ਮੇਰੇ ਸੱਚੇ ਮਾਰਗ ਦਰਸ਼ਕ- ਮੇਰੇ ਪਾਪਾ : ਡਾ. ਗਗਨਦੀਪ ਕੌਰ
ਦਸੰਬਰ 24, 2025 ਦੀ ਸਵੇਰ ਸਾਡੇ ਪਰਿਵਾਰ ਲਈ ਇੱਕ ਕਹਿਰ ਬਣ ਕੇ ਆਈ, ਜਦੋ ਮੇਰੇ ਪਾਪਾ ਸ.ਦਵਿੰਦਰ ਸਿੰਘ ਟੈਕਸਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਅਤੇ ਪਿੱਛੇ ਛੱਡ ਗਏ ਆਪਣੀਆਂ ਬਹੁਤ ਪਿਆਰੀਆਂ ਯਾਦਾਂ ਅਤੇ ਆਪਣੀ ਬਹੁ-ਪੱਖੀ ਸਖਸ਼ੀਅਤ ਦੇ ਕੁੱਝ ਪੱਖ ।
ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਰਿਸ਼ਤੇਦਾਰ, ਦੋਸਤ, ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਹੋਰ ਲੋਕ ਉਹਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਯਾਦ ਕਰ ਰਹੇ ਸਨ । ਕੋਈ ਉਹਨਾਂ ਨੂੰ ਮਿਹਨਤੀ- ਉੱਦਮੀ, ਕੋਈ ਸਮਾਜ਼-ਸੇਵੀ, ਕੋਈ ਸਫ਼ਲ-ਵਪਾਰੀ, ਕੋਈ ਪਿਆਰ ਅਤੇ ਸਾਦਗੀ ਦੀ ਮੂਰਤ, ਕੋਈ ਦਾਨੀ-ਸੱਜਣ , ਕੋਈ ਗਊ-ਸੇਵਕ, ਕੋਈ ਕੁਸ਼ਲ ਪ੍ਰਬੰਧਕ ਕਹਿ ਰਿਹਾ ਸੀ ।ਉਹ ਇੱਕ ਸਫ਼ਲ ਉੱਦਮੀ ਦੇ ਨਾਲ-ਨਾਲ ਇੱਕ ਆਦਰਸ਼ ਪਤੀ ਅਤੇ ਜ਼ਿੰਮੇਵਾਰ ਪਿਤਾ ਵੀ ਸਨ । ਸਾਡਾ ਸਾਂਝਾ ਪਰਿਵਾਰ ਸੀ ਅਤੇ ਪਰਿਵਾਰ ਵਿੱਚ ਮੇਰੇ ਮੰਮੀ ਪਹਿਲੀ ਨੌਕਰੀ-ਪੇਸ਼ਾ ਔਰਤ ਸਨ । ਉਹ ਇੱਕ ਸਫ਼ਲ ਸਕੂਲ ਅਧਿਆਪਕਾ ਵਜੋਂ ਸੇਵਾ-ਮੁਕਤ ਹੋ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ। ਮੇਰੇ ਪਾਪਾ ਨੇ ਮੰਮੀ ਨੂੰ ਕਦੇ ਨਾਮ ਲੈ ਕੇ ਨਹੀ ਬੁਲਾਇਆ, ਬਲਕਿ ਤੁਸੀਂ ਕਹਿ ਕੇ ਬੁਲਾਉਂਦੇ ਸਨ । ਨਾਂ ਹੀ ਮੈ ਕਦੇ ਉਹਨਾਂ ਨੂੰ ਆਪਸ ਵਿੱਚ ਉੱਚੀ ਆਵਾਜ ਵਿੱਚ ਬੋਲਦੇ ਵੇਖਿਆ ਹੈ । ਉਹ ਇੱਕ ਜੋਤਿ ਦੁਇ ਮੂਰਤ ਦੀ ਮਿਸਾਲ ਸਨ ।

ਫੋਟੋ ਕੈਪਸ਼ਨ - ਇੱਕ ਨਿੱਘੀ ਪਿਆਰੀ ਯਾਦ
ਮੇਰੇ ਪਾਪਾ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸਨ । ਦਸਵੀਂ ਤੋਂ ਬਾਅਦ ਪ੍ਰੀ-ਇੰਜੀਨੀਅਰਿੰਗ ਵਿੱਚ ਦਾਖਲਾ ਲਿਆ, ਪਰ ਆਰਥਿਕ ਕਾਰਨਾਂ ਕਰਕੇ ਪੜ੍ਹਾਈ ਵਿੱਚ ਛੱਡ ਕੇ ਰੇਡੀਓ ਅਤੇ ਟੇਪ-ਰਿਕਾਰਡਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਅਤੇ ਫਿਰ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਟੈਕਸਲਾ ਕੰਪਨੀ ਦੇ ਟੀਵੀ ਦੀ ਵਿਕਰੀ ਵਿੱਚ ਪੂਰੇ ਉਤੱਰੀ ਭਾਰਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਉਥੋਂ ਹੀ ਉਹ ਦਵਿੰਦਰ ਸਿੰਘ ਤੋਂ ਦਵਿੰਦਰ ਸਿੰਘ ਟੈਕਸਲਾ ਦੇ ਨਾਮ ਨਾਲ ਜਾਣੇ ਜਾਣ ਲੱਗੇ।
ਉਹ ਬਹੁਤ ਹੀ ਦੂਰ-ਅੰਦੇਸ਼ੀ ਸੋਚ ਦੇ ਮਾਲਕ ਸਨ । ਉਹਨਾਂ ਨੇ ਅੱਜ ਤੋਂ ਛੱਤੀ ਸਾਲ ਪਹਿਲਾਂ ਜਦੋਂ ਕੁੜੀਆਂ ਨੂੰ ਹੋਸ਼ਟਲਾਂ ਵਿੱਚ ਭੇਜਣਾ ਆਮ ਨਹੀ ਸੀ, ਸਾਨੂੰ ਤਿੰਨੇ ਭੈਣਾਂ ਅਤੇ ਭਰਾ ਨੂੰ ਉਚੇਰੀ ਵਿੱਦਿਆ ਦੇ ਮੌਕੇ ਪ੍ਰਦਾਨ ਕੀਤੇ । ਮੇਰੀ ਵੱਡੀ ਭੈਣ ਅਮਨ ਨੇ ਦੇਵ-ਸਮਾਜ਼ ਕਾਲਜ ਫਿਰੋਜ਼ਪੁਰ ਅਤੇ ਫਿਰ ਮੈਡੀਕਲ ਕਾਲਜ ਪਟਨਾ ਸਾਹਿਬ ਤੋਂ ਸਾਇਸ ਵਿਸ਼ੇ ਦੀ ਪੜ੍ਹਾਈ ਕੀਤੀ, ਮੈਂ ਚੰਡੀਗੜ੍ਹ ਦੇ ਸੈਕਟਰ ਗਿਆਰਾਂ ਦੇ ਸਰਕਾਰੀ ਕਾਲਜ ਤੋਂ ਬੀਕਾਮ, ਉਪਰੰਤ ਪਟਿਆਲਾ ਯੂਨੀਵਰਸਿਟੀ ਤੋਂ ਐਮਕਾਮ ਅਤੇ ਪੀ .ਐਚ .ਡੀ ਦੀ ਡਿਗਰੀ ਹਾਸਿਲ ਕੀਤੀ, ਸਭ ਤੋਂ ਛੋਟੀ ਭੈਣ ਰਜਨੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਐਮ.ਏ ਇੰਗਲਿਸ਼ ਅਤੇ ਜੰਮੂ ਤੋਂ ਬੀ.ਐਡ ਕੀਤੀ । ਮੇਰੇ ਭਰਾ ਬਿਕਰਮ ਨੂੰ ਵੀ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿੱਚ ਪੜ੍ਹਨ ਦਾ ਮੌਕਾ ਮਿਲਿਆ । ਬਾਅਦ ਵਿੱਚ ਉਹ ਵੀ ਪਾਪਾ ਨਾਲ ਬਿਜਨਸ ਵਿੱਚ ਹੱਥ ਵਟਾਉਣ ਲੱਗਿਆ ਅਤੇ ਅੱਜਕੱਲ੍ਹ ਮਾਨਸਾ ਦੇ ਵਿੱਚ ਉਹ ਇਲੈਕਟ੍ਰੋਨਿਕਸ ਦਾ ਬਹੁਤ ਹੀ ਉਚ ਦਰਜੇ ਦਾ ਬਿਜਨਸ ਚਲਾ ਰਿਹਾ ਹੈ ।
ਇਹ ਉਹਨਾਂ ਦੀ ਦੂਰ ਅੰਦੇਸ਼ੀ ਸੌਚ ਦਾ ਨਤੀਜਾ ਹੀ ਸੀ ਕਿ ਉਹਨਾਂ ਨੇ ਬਚਪਨ ਤੋ ਹੀ ਸ਼ਹਿਰੀ ਮਾਹੌਲ ਚ ਪਲੀ ਅਤੇ ਚੰਡੀਗੜ੍ਹ ਪੜੀ ਬੇਟੀ ਦਾ ਰਿਸ਼ਤਾ ਫ਼ਰੀਦਕੋਟ ਦੇ ਪਿੰਡ ਵਿੱਚ ਕੀਤਾ । ਜਿੱਥੇ ਸ਼ਹਿਰਾਂ ਵਰਗੀਆਂ ਸੁੱਖ-ਸਹੂਲਤਾਂ ਨਹੀ ਸੀ । ਉਹਨਾਂ ਬਜਾਇ ਕੋਠੀਆਂ, ਕਾਰਾਂ ਦੇ ਲੜਕੇ ਦੀ ਪੜ੍ਹਾਈ ਅਤੇ ਲਿਆਕਤ ਨੂੰ ਪਹਿਲ ਦਿੱਤੀ । ਉਹ ਮੈਨੂੰ ਹਮੇਸ਼ਾਂ ਸਮਝਾਉਦੇ ਕਿ ਸਮਾਂ ਪਾ ਕੇ ਸਭ ਕੁਝ ਬਣ ਜਾਂਦਾ ਹੈ ਬਸ ਆਪਸੀ ਸਮਝ ਅਤੇ ਪਿਆਰ ਦੀ ਲੋੜ ਹੁੰਦੀ ਹੈ । ਉਹਨਾਂ ਦਾ ਕਿਹਾ ਸੱਚ ਹੋਇਆ, ਪ੍ਰਮਾਤਮਾਂ ਦੀ ਮਿਹਰ ਨਾਲ ਅੱਜ ਕਿਸੇ ਚੀਜ਼ ਦੀ ਕਮੀ ਨਹੀ ਹੈ ।
ਮੇਰੇ ਨਾਲ ਉਹਨਾਂ ਦੀ ਇੱਕ ਵੱਖਰੀ ਸਾਂਝ ਸੀ। ਜਦੋਂ ਵੀ ਕਾਲਜ ਚ ਦਾਖਲੇ ਲਈ ਟੈਸਟ ਹੋਣਾ ਸੀ, ਯੂ .ਜੀ.ਸੀ ਦਾ ਪੇਪਰ ਦੇਣਾ ਸੀ, ਕੋਈ ਇੰਟਰਵਿਊ ਦੇਣੀ ਸੀ ਤਾਂ ਹਰ ਵਾਰ ਉਹ ਆਪ ਨਾਲ ਜਾਂਦੇ, ਖੁਦ ਕਾਰ ਚਲਾ ਕੇ ਲੈ ਕੇ ਜਾਂਦੇ । ਰਸਤੇ ਚ ਨਿੱਕੀਆਂ-ਨਿੱਕੀਆਂ ਗੱਲਾਂ ਜ਼ਰੀਏ ਬਹੁਤ ਹੀ ਅਮੁੱਲ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਪੜਾ ਜਾਂਦੇ । ਕਈ ਵਾਰ ਗੱਲਾਂ ਗੱਲਾਂ ਚ ਮੇਰਾ ਗਿਆਨ ਪਰਖਦੇ, ਸਵਾਲ ਕਰਦੇ । ਸੁਭਾਅ ਪੱਖੋਂ ਵੀ ਉਹ ਬਹੁਤ ਸੰਵੇਦਨਸ਼ੀਲ ਸਨ । ਮੈਨੂੰ ਯਾਦ ਹੈ ਜਦੋਂ ਵਿਆਹ ਵਾਲੇ ਦਿਨ ਮੇਰੀ ਡੋਲੀ ਤੁਰੀ ਤਾਂ ਉਹ ਇੰਨੇ ਭਾਵੁਕ ਹੋਏ ਕਿ ਬਾਹਰ ਕਾਰ ਤੱਕ ਮੈਨੂੰ ਛੱਡਣ ਨਹੀ ਆਏ । ਉਹ ਸਾਡੇ ਵਿਆਹ ਦੀ ਮੂਵੀ ਦੇਖਦੇ ਤਾਂ ਡੋਲੀ ਵਾਲਾ ਸੀਨ ਦੇਖਦੇ ਸਾਰ ਅੱਖਾਂ ਭਰ ਲੈਂਦੇ । ਜਦੋਂ ਮੈ ਦੋ ਮਹੀਨੇ ਪਹਿਲਾਂ ਮਾਨਸਾ ਮਿਲਣ ਗਈ ਤਾਂ ਮੈਨੂੰ ਗਲ ਲਾ ਕੇ ਬਹੁਤ ਰੋਏ ਜਿਵੇਂ ਕੋਈ ਬੱਚਾ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ।ਉਹ ਸਾਰੇ ਪਲ ਮੇਰੇ ਲਈ ਅਸ਼ੀਰਵਾਦ ਬਣ ਗਏ । ਜਦੋਂ ਅਸੀ ਪੜ੍ਹਦੇ ਸੀ ਤਾਂ ਉਹ ਆਪ ਬਦਾਮ, ਕਾਲੀ ਮਿਰਚ, ਇਲਾਇਚੀ ਤੇ ਮੱਖਣ ਦਾ ਪੇਸਟ ਬਣਾ ਕੇ ਸਾਨੂੰ ਇੱਕ -ਇੱਕ ਚਮਚ ਦੁੱਧ ਨਾਲ ਦਿੰਦੇ । ਉਹ ਭਾਵੇ ਆਪਣੀ ਪੜ੍ਹਾਈ ਪੂਰੀ ਨਹੀ ਕਰ ਸਕੇ ਪਰ ਉਹਨਾਂ ਦੀ ਅੰਗਰੇਜ਼ੀ ਭਾਸ਼ਾਂ ਤੇ ਪਕੜ ਕਮਾਲ ਦੀ ਸੀ । ਉਹਨਾਂ ਨੇ ਸਾਡੇ ਲਈ ਖਾਸ ਤੌਰ ਤੇ ਅੰਗਰੇਜੀ ਦਾ ਅਖਬਾਰ ਲਵਾਇਆ ਤੇ ਕੋਲ ਬੈਠ ਕੇ ਸਾਨੂੰ ਡਿਕਸ਼ਨਰੀ ਦੇ ਕੇ ਔਖੇ ਸ਼ਬਦਾਂ ਦੇ ਅਰਥ ਕਰਵਾਉਂਦੇ ।
ਮੇਰੇ ਪਤੀ ਡ. ਕੁਲਦੀਪ ਸਿੰਘ ਨਾਲ ਉਹਨਾਂ ਦਾ ਅੰਤਾਂ ਦਾ ਮੋਹ ਸੀ । ਉਹ ਹਰ ਕਦਮ ਤੇ ਸਾਡਾ ਮਾਰਗ-ਦਰਸ਼ਨ ਕਰਦੇ ਰਹੇ । ਇਹ ੳਹਨਾਂ ਦੀ ਹੱਲਾ-ਸ਼ੇਰੀ ਅਤੇ ਅਸ਼ੀਰਵਾਦ ਸਦਕਾ ਹੀ ਸੀ ਕਿ ਅਸੀ ਦੋਵੇ ਪਤੀ-ਪਤਨੀ ਨੇ ਵਿਆਹ ਤੋ ਬਾਅਦ ਜਦੋਂ ਬੱਚੇ ਹਾਲੇ ਬਹੁਤ ਛੋਟੇ ਸੀ ਪੀ.ਐਚ.ਡੀ .ਦੀ ਪੜ੍ਹਾਈ ਪੂਰੀ ਕੀਤੀ । ਸਾਡੇ ਨਾਮ ਨਾਲ ਡਾਕਟਰ ਲੱਗਣ ਦੀ ਉਹਨਾਂ ਨੂੰ ਇੰਨੀ ਜਿਆਦਾ ਖੁਸ਼ੀ ਹੋਈ ਕਿ ਉਹਨਾਂ ਨੇ ਅਤੇ ਮੇਰੇ ਤਾਇਆ ਜੀ ਨੇ ਸਾਨੂੰ ਡਿਗਰੀ ਮਿਲਣ ਤੇ 21000-21000 ਰੁਪਏ ਦੇ ਨਕਦ ਇਨਾਂਮ ਦੇ ਕੇ ਸਨਮਾਨਿਤ ਕੀਤਾ । ਜਦੋਂ ਮੇਰੇ ਪਤੀ ਡਾਕਟਰ ਕੁਲਦੀਪ ਸਿੰਘ 2011 ਵਿੱਚ ਤਿੰਨ ਮਹੀਨੇ ਲਈ ਆਸ਼ਟਰੇਲੀਆ ਟਰੇਨਿੰਗ ਤੇ ਗਏ ਤਾਂ ਉਹ ਫ਼ਰੀਦਕੋਟ ਸਾਡੇ ਕੋਲ ਹੀ ਰਹੇ ਤੇ ਉਸਤੋਂ ਬਾਅਦ ਫੇਰ ਮਈ 2025 ਵਿੱਚ ਵੀ ਮੇਰੇ ਮੰਮੀ-ਪਾਪਾ ਦੋਨੋਂ ਦਸ ਕੁ ਦਿਨ ਫ਼ਰੀਦਕੋਟ ਸਾਡੇ ਕੋਲ ਰਹੇ । ਉਹ ਦਸ ਦਿਨ ਮੇਰੇ ਲਈ ਅਭੁੱਲ ਯਾਦ ਬਣ ਗਈ । ਜਦੋਂ ਸਵੇਰ ਉਠੱਣ ਤੋਂ ਲੈ ਕੇ ਰਾਤ ਸੌਣ ਤੱਕ ਮੈ ਉਹਨਾਂ ਦੀ ਹਰ ਗਤੀਵਿਧੀ, ਹਰ ਕੰਮ ਬਹੁਤ ਨੇੜੇ ਤੋਂ ਤੱਕਿਆ । ਇੱਕ ਛੋਟੇ ਬੱਚੇ ਵਾਂਗ ਉਹਨਾਂ ਦੇ ਮੂਹੋ ਨਿਕਲੀ ਹਰ ਗੱਲ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ । ਛੋਟੇ ਬੱਚੇ ਵਾਂਗ ਉਹ ਕਦੇ ਮੇਰੇ ਨਾਲ ਕਦੇ ਮੇਰੇ ਪਤੀ ਦੀ ਉਗਲ ਫੜ ਕੇ ਪਾਰਕ ਵਿੱਚ ਸੈਰ ਕਰਦੇ, ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ, ਹਰ ਆਉਣ ਜਾਣ ਵਾਲੇ ਵੱਲ ਦੇਖ ਕੇ ਮੁਸਕਰਾਉਂਦੇ । ਉਹਨਾਂ ਦਿਨਾਂ ਵਿੱਚ ਮੈ ਇੱਕ ਵੱਖਰਾ ਅਨੰਦ ਅਤੇ ਸੰਤੁਸ਼ਟੀ ਮਹਿਸੂਸ ਕੀਤੀ । ਮੰਮੀ-ਪਾਪਾ ਜਿਸ ਦਿਨ ਮਾਨਸਾ ਵਾਪਸ ਗਏ ਤਾਂ ਮੱਲੋ- ਮੱਲੀ ਗੱਚ ਭਰ ਆਇਆ । ਮੈਨੂੰ ਉਹਨਾਂ ਦੇ ਕੋਲ ਹੋਣ ਨਾਲ ਇਂੱਕ ਵੱਖਰੀ ਤਰ੍ਹਾਂ ਦਾ ਸਕੂਨ ਅਤੇ ਸੁਰੱਖਿਆ ਮਹਿਸੂਸ ਹੁੰਦੀ ਸੀ ।
ਨਵੰਬਰ 2025 ਵਿੱਚ ਮੇਰੇ ਭਾਣਜੇ ਦਾ ਵਿਆਹ ਸੀ । ਉਸ ਮੌਕੇ ਸਾਡਾ ਸਾਰਾ ਪਰਿਵਾਰ ਇਕੱਠਾ ਸੀ । ਆਪਣੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਹੱਸਦਾ ਖੇਡਦਾ ਵੇਖ ੳਹ ਫੁੱਲੇ ਨਹੀ ਸਮਾ ਰਹੇ ਸੀ । ਭਾਵੇਂ ਉਹਨਾਂ ਨੇ ਵਿਆਹ ਦੇ ਸਾਰੇ ਪ੍ਰੋਗਰਾਮ ਵੀਲ ਚੇਅਰ ਤੇ ਦੇਖੇ, ਪਰ ਉਹਨਾਂ ਦੇ ਚਿਹਰੇ ਤੇ ਇੱਕ ਵੱਖਰਾ ਨੂਰ ਸੀ । ਸ਼ਾਇਦ ਸਭ ਭੈਣ-ਭਰਾਵਾਂ ਤੇ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਨੂੰ ਇਕੱਠੇ ਦੇਖ ਸੰਤੁਸ਼ਟੀ ਦਾ ਅਹਿਸਾਸ ਝਲਕ ਰਿਹਾ ਸੀ । ਇਹ ਫੰਕਸ਼ਨ ਉਹਨਾਂ ਲਈ ਆਖਰੀ ਸਮਾਜਿਕ ਮਿਲਣੀ ਬਣ ਗਿਆ ।
ਆਪਣੀ ਜ਼ਿੰਦਗੀ ਦੇ ਪਿਛਲੇ ਵੀਹ ਵਰੇ ਉਹਨਾਂ ਨੇ ਸਮਾਜ਼-ਸੇਵਾ ਅਤੇ ਗਊ-ਸੇਵਾ ਨੂੰ ਸਮਰਪਿਤ ਕੀਤੇ । ਉਹ ਗਊ ਮੂਤਰ ਤੋ ਦੇਸੀ ਦਵਾਈਆਂ ਬਣਾ ਕੇ ਬਹੁਤ ਲੋਕਾਂ ਦਾ ਇਲਾਜ਼ ਵੀ ਕਰਦੇ ਰਹੇ । ਉਹਨਾਂ ਨਾਲ ਮੇਰੀ ਫੋਨ ਤੇ ਹਰ ਰੋਜ਼ ਗੱਲ ਹੁੰਦੀ ਸੀ । ਉਹਨਾਂ ਨੇ ਆਪਣੀਆਂ ਰੋਜਾਨਾ ਦੀ ਰੁਟੀਨ ਦੀਆਂ ਸਭ ਗੱਲਾਂ ਮੇਰੇ ਨਾਲ ਸਾਂਝੀਆਂ ਕਰਨੀਆਂ ਅਤੇ ਮੇਰੀ ਰੁਟੀਨ ਬਾਰੇ ਵੀ ਉਹਨਾਂ ਨੂੰ ਸਭ ਪਤਾ ਸੀ । ਪਿਛਲੇ ਇੱਕ ਮਹੀਨੇ ਤੋਂ ਤਾਂ ਉਹ ਸਾਨੂੰ ਸਾਰੇ ਬੱਚਿਆਂ ਨੂੰ ਫੋਨ ਤੇ ਮੂਲ-ਮੰਤਰ ਦਾ ਜਾਪ ਵੀ ਕਰਵਾਉਂਦੇ ਰਹੇ ।
ਉਹਨਾਂ ਦੇ ਇਸ ਦੁਨੀਆਂ ਤੋ ਚਲੇ ਜਾਣ ਨਾਲ ਸਾਡੀ ਜਿੰਦਗੀ ਵਿੱਚ ਜੋ ਖਾਲੀਪਣ ਆ ਗਿਆ ਹੈ ੳਹ ਕਦੇ ਵੀ ਪੂਰਾ ਨਹੀ ਹੋ ਸਕਦਾ । ਉਹ ਸਾਡੀ ਸਭ ਤੋ ਵੱਡੀ ਦੌਲਤ, ਸਾਡੇ ਸੱਚੇ ਮਾਰਗ ਦਰਸ਼ਕ ਅਤੇ ਸਾਡੇ ਆਦਰਸ਼ ਸਨ । ਹਾਂ ਇਹ ਤਸੱਲੀ ਹੈ ਕਿ ਉਹ ਵਿਰਾਸਤ ਵਿੱਚ ਸਾਨੂੰ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਕੇ ਗਏ ਹਨ । ਬੜਾ ਮਾਣ ਮਹਿਸੂਸ ਜਦੋ ਕੋਈ ਜਾਣ-ਪਛਾਣ ਵਾਲੇ ਆ ਕੇ ਕਹਿੰਦੇ ਨੇ ਇਹ ਤਾਂ ਦਵਿੰਦਰ ਦੀ ਧੀ ਲੱਗਦੀ ਹੈ ।
ਪ੍ਰਮਾਤਮਾ ਅੱਗੇ ਅਰਦਾਸ, ਜੋਦੜੀ ਕਿ ਪ੍ਰਮਾਤਮਾ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ੳਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ- ਬਖਸ਼ੇ । ਅਥਾਹ ਪਿਆਰ ਅਤੇ ਨਿਮਰਤਾ ਦੇ ਸਾਗਰ ਮੇਰੇ ਪਿਆਰੇ ਪਾਪਾ ਸ. ਦਵਿੰਦਰ ਸਿੰਘ ਟੈਕਸਲਾ ਜੀਓ ਤੁਸੀ ਹਮੇਸਾਂ ਸਾਡੇ ਦਿਲਾਂ ਵਿੱਚ ਰਹੋਗੇ ।
ਡਾ. ਗਗਨਦੀਪ ਕੌਰ
ਅਸਿਸਟੈਂਟ ਪ੍ਰੋਫੈਸਰ
ਸਰਕਾਰੀ ਬ੍ਰਿਜਿੰਦਰਾ ਕਾਲਜ
ਫਰੀਦਕੋਟ ।
ਮੋਬਾਈਲ ਨੰਬਰ -9417380363

-
ਡਾ. ਗਗਨਦੀਪ ਕੌਰ , ਅਸਿਸਟੈਂਟ ਪ੍ਰੋਫੈਸਰ
gagan@
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.