਲਈ ਅਪਲਾਈ ਕਰ ਸਕਦਾ ਹੈ । ਉਮੀਦਵਾਰ ਵੱਲੋਂ ਦਸਵੀਂ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾਂ ਦਾ ਹੋਣਾ ਲਾਜ਼ਮੀ ਹੈ| ਉਨ੍ਹਾਂ ਨੇ ਦੱਸਿਆ ਕਿ ਆਂਗਨਵਾੜੀ ਵਰਕਰ ਦੀ ਭਰਤੀ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋ ਵੱਧ ਉਮਰ 37 ਸਾਲ ਹੈ ਅਤੇ ਆਂਗਨਵਾੜੀ ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੈ। ਪੱਛੜੀਆਂ/ਅਨੁਸੂਚਿਤ ਜਾਤੀਆਂ ਦੇ ਉਮੀਦਵਾਰ ਦੀ ਉਮਰ 42 ਸਾਲ ਹੋਣਾ ਲਾਜ਼ਮੀ ਹੈ। ਦਿਵਿਆਂਗਜਨ ਅਤੇ ਤਲਾਕਸ਼ਦਾ ਉਮੀਦਵਾਰ ਲਈ ਅਪਲਾਈ ਕਰਨ ਦੀ ਉਮਰ ਹੱਦ 47 ਸਾਲ ਹੈ। ਉਨ੍ਹਾਂ ਕਿਹਾ ਕਿ ਅਪਲਾਈ ਕਰਨ ਦੀ ਮਿਤੀ 19 ਨਵੰਬਰ ਤੋਂ 10 ਦਸੰਬਰ ਤੱਕ ਹੈ ਅਤੇ ਉਮੀਦਵਾਰ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦਾ ਹੈ। ਇਸ ਭਰਤੀ ਸਬੰਧੀ ਵਿਸਥਾਰਪੂਰਕ ਵਿਗਿਆਪਨ, ਯੋਗਤਾ ਅਤੇ ਵਿੱਦਿਆਕ ਯੋਗਤਾ ਸਬੰਧੀ ਵਧੇਰੇ ਜਾਣਕਾਰੀ ਵਿਭਾਗ ਦੀ ਵੈਬਸਾਈਟ sswcd.punjab.gov.in ‘ਤੇ ਉਪਲਬੱਧ ਹੈ।