ਪੰਜਾਬ ਯੂਨੀਵਰਸਿਟੀ ਨਾਲ ਜੁੜੀਆਂ ਅਭੁੱਲ ਯਾਦਾਂ ਵੀ ਨੇ....... ਮੇਰਾ ਖ਼ਜ਼ਾਨਾ
ਸਾਨੂੰ ਇਹ ਗੱਲ ਹਜ਼ਮ ਕਰਨੀ ਔਖੀ ਲੱਗਦੀ ਹੈ ਕਿ ਇਸ ਦਾ ਨਾਤਾ ਪੰਜਾਬ ਨਾਲੋਂ ਤੋੜ ਦਿੱਤਾ ਜਾਵੇ ਜਾਂ ਪੰਜਾਬ ਨਾਲੋਂ ਇਹ ਵੱਖ ਕਰ ਦਿੱਤੀ ਜਾਵੇ ਅਤੇ ਇਸ ਵਿੱਚ ਪੰਜਾਬੀਆਂ ਦਾ ਦਖ਼ਲ ਖ਼ਤਮ ਕਰ ਦਿੱਤਾ ਜਾਵੇ। ਇਸ ਲਈ ਮੈਂ ਅਤੇ ਮੇਰਾ ਅਦਾਰਾ ਸਟੂਡੈਂਟਸ ਅਤੇ ਭਗਵੰਤ ਸਰਕਾਰ ਸਮੇਤ ਉਨ੍ਹਾਂ ਸਾਰੀਆਂ ਧਿਰਾਂ ਦੇ ਨਾਲ ਹਾਂ ਜੋ ਇਸ ਅਦਾਰੇ ਦੇ ਮੌਜੂਦਾ ਦਰਜੇ ਅਤੇ ਪ੍ਰਬੰਧ ਨੂੰ ਬਰਕਰਾਰ ਰੱਖਣ ਲਈ ਆਵਾਜ਼ ਉਠਾ ਰਹੀਆਂ ਹਨ.
ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ ਤਾਜ਼ਾ ਬਖੇੜੇ ਨੇ ਮੈਨੂੰ ਇਹ ਯਾਦ ਕਰਾ ਦਿੱਤਾ ਕਿ ਮੇਰਾ ਤਾਂ ਇਸ ਯੂਨੀਵਰਸਿਟੀ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਮੈਂ ਤਾਂ ਆਪਣੀ ਦਸਵੀਂ ਜਮਾਤ ਦੇ ਇਮਤਿਹਾਨ ਵੀ ਇਸੇ ਯੂਨੀਵਰਸਿਟੀ ਨੂੰ ਦਿੱਤੇ ਅਤੇ ਇਸੇ ਯੂਨੀਵਰਸਿਟੀ ਨੇ ਹੀ ਮੈਨੂੰ ਮੈਟ੍ਰਿਕ ਦਾ ਸਰਟੀਫਿਕੇਟ ਜਾਰੀ ਕੀਤਾ। ਸ਼ਾਇਦ ਬਹੁਤ ਲੋਕਾਂ ਨੂੰ ਜਾਂ ਇਹ ਕਹਿ ਲਓ ਕਿ ਹੁਣ ਵਾਲਿਆਂ ਨੂੰ ਇਹ ਜਾਣਕਾਰੀ ਨਹੀਂ ਹੋਵੇਗੀ ਕਿ ਪੰਜਾਬ ਦੇ ਹਾਈ ਸਕੂਲ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੁੰਦੇ ਸਨ ਅਤੇ ਦਸਵੀਂ ਦੇ ਇਮਤਿਹਾਨ ਵੀ ਇਹੀ ਯੂਨੀਵਰਸਿਟੀ ਲੈਂਦੀ ਸੀ। ਜਿੰਨਾ ਚਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੋਲ ਦਸਵੀਂ ਦੇ ਇਮਤਿਹਾਨ ਨਹੀਂ ਗਏ, ਓਨਾ ਚਿਰ ਇਹੀ ਸਿਸਟਮ ਚਲਦਾ ਰਿਹਾ।
1969 ਵਿੱਚ ਮੈਂ ਦਸਵੀਂ ਜਮਾਤ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ, ਉਸ ਵੇਲੇ ਮੇਰੀ ਫ਼ਸਟ ਡਿਵੀਜ਼ਨ ਆਈ ਸੀ। ਉਹਨਾਂ ਦਿਨਾਂ ਵਿੱਚ 60% ਨੰਬਰ ਨਾਲ ਫ਼ਸਟ ਡਿਵੀਜ਼ਨ ਲੈਣਾ ਬੜਾ ਵੱਡਾ ਮਾਅਰਕਾ ਹੁੰਦਾ ਸੀ। ਮੇਰੇ ਨੰਬਰ 69.9% ਸਨ। ਪਹਿਲੀ ਜਮਾਤ ਤੋਂ ਲੈ ਕੇ ਹੀ ਸਕੂਲ ਵਿੱਚ ਮੇਰਾ ਨਾਂ ਬਲਜੀਤ ਰਾਏ ਵਜੋਂ ਦਰਜ ਸੀ। ਦਸਵੀਂ ਜਮਾਤ ਦੇ ਪੰਜਾਬ ਯੂਨੀਵਰਸਿਟੀ ਦੇ ਸਰਟੀਫਿਕੇਟ 'ਤੇ ਵੀ ਅਤੇ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਗ੍ਰੈਜੂਏਟ ਦੀ ਡਿਗਰੀ ਵੀ ਬਲਜੀਤ ਰਾਏ ਦੇ ਨਾਂ 'ਤੇ ਹੀ ਸੀ।
ਪਰ ਬਲਜੀਤ ਤੋਂ ਮੇਰਾ ਨਾਂ ਬੱਲੀ ਜ਼ਿਆਦਾ ਪ੍ਰਚਲਿਤ ਹੋ ਗਿਆ। ਜਦੋਂ ਕਾਲਜ ਜਾ ਕੇ ਅਤੇ ਖ਼ਾਸ ਕਰਕੇ ਰਜਿੰਦਰਾ ਕਾਲਜ ਬਠਿੰਡੇ ਜਾ ਕੇ ਮੈਂ ਵਿਦਿਆਰਥੀ ਨੇਤਾ ਬਣਿਆ ਤਾਂ ਉਸ ਵੇਲੇ ਤੱਕ 'ਰਾਏ' ਦਾ ਖ਼ਿਤਾਬ ਬਿਲਕੁਲ ਗ਼ਾਇਬ ਹੀ ਹੋ ਗਿਆ ਅਤੇ ਮੇਰੀ ਪਛਾਣ ਬਲਜੀਤ ਬੱਲੀ ਵਜੋਂ ਹੀ ਪੱਕੀ ਹੋ ਗਈ। ਮੇਰਾ ਪਹਿਲਾ ਪਾਸਪੋਰਟ ਵੀ ਬਲਜੀਤ ਰਾਏ ਦੇ ਨਾਂ 'ਤੇ ਬਣਿਆ ਸੀ।
1979 ਜਦੋਂ ਪੱਤਰਕਾਰੀ ਸ਼ੁਰੂ ਕਰਨ ਦਾ ਮਨ ਬਣਿਆ ਤਾਂ ਮੇਰਾ ਪਹਿਲਾ ਲੇਖ ਪੰਜਾਬੀ
ਟ੍ਰਿਬਿਊਨ ਵਿੱਚ ਬਲਜੀਤ ਰਾਏ ਦੇ ਨਾਂ 'ਤੇ ਹੀ ਸੰਪਾਦਕੀ ਸਫ਼ੇ 'ਤੇ ਛਪਿਆ ਸੀ। ਹਰਭਜਨ ਹਲਵਾਰਵੀ ਵੀ ਉਸ ਵੇਲੇ ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਹੁੰਦੇ ਸਨ।
ਹੁਣ ਫੇਰ ਪੰਜਾਬ ਯੂਨੀਵਰਸਿਟੀ ਵੱਲ ਆਉਂਦੇ ਹਾਂ। ਇਸ ਯੂਨੀਵਰਸਿਟੀ ਤੋਂ ਫ਼ਸਟ ਡਿਵੀਜ਼ਨ ਹਾਸਲ ਕਰਨ ਵਾਲਿਆਂ ਨੂੰ ਬੈਂਕਾਂ ਵਾਲੇ ਅਤੇ ਕੁਝ ਹੋਰ ਮਹਿਕਮੇ ਵਾਲੇ ਫਟਾਫਟ ਨੌਕਰੀ ਦੇ ਦਿੰਦੇ ਸਨ। ਉਹਨਾਂ ਦਿਨਾਂ ਵਿਚ ਮੈਨੂੰ ਵੀ ਸਟੇਟ ਬੈਂਕ ਆਫ਼ ਪਟਿਆਲਾ ਵਿੱਚੋਂ ਕਲਰਕ ਦੀ ਨੌਕਰੀ ਦੀ ਪੇਸ਼ਕਸ਼ ਹੋਈ ਸੀ ਕਿਉਂਕਿ ਮੇਰੀ ਭੈਣ ਪੁਸ਼ਪਾ ਉਸ ਬੈਂਕ ਵਿੱਚ ਕੰਮ ਕਰਦੀ ਸੀ। ਬੈਂਕ ਵਾਲਿਆਂ ਨੂੰ ਕਲਰਕਾਂ ਦੀ ਲੋੜ ਸੀ ਤੇ ਉਹਨਾਂ ਕਿਹਾ ਕਿ ਆਪਣਾ ਕੋਈ ਰਿਸ਼ਤੇਦਾਰ ਫ਼ਸਟ ਡਵੀਜ਼ਨ ਵਾਲਾ ਲੈ ਆਓ ਤੇ ਨੌਕਰੀ ਮਿਲ ਜਾਏਗੀ, ਪਰ ਮੈਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਹਿਸਾਬ ਕਿਤਾਬ ਵਿੱਚ ਮੈਂ ਬਹੁਤ ਕਮਜ਼ੋਰ ਸੀ ਅਤੇ ਨਾ ਹੀ ਕਲਰਕੀ ਕਰਨ ਦਾ ਕੋਈ ਟੀਚਾ ਸੀ।
ਖ਼ੈਰ ਮੈਟ੍ਰਿਕ ਤੋਂ ਬਾਅਦ ਤਾਂ ਪੰਜਾਬ ਯੂਨੀਵਰਸਿਟੀ ਨਾਲ ਸਿੱਧਾ ਵਾਹ ਨਹੀਂ ਕੋਈ ਰਿਹਾ ਪਰ ਪੰਜਾਬ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਜਿਹੜੇ ਕਾਲਜ ਜੁੜੇ ਹੋਏ ਸਨ ਉਹਨਾਂ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਯੂਨਿਟ ਬਹੁਤ ਸਰਗਰਮ ਸਨ। ਯਾਦ ਕਰਾ ਦਿਆਂ ਕਿ 1972 ਦਾ ਮੋਗਾ ਗੋਲੀ ਕਾਂਡ ਅਤੇ ਇਸ ਨਾਲ ਜੁੜ ਕੇ ਚੱਲਿਆ ਇਤਿਹਾਸਿਕ ਵਿਦਿਆਰਥੀ ਅੰਦੋਲਨ ਦਾ ਵੱਡਾ ਧੁਰਾ ਇਸ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜ ਹੀ ਰਹੇ ਕਿਉਂਕਿ ਲੁਧਿਆਣੇ ਤੋਂ ਲੈ ਕੇ ਮੁਕਤਸਰ ਅਬੋਹਰ ਤੱਕ ਦੇ ਸਾਰੇ ਕਾਲਜ ਇਸ ਯੂਨੀਵਰਸਿਟੀ ਨਾਲ ਹੀ ਜੁੜੇ ਹੋਏ ਸਨ।
1984 ਦੇ ਅਪ੍ਰੈਲ ਮਹੀਨੇ ਵਿੱਚ ਜਦੋਂ ਉਸ ਵੇਲੇ ਦੇ ਰਾਜ ਸਭਾ ਮੈਂਬਰ ਅਤੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਵੀ ਐਨ ਤਿਵਾੜੀ ਨੂੰ ਖਾਲਸਤਾਨੀਆਂ ਵੱਲੋਂ ਚੰਡੀਗੜ੍ਹ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਮੈਂ ਹਿੰਦੁਸਤਾਨ ਸਮਾਚਾਰ ਏਜੰਸੀ ਵਿੱਚ ਚੰਡੀਗੜ੍ਹ ਵਿੱਚ ਇਸ ਵਾਰਦਾਤ ਦੀ ਖ਼ਬਰ ਹੱਥ ਲਿਖਤ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ ਨੂੰ ਏਜੰਸੀ ਵੱਲੋਂ ਭੇਜੀ ਸੀ।
ਪ੍ਰੋਫੈਸਰ ਵੀ ਐਨ ਤਿਵਾੜੀ ਮੌਜੂਦਾ ਚੰਡੀਗੜ੍ਹ ਐਮਪੀ ਮਨੀਸ਼ ਤਿਵਾੜੀ ਦੇ ਪਿਤਾ ਸਨ। ਉਹਨਾਂ ਦੇ ਕਤਲ ਨਾਲ ਪੰਜਾਬ ਯੂਨੀਵਰਸਿਟੀ ਅੰਦਰ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ।
ਅਗਸਤ 1984 ਵਿੱਚ ਜਦੋਂ ਮੈਂ ਅਜੀਤ ਅਖ਼ਬਾਰ ਦਾ ਚੰਡੀਗੜ੍ਹ ਵਿੱਚ ਰਿਪੋਰਟਰ ਬਣਿਆ ਤਾਂ ਪੰਜਾਬ ਯੂਨੀਵਰਸਿਟੀ ਦੀ ਬੀਟ ਕਵਰੇਜ ਲਈ ਮੈਨੂੰ ਮਿਲੀ। ਸਿੱਟੇ ਵਜੋਂ ਕਾਫ਼ੀ ਲੰਮਾ ਸਮਾਂ ਕਵਰੇਜ ਕੀਤੀ। ਜਿਸ ਸੈਨੇਟ ਦੀ ਹੁਣ ਚਰਚਾ ਹੋ ਰਹੀ ਹੈ, ਇਸ ਸੈਨੇਟ ਦੀਆਂ ਅਨੇਕਾਂ ਮੀਟਿੰਗਾਂ ਵਿੱਚ ਬੈਠ ਕੇ ਕਵਰੇਜ ਕੀਤੀ ਤੇ ਕੁੱਕੜਾਂ ਵਾਂਗ ਮੈਂਬਰ ਲੜਦੇ ਵੀ ਦੇਖੇ।
ਖੱਬੇ ਪੱਖੀ ਧਿਰ ਨਾਲ ਜੁੜੇ ਹੋਣ ਕਾਰਨ ਰੂਸੀ ਭਾਸ਼ਾ ਸਿੱਖਣ ਦੀ ਲਾਲਸਾ ਹੋਈ। ਪੀ.ਯੂ. ਵਿਚ ਹੀ ਰੂਸੀ ਭਾਸ਼ਾ ਦੇ ਡਿਪਲੋਮਾ ਕੋਰਸ ਵਿਚ ਦਾਖਲਾ ਵੀ ਲਿਆ ਪਰ ਪੱਤਰਕਾਰੀ ਦੇ ਰੁਝੇਵੇਂ ਕਰਕੇ ਕਲਾਸਾਂ ਨਹੀਂ ਲਾਈਆਂ, ਕੋਰਸ ਵਿੱਚੇ ਹੀ ਛੱਡ ਦਿੱਤਾ, ਪੂਰਾ ਨਹੀਂ ਕੀਤਾ।
ਉਹਨਾਂ ਸਾਲਾਂ ਵਿੱਚ ਯੂਨੀਵਰਸਿਟੀ ਦੇ ਅੰਦਰ ਅਤੇ ਇਸ ਯੂਨੀਵਰਸਿਟੀ ਨਾਲ ਸੰਬੰਧਿਤ ਬਾਹਰ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ।
ਮੈਂ ਉਸ ਦੌਰ ਅਤੇ ਉਹਨਾਂ ਘਟਨਾਵਾਂ ਦਾ ਵੀ ਗਵਾਹ ਹਾਂ ਜਦੋਂ ਪੰਜਾਬ ਯੂਨੀਵਰਸਿਟੀ ਵਿੱਚ ਖਾਲਿਸਤਾਨੀ ਖਾੜਕੂਆਂ ਨੇ ਬੰਦੂਕ ਦੇ ਜ਼ੋਰ 'ਤੇ ਪੰਜਾਬੀ ਲਾਗੂ ਕਰਾਈ ਸੀ। ਸੈਨੇਟ ਦੀ ਮੀਟਿੰਗ ਵਿੱਚ ਇਕ ਪ੍ਰੋਫੈਸਰ ਡਾਕਟਰ ਨੂੰ ਪੰਜਾਬੀ ਵਿਰੋਧੀਆਂ ਨੂੰ ਸ਼ਰੇਆਮ ਧਮਕੀਆਂ ਦਿੰਦੇ ਸੁਣਿਆ ਸੀ। ਉਸ ਵੇਲੇ ਦੀਆਂ ਇਸ ਕੈਂਪਸ ਦੀਆਂ ਪੰਜਾਬੀ ਜਗਤ ਦੀਆਂ ਨਾਮੀ ਹਸਤੀਆਂ ਪ੍ਰੋ ਅਤਰ ਸਿੰਘ, ਕੇਸਰ ਸਿੰਘ ਵੀ ਯਾਦ ਨੇ। ਦੀਪਕ ਮਨਮੋਹਨ ਸਿੰਘ ਬੇਸ਼ੱਕ ਹੁਣ ਪਟਿਆਲੇ ਜਾ ਵਸੇ ਪਰ ਪੀ.ਯੂ. 'ਤੇ ਉਨ੍ਹਾਂ ਦੀ ਮੋਹਰ ਛਾਪ ਬਹੁਤ ਪੱਕੀ ਹੈ।
ਮੈਂ ਉਸ ਗੱਲ ਦਾ ਵੀ ਗਵਾਹ ਹਾਂ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਸਹਿਮਤੀ ਵਾਲਾ ਲੈਟਰ ਡਾਕਟਰ ਮਨਮੋਹਨ ਸਿੰਘ ਨੂੰ ਲਿਖਿਆ ਸੀ ਤੇ ਜਿਸ ਦਾ ਵਿਰੋਧ ਕਰਨ ਲਈ ਅਜੀਤ ਅਖ਼ਬਾਰ ਰਾਹੀਂ ਇੰਨੀਆਂ ਤਿੱਖੀਆਂ ਰਿਪੋਰਟਾਂ ਪਬਲਿਸ਼ ਕੀਤੀਆਂ ਸਨ ਅਤੇ ਲੋਕ ਰਾਇ ਪੈਦਾ ਕਰ ਦਿੱਤੀ ਸੀ ਕਿ ਦੋ ਦਿਨ ਬਾਅਦ ਹੀ ਬਾਦਲ ਸਾਹਿਬ ਨੇ ਇਹ ਆਪਣਾ ਲੈਟਰ ਵਾਪਸ ਲੈ ਲਿਆ ਸੀ। ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਬਾਦਲ ਦੇ ਇਸ ਫ਼ੈਸਲੇ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਇਸੇ ਲਈ ਹੀ ਮੇਰੀਆਂ ਰਿਪੋਰਟਾਂ ਨੂੰ ਬਹੁਤ ਉਭਾਰ ਕੇ ਪ੍ਰਕਾਸ਼ਿਤ ਕਰਵਾਇਆ ਸੀ। ਮੈਨੂੰ ਉਹ ਸਵੇਰ ਵੀ ਯਾਦ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਦਾ ਫ਼ੋਨ ਆਇਆ ਸੀ ਇਹ ਦੱਸਣ ਵਾਸਤੇ ਕਿ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖਿਆ ਆਪਣਾ ਪੱਤਰ ਵਾਪਸ ਲੈ ਲਿਆ ਗਿਆ ਹੈ ਜਿਸ ਦੀ ਕਾਪੀ ਉਹ ਭੇਜ ਰਹੇ ਹਨ। ਉਹਨਾਂ ਕਿਹਾ ਸੀ ਕਿ ਬਰਜਿੰਦਰ ਭਾਜੀ ਨੂੰ ਇਹ ਜਾਣਕਾਰੀ ਦੇ ਦਿਓ ਤੇ ਚਿੱਠੀ ਦੀ ਕਾਪੀ ਵੀ ਭੇਜ ਦਿਓ।
ਉਸ ਵੇਲੇ ਦੇ ਸਟੂਡੈਂਟ ਲੀਡਰ ਜੋ ਹੁਣ ਸਿਆਸਤ ਵਿੱਚ ਵੱਖ-ਵੱਖ ਅਹੁਦਿਆਂ 'ਤੇ ਪਹੁੰਚੇ ਹੋਏ ਹਨ ਅਕਸਰ ਬਾਈ ਸੈਕਟਰ ਵਾਲੇ ਅਜੀਤ ਦੇ ਦਫ਼ਤਰ ਵਿੱਚ ਆਪਣੇ ਪ੍ਰੈਸ ਨੋਟ ਲੈ ਕੇ ਆਉਂਦੇ ਰਹੇ ਖ਼ਬਰਾਂ ਲਵਾਉਣ ਲਈ। ਇਹਨਾਂ ਚੋਂ ਕਈ ਤਾਂ ਅੱਜ ਵੀ ਜਦੋਂ ਮਿਲ ਜਾਂਦੇ ਹਨ ਤਾਂ ਉਹ ਦਿਨ ਯਾਦ ਕਰਦੇ ਹਨ।
ਯੂਨੀਵਰਸਿਟੀ ਕੈਂਪਸ ਦੇ ਸਟੂਡੈਂਟਸ ਸੈਂਟਰ ਵਿੱਚ ਬੈਠ ਕੇ ਕਾਫ਼ੀ ਪੀਣ ਤੇ ਗੱਪ-ਸ਼ੱਪ ਕਰਨ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਮੇਰੇ ਜ਼ਿਹਨ ਵਿੱਚ ਹਨ। ਕਾਫ਼ੀ ਲੰਮਾ ਸਮਾਂ ਡਾਇਰੈਕਟਰ ਪਬਲੀਕੇਸ਼ਨ ਰਹੇ ਤਿਵਾੜੀ ਦੇ ਕਮਰੇ ਵਿੱਚ ਬੈਠ ਕੇ ਨਿੰਬੂ ਵਾਲੀ ਚਾਹ ਦੀਆਂ ਚੁਸਕੀਆਂ ਵੀ ਯਾਦ ਹਨ ਕਿਉਂਕਿ ਕੈਂਪਸ ਦੀ ਕਵਰੇਜ ਲਈ ਘੰਟਿਆਂ ਬੱਧੀ ਉੱਥੇ ਰਹਿਣਾ ਅਤੇ ਵੱਖ-ਵੱਖ ਥਾਵਾਂ 'ਤੇ ਘੁੰਮਣਾ ਪੈਂਦਾ ਸੀ। ਸ਼ੁਰੂ ਦੇ ਦਿਨਾਂ ਵਿੱਚ ਸਾਈਕਲ 'ਤੇ ਹੀ ਕੈਂਪਸ ਜਾਂਦਾ ਹੁੰਦਾ ਸੀ ਪਰ ਬਾਅਦ ਵਿੱਚ ਮੋਪਿਡ ਤੇ ਫਿਰ ਸਕੂਟਰ ਲੈ ਲਿਆ ਸੀ।
ਇੱਕ ਬੜੀ ਦਿਲਚਸਪ ਘਟਨਾ ਵੀ ਮੈਨੂੰ ਅੱਜ ਤੱਕ ਯਾਦ ਹੈ, ਕੈਂਪਸ ਦੀਆਂ ਕੁੜੀਆਂ ਨਾਲ ਕੋਈ ਛੇੜ ਛਾੜ ਦੀ ਘਟਨਾ ਹੋ ਗਈ ਸੀ। ਇਸ ਦੇ ਖ਼ਿਲਾਫ਼ ਕੁੜੀਆਂ ਨੇ ਹੜਤਾਲ ਕਰ ਦਿੱਤੀ ਅਤੇ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਇੱਕ ਸ਼ਹਿਰੀ ਕੁੜੀ ਭਾਸ਼ਣ ਦਿੰਦੀ ਬੋਲੀ, "ਸਾਨੂੰ ਇਹ ਬੜਾ ਮੰਦਾ ਚੰਗਾ ਬੋਲਦੇ ਨੇ, ਇਹਨਾਂ ਨੇ ਸਾਨੂੰ ਬੀਬੀਆਂ ਕਿਹਾ।" ਉਸ ਵਿਚਾਰੀ ਨੂੰ ਇਹ ਪਤਾ ਨਹੀਂ ਸੀ ਕਿ ਪੰਜਾਬ ਵਿੱਚ, ਖ਼ਾਸ ਕਰਕੇ ਮਾਲਵੇ ਵਿੱਚ, ਬੀਬੀਆਂ ਸ਼ਬਦ ਜਾਂ ਬੀਬਾ ਸ਼ਬਦ ਆਦਰ-ਮਾਣ ਨਾਲ ਹੀ ਬੋਲਿਆ ਜਾਂਦਾ ਹੈ।
ਪਿਛਲੇ ਲੰਮੇ ਸਮੇਂ ਦੌਰਾਨ, ਗਾਹੇ ਬਗਾਹੇ, ਇਸ ਯੂਨੀਵਰਸਿਟੀ ਦੇ ਅਧਿਆਪਕਾਂ, ਵਾਈਸ ਚਾਂਸਲਰਾਂ ਅਤੇ ਕੈਂਪਸ ਵਿੱਚ ਹੁੰਦੇ ਸੈਮੀਨਾਰਾਂ, ਗੋਸ਼ਟੀਆਂ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਕਿਸੇ ਨਾ ਕਿਸੇ ਰੂਪ ਵਿੱਚ ਲਗਾਤਾਰ ਵਾਹ ਪੈਂਦਾ ਹੀ ਰਿਹਾ ਹੈ। ਇਹ ਕਹਿ ਸਕਦੇ ਹਾਂ ਕਿ ਸਿਰਫ਼ ਕਾਨੂੰਨੀ ਜਾਂ ਅਸੂਲੀ ਪੱਖੋਂ ਨਹੀਂ, ਪੰਜਾਬ ਯੂਨੀਵਰਸਿਟੀ ਨਾਲ ਸਾਡਾ ਰਿਸ਼ਤਾ ਜਜ਼ਬਾਤੀ ਵੀ ਹੈ, ਇਸ ਲਈ ਸਾਨੂੰ ਇਹ ਗੱਲ ਹਜ਼ਮ ਕਰਨੀ ਔਖੀ ਲੱਗਦੀ ਹੈ ਕਿ ਇਸ ਦਾ ਨਾਤਾ ਪੰਜਾਬ ਨਾਲੋਂ ਤੋੜ ਦਿੱਤਾ ਜਾਵੇ ਜਾਂ ਪੰਜਾਬ ਨਾਲੋਂ ਇਹ ਵੱਖ ਕਰ ਦਿੱਤੀ ਜਾਵੇ ਅਤੇ ਇਸ ਵਿੱਚ ਪੰਜਾਬੀਆਂ ਦਾ ਦਖ਼ਲ ਖ਼ਤਮ ਕਰ ਦਿੱਤਾ ਜਾਵੇ। ਇਸ ਲਈ ਮੈਂ ਅਤੇ ਮੇਰਾ ਅਦਾਰਾ ਸਟੂਡੈਂਟਸ ਅਤੇ ਭਗਵੰਤ ਸਰਕਾਰ ਸਮੇਤ ਉਨ੍ਹਾਂ ਸਾਰੀਆਂ ਧਿਰਾਂ ਦੇ ਨਾਲ ਹਾਂ ਜੋ ਇਸ ਅਦਾਰੇ ਦੇ ਮੌਜੂਦਾ ਦਰਜੇ ਅਤੇ ਪ੍ਰਬੰਧ ਨੂੰ ਬਰਕਰਾਰ ਰੱਖਣ ਲਈ ਆਵਾਜ਼ ਉਠਾ ਰਹੀਆਂ ਹਨ.
18 ਨਵੰਬਰ, 2025

-
Baljit Balli, Editor -In-Chief, Babushahi Network, TNM
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.