ਭਾਜਪਾ ਦੀ ਸਰਕਾਰ ਆਉਣ ਨਾਲ, ਭਾਰਤਵਾਸੀਆਂ ਨੂੰ ਪ੍ਰਤੱਖ ਰੂਪ ਵਿੱਚ ਇਹ ਲਾਭ ਹੋਇਆ ਹੈ ਕਿ ਭਾਰਤੀ ਧਰਮਾਂ ਦੀ ਸੁਰੱਖਿਆ ਲਈ ਅਤੇ ਵਿਦੇਸ਼ੀ ਧਰਮਾਂਤਰਣ ਦੇ ਵਿਰੁੱਧ ਕੁਝ ਜਾਗਰੂਕਤਾ ਆਈ ਹੈ। ਪਰੰਤੂ, ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਵਿਦੇਸ਼ੀਆਂ ਨੇ ਸਾਡੇ ਦੇਸ਼ ਵਿੱਚ ਆ ਕੇ, ਧਰਮਾਂਤਰਣ ਕਰ ਕਿਵੇਂ ਲਿਆ? ਸਾਡੇ ਦੇਸ਼ ਦੇ ਚਾਰ ਮੁੱਖ ਧਰਮ ਹਨ, ਜੋ ਭਾਰਤੀ ਸੰਸਕ੍ਰਿਤੀ ਤੋਂ ਉਪਜੇ ਹਨ: ਹਿੰਦੂ, ਸਿੱਖ, ਜੈਨ ਅਤੇ ਬੁੱਧ। ਇਨ੍ਹਾਂ ਚਾਰਾਂ ਧਰਮਾਂ ਦਾ ਮੂਲ ਸਿਧਾਂਤ ‘ਇੱਕ’ ਹੈ। ਫਿਰ ਵੀ ਇਹ ਚਾਰੇ ਧਰਮ ਦਿਨ-ਪ੍ਰਤੀ-ਦਿਨ ਘੱਟਦੇ ਜਾ ਰਹੇ ਹਨ ਅਤੇ ਵਿਦੇਸ਼ੀ ਧਰਮ ਵੱਧ ਰਹੇ ਹਨ, ਇਸ ਦੇ ਪਿੱਛੇ ਕੀ ਕਾਰਨ ਹੈ? ਭਾਜਪਾ ਸਰਕਾਰ ਦੇ ਆਉਣ ਨਾਲ ਭਾਰਤੀ ਧਰਮਾਂ ਵਿੱਚ ਸ੍ਵੈ-ਰੱਖਿਆ ਲਈ ਕੁਝ ਜਾਗਰੂਕਤਾ ਆਈ ਹੈ। ਪਰੰਤੂ, ਜਦੋਂ ਤੱਕ ਅਸੀਂ ਚਾਰੇ ਧਰਮਾਂ ਵਾਲੇ ਆਪ ਜਾਗਰੂਕ ਹੋ ਕੇ, ਧਰਮਾਂਤਰਣ ਹੋਏ ਲੋਕਾਂ ਨੂੰ ਵਾਪਸ ਲਿਆਉਣਾ ਸ਼ੁਰੂ ਨਹੀਂ ਕਰਦੇ ਅਤੇ ਆਪਣੇ ਧਰਮਾਂ ਨੂੰ ਵਧਾਉਣਾ ਸ਼ੁਰੂ ਨਹੀਂ ਕਰਦੇ; ਉਦੋਂ ਤੱਕ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਕਾਨੂੰਨ ਕੀ ਕਰ ਲੈਣ ਗੇ?
ਵਿਚਾਰਨ ਦੀ ਲੋੜ ਹੈ: ਅੱਜ ਤੱਕ ਅਸੀਂ ਸੁੱਤੇ ਕਿਉਂ ਰਹੇ ਹਾਂ? ਸਾਡੇ ਦੇਸ਼ ਵਿੱਚ, ਸਾਡੇ ਹੀ ਧਰਮਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ ਅਤੇ ਵਿਦੇਸ਼ੀ ਧਰਮ ਵੱਧ ਰਹੇ ਹਨ। ਲੋਕ ਵਿਦੇਸ਼ੀ ਧਰਮਾਂ ਵਿੱਚ ਜਾ ਰਹੇ ਹਨ। ਕਿਉਂ?.. ਜਦੋਂ ਤੱਕ ਕਾਰਨ ਦੂਰ ਨਹੀਂ ਹੁੰਦਾ, ਉਦੋਂ ਤੱਕ ਉਸ ਦਾ ਨਿਵਾਰਣ ਵੀ ਨਹੀਂ ਹੋ ਸਕਦਾ। ਜਿਵੇਂ: ਕੋਈ ਵਿਸ਼ੇਸ਼ ਵਸਤੂ ਖਾਣ ਨਾਲ, ਕਿਸੇ ਵਿਅਕਤੀ ਦੇ ਢਿੱਡ-ਪੀੜ ਹੋ ਰਹੀ ਹੈ। ਜਦੋਂ ਤੱਕ ਉਹ ਵਿਅਕਤੀ, ਪੀੜ ਪੈਦਾ ਕਰਨ ਵਾਲੀ ਉਸ ਵਸਤੂ ਨੂੰ ਖਾਣਾ ਨਹੀਂ ਛੱਡੇਗਾ; ਉਦੋਂ ਤੱਕ ਵਧੀਆ ਤੋਂ ਵਧੀਆ ਔਸ਼ਧੀ ਨਾਲ ਵੀ, ਉਸ ਦੀ ਢਿੱਡ-ਪੀੜ ਘੱਟ ਜਾਂ ਸਮਾਪਤ ਨਹੀਂ ਹੋ ਸਕਦੀ। ਇਸੇ ਤਰ੍ਹਾਂ, ਧਰਮਾਂਤਰਣ ਰੋਕਣ ਉਪਰੰਤ ਹੀ, ਧਰਮ-ਉੱਥਾਨ ਹੋ ਸਕਦਾ ਹੈ।
ਭਾਰਤੀ ਧਰਮ-ਉੱਥਾਨ ਲਈ, ਸਭ ਤੋਂ ਪਹਿਲਾਂ ਤਾਂ ਧਰਮਾਂਤਰਣ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰ ਕੇ ਜਾਣਨਾ ਅਤੇ ਉਨ੍ਹਾਂ ਦਾ ਨਿਵਾਰਣ ਕਰਨਾ: ਅਤਿਅੰਤ ਜ਼ਰੂਰੀ ਹੈ। ਜਿਸ ਲਈ, ਮੈਂ ਸੰਖੇਪ ਵਿੱਚ ਕੁਝ ਸੁਝਾਅ ਪੇਸ਼ ਕਰ ਰਿਹਾ ਹਾਂ। ਸਭ ਤੋਂ ਪਹਿਲਾਂ, ਧਰਮਾਂਤਰਣ ਦੇ ਮੁੱਖ ਕਾਰਨ ਹੇਠ ਲਿਖੇ ਹਨ:-
1. ਅਸੀਂ ਆਪਣੇ ਧਰਮ ਦੇ ਲੋਕਾਂ ਨੂੰ ਨਹੀਂ ਸੰਭਾਲਿਆ। ਭਾਵ: ਆਪਣੇ ਗਰੀਬ ਭੈਣ-ਭਰਾਵਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ। ਅਸੀਂ ਭਾਰਤੀ ਧਰਮਾਂ ਵਾਲਿਆਂ ਨੇ ਆਪਣੇ-ਆਪਣੇ ਮੰਦਿਰਾਂ ਵਿੱਚ ਕਥਾ-ਕੀਰਤਨ ਕੀਤਾ ਅਤੇ ਵਧੀਆ ਕੀਮਤੀ ਪ੍ਰਸ਼ਾਦ ਵੰਡਿਆ ਅਤੇ ਖਾਧਾ; ਪਰੰਤੂ ਬਾਹਰ ਨਿਕਲ ਕੇ ਆਪਣੇ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਕੀਤਾ।
2. ਜੇ ਕੋਈ ਵਿਦੇਸ਼ੀ ਧਰਮਾਂ ਵਾਲੇ ਸਾਡੇ ਧਰਮ ਵਿੱਚ ਸ਼ਾਮਲ ਹੋਣਾ ਵੀ ਚਾਹੁੰਦੇ ਸਨ, ਤਾਂ ਸਾਡੇ ਧਰਮ-ਆਚਾਰੀਆਂ ਨੇ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਤੋਂ ਮਨ੍ਹਾ ਕਰ ਦਿੱਤਾ। ਇਤਿਹਾਸ ਗਵਾਹ ਹੈ ਕਿ 1320 ਵਿੱਚ, ਜਦੋਂ ਲੱਦਾਖ ਦਾ ਰਾਜਾ ਰਿਨਚਿਨ, ਕਸ਼ਮੀਰ ਵਿੱਚ ‘ਹਿੰਦੂ’ ਬਣਨ ਆਇਆ; ਤਾਂ ਸਾਡੇ ਧਰਮ-ਆਚਾਰੀਆ ‘ਦੇਵ ਸਵਾਮੀ’ ਨੇ ਉਸ ਨੂੰ ਦੀਖਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਸ ਨੂੰ ‘ਹਿੰਦੂ’ ਨਹੀਂ ਬਣਾਇਆ। ਉਹ ਮੁਸਲਮਾਨਾਂ ਦੇ ਪੀਰ, ਬੁਲਬੁਲ ਸ਼ਾਹ ਕੋਲ ਚਲਾ ਗਿਆ, ਜਿਸ ਨੇ ਰਿਨਚਿਨ ਨੂੰ ‘ਮੁਸਲਮਾਨ’ ਬਣਾ ਲਿਆ। ਇਸਲਾਮ ਗ੍ਰਹਿਣ ਕਰਦੇ ਹੀ, ਉਸ ਨੇ ਕਸ਼ਮੀਰ ਦਾ ਵੱਡਾ ਭਾਗ ‘ਮੁਸਲਮਾਨ’ ਬਣਾ ਦਿੱਤਾ। ਜੋ ਕਸ਼ਮੀਰੀ ਹਿੰਦੂ, ਮੁਸਲਮਾਨ ਨਹੀਂ ਬਣੇ; ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਕਸ਼ਮੀਰ ਦੇ ਮੁਸਲਮਾਨਾਂ ਨੇ 600 ਸਾਲ ਪਹਿਲਾਂ, ਮਹਾਰਾਜਾ ਗੁਲਾਬ ਸਿੰਘ ਦੀ ਸ਼ਰਨ ਵਿੱਚ ਬੇਨਤੀ ਕੀਤੀ “ਮੁਸਲਮਾਨ ਰਾਜ ਦੀ ਮਜਬੂਰੀ ਵਿੱਚ, ਸਾਨੂੰ ‘ਮੁਸਲਮਾਨ’ ਬਣਨਾ ਪਿਆ ਸੀ। ਹੁਣ ਅਸੀਂ ਦੁਬਾਰਾ ‘ਹਿੰਦੂ’ ਬਣਨਾ ਚਾਹੁੰਦੇ ਹਾਂ”। ਜਦੋਂ ਮਹਾਰਾਜਾ ਨੇ ਹਿੰਦੂਆਂ ਤੋਂ ਮੁਸਲਮਾਨ ਬਣ ਚੁੱਕੇ ਲੋਕਾਂ ਨੂੰ, ਦੁਬਾਰਾ ਹਿੰਦੂ ਧਰਮ ਵਿੱਚ ਅਪਣਾਉਣ ਦੀ ਬੇਨਤੀ, ਕਸ਼ਮੀਰ ਸਥਿਤ ਹਿੰਦੂ ਆਚਾਰੀਆਂ ਨੂੰ ਕੀਤੀ; ਤਾਂ ਆਚਾਰੀਆਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ “ਜੇ ਹਿੰਦੂਆਂ ਤੋਂ ਮੁਸਲਮਾਨ ਬਣ ਚੁੱਕੇ ਲੋਕਾਂ ਨੂੰ, ਫਿਰ ਤੋਂ ‘ਹਿੰਦੂ’ ਬਣਾਇਆ ਗਿਆ; ਤਾਂ ਅਸੀਂ ਜੇਹਲਮ ਨਦੀ ਵਿੱਚ ਡੁੱਬ ਕੇ ਆਪਣੇ ਪ੍ਰਾਣ ਤਿਆਗ ਦੇਵਾਂਗੇ ਅਤੇ ਤੁਹਾਨੂੰ ‘ਬ੍ਰਹਮ ਹੱਤਿਆ’ ਦਾ ਪਾਪ ਲੱਗੇਗਾ।” ਮਹਾਰਾਜਾ ਡਰ ਗਿਆ। ਇਸ ਤਰ੍ਹਾਂ, ਸਾਡੇ ਆਚਾਰੀਆਂ ਦੀ ਸੰਕੀਰਨ ਸੋਚ ਕਾਰਨ, ਹਿੰਦੂ ਤੋਂ ਮੁਸਲਮਾਨ ਬਣੇ ਲੋਕ, ਵਾਪਸ ‘ਹਿੰਦੂ’ ਨਾ ਬਣ ਸਕੇ।
3. ਛੂਤ-ਛਾਤ ਦੇ ਕਾਰਨ ਵੀ, ਅਸੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਮਿਲਾਇਆ ਅਤੇ ਉਨ੍ਹਾਂ ਨੂੰ ਆਪਣੇ ਤੋਂ ਦੂਰ ਕੀਤਾ। ਜਿਸ ਕਾਰਨ, ਸਾਡੇ ਧਰਮਾਂ ਦੇ ਅਨੁਯਾਈਆਂ ਦੀ ਗਿਣਤੀ ਘੱਟ ਗਈ। ਵਿਸ਼ੇਸ਼ ਰੂਪ ਵਿੱਚ ਹਿੰਦੂਆਂ ਨੇ, ਜਿਨ੍ਹਾਂ ‘ਅਛੂਤ’ ਆਖੇ ਜਾਂਦੇ ਲੋਕਾਂ ਨੂੰ ਦੂਰ ਕੀਤਾ ਸੀ; ਉਹਨਾਂ ਨੂੰ ਈਸਾਈ ਅਤੇ ਇਸਲਾਮ ਧਰਮ ਵਾਲਿਆਂ ਨੇ, ਆਪਣੇ ਵਿੱਚ ਮਿਲਾ ਕੇ ਅਪਣਾ ਲਿਆ।
4. ਇਸੇ ਤਰ੍ਹਾਂ, ਬੁੱਧ ਧਰਮ ਤੋਂ ਬਿਨਾਂ ਬਾਕੀ ਭਾਰਤੀ ਧਰਮਾਂ ਦੇ ਵੱਡੇ ਆਚਾਰੀਆ, ਕਿਸੇ ਕਾਰਨ ਆਪਣੇ ਧਰਮ ਨੂੰ ਵਧਾਉਣ ਦਾ ‘ਲਕਸ਼’ ਹੀ ਤੈਅ ਨਹੀਂ ਕਰ ਪਾਏ। ਭਾਰਤੀ ਧਰਮ-ਆਚਾਰੀਆ ਨੇ ਇਹ ਤਾਂ ਤੈਅ ਕਰ ਲਿਆ ਕਿ “ਅਸੀਂ ਆਪਣਾ ਜਨਮ-ਮਰਨ ਨਿਵਾਰਣ ਕਰਨਾ ਹੈ ਅਤੇ ਚੌਰਾਸੀ ਲੱਖ ਜੂਨਾਂ ਵਿੱਚ ਵਾਪਸ ਨਹੀਂ ਆਉਣਾ।” ਪਰੰਤੂ, "ਅਸੀਂ ਆਪਣੇ ਧਰਮ ਨੂੰ ਵਧਾਉਣਾ ਕਿਵੇਂ ਹੈ?” ਇਹ ਲਕਸ਼ ਤਾਂ ਸਾਡੇ ਆਚਾਰੀਆਂ ਨੇ ਕਦੇ ਤੈਅ ਕੀਤਾ ਹੀ ਨਹੀਂ। ਇਸੇ ਕਾਰਨ, ਉਨ੍ਹਾਂ ਨੇ ਆਪਣੇ ਸ਼ਿਸ਼ਯ ਰਾਜਿਆਂ ਨੂੰ, ਆਪਣਾ ਧਰਮ ਫੈਲਾਉਣ ਦਾ ਆਦੇਸ਼ ਵੀ ਨਹੀਂ ਦਿੱਤਾ। ਦੁੱਖ ਦੀ ਗੱਲ ਹੈ: ਸਾਡੇ ਬਹੁਤੇ ਭਾਰਤੀ ਰਾਜਿਆਂ ਨੇ ਵੀ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦਾ, ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ। ਇੱਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ, ਸਿੱਖ ਪੰਥ ਨੂੰ ਵਧਾਉਣ ਵਾਸਤੇ, ਸਮਰਾਟ ਅਸ਼ੋਕ ਵਾਂਗ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ।
5. ਸਾਡੇ ਚਾਰੇ ਧਰਮਾਂ ਦੇ ਹ੍ਰਾਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੇ ਮੰਦਿਰ-ਗੁਰਦੁਆਰਿਆਂ ਵਿੱਚ ਸੋਨਾ, ਚਾਂਦੀ ਅਤੇ ਕੀਮਤੀ ਪੱਥਰ ਆਦਿ ਉੱਤੇ ਬਹੁਤ ਪੈਸਾ ਲਗਾਉਂਦੇ ਹਾਂ। ਪਰੰਤੂ, ਉਸੇ ਪੈਸੇ ਨੂੰ ਆਪਣੇ ਗ਼ਰੀਬ ਭੈਣ-ਭਰਾਵਾਂ ਵਿੱਚ ਵੰਡ ਕੇ; ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ, ਜੋ ਕਰਨੀਆਂ ਚਾਹੀਦੀਆਂ ਸਨ। ਕਿਉਂਕਿ, ਕਿਸੇ ਵੀ ਧਰਮ ਅਤੇ ਧਰਮ-ਅਸਥਾਨ ਦਾ ਵਿਸ਼ੇਸ਼ ਕਾਰਜ ਤਾਂ “ਆਪਣੇ ਆਸ-ਪਾਸ ਦੇ ਲੋਕਾਂ ਅਤੇ ਆਪਣੇ ਅਨੁਯਾਈਆਂ ਦਾ ਜੀਵਨ ਹਰ ਤਰ੍ਹਾਂ ਸੁਖੀ ਕਰਨਾ ਹੈ।” ਧਰਮ-ਅਸਥਾਨਾਂ ਵਿੱਚ ਲੋਕਾਂ ਦੁਆਰਾ ਦਿੱਤੀ ਮਾਇਆ ਲੋਕ-ਭਲਾਈ ਅਤੇ ਧਰਮ-ਪ੍ਰਚਾਰ ਹਿਤ ਲੱਗਣੀ ਚਾਹੀਦੀ ਹੈ। ਧਰਮ-ਅਸਥਾਨਾਂ ਵਿੱਚ ਵੱਡੀ ਮਾਤਰਾ ਵਿੱਚ ਸੋਨੇ-ਜਵਾਹਰਾਤ ਆਦਿ ਨੂੰ, ਭੰਡਾਰ ਦੇ ਰੂਪ ਵਿੱਚ ਸੰਭਾਲ ਕੇ ਰੱਖਣਾ: ਇਹ ਧਰਮ-ਕਰਮ ਨਹੀਂ। ਧਰਮ-ਕਰਮ ਹੈ: ਉਸ ਵਸਤੂ ਨਾਲ ਗ਼ਰੀਬਾਂ ਦੀ ਸਹਾਇਤਾ ਕਰਨੀ।
ਵਰਲਡ ਗੋਲਡ ਕੌਂਸਲ (World Gold Council) ਦੇ ਅਨੁਸਾਰ: ਪਦਮਨਾਭ ਸਵਾਮੀ ਮੰਦਿਰ, ਤਿਰੂਪਤੀ ਬਾਲਾਜੀ ਮੰਦਿਰ, ਜਗਨਨਾਥ ਮੰਦਿਰ, ਵੈਸ਼ਨੋ ਦੇਵੀ ਮੰਦਿਰ ਵਿੱਚ 40,00,000 ਕਿਲੋ ਸੋਨਾ ਰੱਖਿਆ ਹੋਇਆ ਹੈ। ਥਾਈਲੈਂਡ ਦੇ ਵਾਟ ਟ੍ਰੇਮਿਟ (Wat Traimit) ਮੰਦਿਰ ਵਿੱਚ 5500 ਕਿਲੋ ਦੀ ਮਹਾਤਮਾ ਬੁੱਧ ਦੀ ਸੋਨੇ ਦੀ ਪ੍ਰਤਿਮਾ/ਮੂਰਤੀ ਲਗਾਈ ਗਈ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਇਮਾਰਤ ਉੱਤੇ 750 ਕਿਲੋ ਸੋਨਾ ਲੱਗਾ ਹੋਇਆ ਹੈ। ਇਸ ਤੋਂ ਇਲਾਵਾ, ਉੱਥੇ ਸੋਨੇ ਦੇ ਬਣੇ ਛਤਰ, ਚੌਰ ਆਦਿ ਬਹੁਤ ਸਾਰੀਆਂ ਵਸਤਾਂ, ਭੰਡਾਰ ਦੇ ਰੂਪ ਵਿੱਚ ਸੰਚਿਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ, ਸ਼੍ਰਵਣਬੇਲਗੋਲਾ, ਸ਼ੰਖੇਸ਼ਵਰ, ਪਾਵਾਪੁਰੀ, ਪਾਲੀਤਾਨਾ, ਮੁੰਬਈ ਸਥਿਤ ਜੈਨ ਮੰਦਰਾਂ ਵਿੱਚ ਕਈ ਸੌ ਕਿਲੋ ਸੋਨੇ ਦੇ ਛਤਰ, ਮੁਕਟ, ਰਥ ਆਦਿ ਦੇ ਭੰਡਾਰ ਸੰਚਿਤ ਹਨ।
ਭਾਵੇਂ ਧਰਮ-ਅਸਥਾਨ ਸੁੰਦਰ ਹੋਣੇ ਚਾਹੀਦੇ ਹਨ; ਪਰੰਤੂ, ਮੰਦਿਰ-ਗੁਰਦੁਆਰੇ ਵਿੱਚ ਸੋਨਾ-ਜਵਾਹਰਾਤ ਆਦਿ ਲਗਾ ਕੇ ਭਗਵਾਨ ਨੂੰ ਖੁਸ਼ ਕਰਨ ਵਾਲੇ ਸੱਜਣਾਂ ਨੂੰ ਇਹ ਵਿਚਾਰਨ ਦੀ ਲੋੜ ਹੈ: ਭਗਵਾਨ ਸ਼੍ਰੀ ਰਾਮ ਚੰਦਰ ਜੀ ਤਾਂ ਭੀਲਣੀ ਦੀ ਝੁੱਗੀ ਵਿੱਚ ਜਾ ਕੇ ਅਤੇ ਬੇਰ ਖਾ ਕੇ ਪ੍ਰਸੰਨ ਹੁੰਦੇ ਸਨ, ਭਗਵਾਨ ਕ੍ਰਿਸ਼ਨ ਜੀ ਬਿਦਰ ਦੀ ਝੁੱਗੀ ਵਿੱਚ ਜਾ ਕੇ ਅਲੂਣਾ ਸਾਗ ਖਾ ਕੇ ਪ੍ਰਸੰਨ ਸਨ, ਭਗਵਾਨ ਮਹਾਵੀਰ ਜੀ ਤਾਂ ਕੋਈ ਕੱਪੜਾ ਵੀ ਤਨ ਉੱਤੇ ਨਹੀਂ ਰੱਖਦੇ ਸਨ, ਭਗਵਾਨ ਬੁੱਧ ਜੀ ਕੇਵਲ ਇੱਕ ਕੱਪੜਾ ਹੀ ਪਹਿਨਦੇ ਸਨ, ਭਗਵਾਨ ਸਤਿਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੀ ਝੁੱਗੀ ਵਿੱਚ ਰਹਿ ਕੇ ਅਤੇ ਕੋਧਰੇ ਦੀ ਰੋਟੀ ਖਾ ਕੇ ਖੁਸ਼ ਹੁੰਦੇ ਸਨ। ਵਿਚਾਰ ਕਰੋ! ਅਸੀਂ ਸੋਨੇ-ਜਵਾਹਰਾਤ ਨਾਲ ਅਤੇ ਕੀਮਤੀ ਪਦਾਰਥਾਂ ਦੇ ਭੋਗ ਲਗਾ ਕੇ, ਕਿਸ ਭਗਵਾਨ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹਾਂ?
ਮੁੱਖ ਰੂਪ ਵਿੱਚ, ਇਨ੍ਹਾਂ ਉਪਰੋਕਤ ਕਾਰਨਾਂ ਕਰਕੇ ਹੀ, ਸਾਡੇ ਭਾਰਤੀ ਧਰਮਾਂ ਦਾ ਹ੍ਰਾਸ ਹੋ ਕੇ, ਸਾਡੇ ਧਰਮਾਂ ਦੇ ਅਨੁਯਾਈਆਂ ਦੀ ਗਿਣਤੀ ਘਟੀ ਹੈ ਅਤੇ ਉਨ੍ਹਾਂ ਦਾ ਵਿਦੇਸ਼ੀ ਧਰਮਾਂ ਵਿੱਚ ਧਰਮਾਂਤਰਣ ਹੋਇਆ ਹੈ। ਅਸੀਂ ਲੋਕਾਂ ਨੂੰ ਪ੍ਰੇਮ ਅਤੇ ਸੇਵਾ ਨਾਲ ਸੰਭਾਲਿਆ ਨਹੀਂ ਅਤੇ ਆਪਣੇ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਕੀਤਾ। ਸਾਡੇ ਧਰਮਾਂ ਦੇ ਮੰਦਿਰ-ਗੁਰਦੁਆਰਿਆਂ ਵਿੱਚ ਪੈਸੇ ਦੀ ਕਮੀ ਨਹੀਂ। ਪਰੰਤੂ ਸਾਡੀ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਵਾਲੀ ਸੋਚ ਵਿੱਚ ਕਮੀ ਰਹੀ ਹੈ। ਕਿਉਂਕਿ, ਅਸੀਂ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦਾ ਲਕਸ਼ ਹੀ ਤੈਅ ਨਹੀਂ ਕੀਤਾ। ਲਕਸ਼ ਤੈਅ ਕਰਨਾ ਤਾਂ ਦੂਰ ਦੀ ਗੱਲ ਹੈ; ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦੀ ਸੋਚ ਹੀ ਨਹੀਂ ਬਣਾਈ। ਅਸੀਂ ਤਾਂ ਵੱਡੇ-ਵੱਡੇ ਰਾਜਿਆਂ ਨੂੰ ਉਪਦੇਸ਼ ਦਿੱਤੇ “ਰਾਜ-ਸੱਤਾ ਅਤੇ ਧਨ-ਪਦਾਰਥ: ਸਭ ਮਿਥਿਆ ਹਨ, ਇਹ ਤੁਹਾਨੂੰ ਨਹੀਂ ਰੱਖਣੇ ਚਾਹੀਦੇ। ਇੱਥੋਂ ਤੱਕ ਕਿ ਤੁਹਾਡਾ ਸਾਰਾ ਪਰਿਵਾਰ ਵੀ ਝੂਠਾ ਹੈ, ਸਭ ਕੁਝ ਤਿਆਗ ਦਿਓ। ਇਸ ਨੂੰ ਛੱਡ ਕੇ ਜੰਗਲ ਵਿੱਚ ਚਲੇ ਜਾਓ, ਉੱਥੇ ਜਾ ਕੇ ਤਪ ਕਰੋ।” ਅਸੀਂ ਤਾਂ ਤਿਆਗ, ਜੀਵਨ-ਮੁਕਤ, ਬ੍ਰਹਮ ਗਿਆਨ ਆਦਿ ਦੇ ਸ਼ੁਭ ਉਪਦੇਸ਼ ਦਿੱਤੇ ਹਨ। ਭਾਵੇਂ ਇਹ ਸ਼ੁਭ ਉਪਦੇਸ਼ ਉੱਤਮ ਹਨ ਅਤੇ ਤਿਆਗ ਕਰਨਾ ਚੰਗਾ ਹੈ। ਪਰੰਤੂ, ਇਨ੍ਹਾਂ ਸ਼ੁਭ ਉਪਦੇਸ਼ਾਂ ਅਤੇ ਤਿਆਗਮਈ ਕਾਰਜਾਂ ਦਾ ਫਲ: ਭਾਰਤੀ ਧਰਮਾਂ ਦਾ ਵਿਘਟਨ ਹੋ ਕੇ, ਸਾਡੇ ਸਾਹਮਣੇ ਹੈ। ਉਪਰੋਕਤ ਲਿਖੇ ਸ਼ੁਭ ਕਰਮਾਂ ਦਾ ਪ੍ਰਚਾਰ ਕਰਨ ਲਈ ਵੀ ਤਾਂ, ਸਮਰਾਟ ਅਸ਼ੋਕ ਵਰਗੀ ਰਾਜ-ਸੱਤਾ ਦੀ ਲੋੜ ਹੈ। ਰਾਜ-ਸੱਤਾ ਤੋਂ ਬਿਨਾਂ ਪ੍ਰਚਾਰ ਸੰਭਵ ਹੀ ਨਹੀਂ। ਧਰਮ ਦਾ ਪ੍ਰਚਾਰ ਕਰਨ ਲਈ ਰਾਜ ਸੱਤਾ ਦੀ ਅਤੇ ਧਨ ਦੀ ਲੋੜ ਹੈ। ਤਿਆਗ ਅਤੇ ਤਪ ਦੀ ਲੋੜ ਨਹੀਂ। ਜੇ ਰਾਜਾ ਜੰਗਲ ਵਿੱਚ ਜਾ ਕੇ ਤਪ ਕਰੇਗਾ, ਤਾਂ ਉਸ ਦੇ ਤਪ ਕਰਨ ਨਾਲ ਕਿਸੇ ਵੀ ਧਰਮ ਦਾ ਪ੍ਰਚਾਰ ਨਹੀਂ ਹੋ ਸਕਦਾ। ਉਸ ਨੂੰ ਮੁਕਤੀ ਤਾਂ ਮਿਲ ਸਕਦੀ ਹੈ; ਪਰੰਤੂ, ਉਸ ਦੇ ਧਰਮ ਦਾ ਪ੍ਰਚਾਰ ਨਹੀਂ ਹੋ ਸਕਦਾ ਅਤੇ ਉਸ ਦੇ ਦੇਸ਼ ਵਿੱਚ ਅਰਾਜਕਤਾ ਵੀ ਫੈਲ ਜਾਵੇਗੀ।
ਸਮਰਾਟ ਅਸ਼ੋਕ ਨੇ ਇੱਕ ਸੋਚ ਬਣਾਈ ਸੀ ਕਿ "ਮੈਂ ਬੁੱਧ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ।” ਰਾਜ ਸੱਤਾ ਆਰੂੜ ਹੋਣ ਕਾਰਨ ਹੀ, ਬੁੱਧ ਧਰਮ ਦਾ ਪ੍ਰਚਾਰ ਕਰਨ ਵਿੱਚ ਉਸ ਨੂੰ ਸਫਲਤਾ ਪ੍ਰਾਪਤ ਹੋਈ। ਰਾਜ-ਸੱਤਾ ਨੂੰ ਮਿਥਿਆ ਮੰਨ ਕੇ, ਜੇ ਸਮਰਾਟ ਅਸ਼ੋਕ ਰਾਜ-ਸੱਤਾ ਤਿਆਗ ਦਿੰਦਾ; ਤਾਂ ਬੁੱਧ ਧਰਮ ਦਾ ਪ੍ਰਚਾਰ ਕਿਸੇ ਵੀ ਤਰ੍ਹਾਂ ਨਾਲ ਸੰਭਵ ਨਹੀਂ ਸੀ। ਅੱਜ ਬੁੱਧ ਧਰਮ ਦੇ ਦਸ ਦੇਸ਼ ਹਨ। ਅਤੇ, ਹਿੰਦੂ ਧਰਮ (ਸਨਾਤਨ) ਕੋਲ ਆਪਣਾ ਦੇਸ਼ ਤਾਂ ਕੀ ਬਚਣਾ ਸੀ; ਆਪਣਾ ਨਾਮ ‘ਸਨਾਤਨ’ ਵੀ ਨਹੀਂ ਬਚਿਆ। ‘ਸਨਾਤਨ’ ਨਾਮ ਖੋਹ ਕੇ, ਵਿਦੇਸ਼ੀਆਂ ਨੇ ਸਨਾਤਨੀਆਂ ਨੂੰ ‘ਹਿੰਦੂ’ ਨਾਮ ਦੇ ਦਿੱਤਾ। ਇੱਥੋਂ ਤੱਕ ਕਿ ਸਨਾਤਨ (ਹਿੰਦੂ) ਧਰਮ ਦਾ ਜਨਮ ਅਸਥਾਨ ‘ਭਾਰਤ’ ਵੀ ਉਨ੍ਹਾਂ ਕੋਲ ‘ਆਪਣਾ’ ਨਹੀਂ ਬਚਿਆ। ਕਿਉਂ? ਹਿੰਦੂ ਭਰਾਵੋ! ਤੁਹਾਡਾ ਕੀ ਹੈ? ਕੁਝ ਵੀ ਨਹੀਂ। ਤੁਸੀਂ ਤਾਂ ਧਰਮ-ਨਿਰਪੱਖਤਾ ਦੇ ਰੋਗ ਨਾਲ ਗ੍ਰਸਤ ਹੋ ਕੇ, ਆਪਣੇ ਹੀ ਦੇਸ਼ ਵਿੱਚ, ਆਪਣੇ ਹੀ ਧਰਮ ਦੀ ਵਿਰੋਧਤਾ ਕਰ ਰਹੇ ਹੋ। ਜਿਆਦਾਤਰ ਈਸਾਈ ਦੇਸ਼, ਆਪਣੇ ਆਪ ਨੂੰ ਧਰਮ-ਨਿਰਪੱਖ ਕਹਿ ਕੇ, ਆਪਣੇ ਈਸਾਈ ਧਰਮ ਦਾ ਪ੍ਰਚਾਰ ਕਰਦੇ ਹਨ। ਈਸਾਈ ਅਤੇ ਇਸਲਾਮ ਧਰਮ ਦਾ ਸੰਸਾਰ ਭਰ ਵਿੱਚ ਸਭ ਤੋਂ ਵੱਧ ਫੈਲਣ ਦਾ ਇੱਕੋ ਇੱਕ ਕਾਰਨ ਹੀ ਇਹ ਹੈ ਕਿ ਈਸਾਈ ਅਤੇ ਮੁਸਲਮਾਨ ਰਾਜਿਆਂ ਨੇ, ਰਾਜ-ਸੱਤਾ ਦੇ ਸਾਧਨਾਂ ਦੀ ਵਰਤੋਂ ਕਰ ਕੇ, ਆਪਣੇ ਧਰਮਾਂ ਦਾ ਪ੍ਰਚਾਰ ਕੀਤਾ ਸੀ।
ਜੇ ਰਾਜ-ਸੱਤਾ ਅਤੇ ਜਗਤ ਝੂਠ ਹੈ: ਤਾਂ ਜਿਨ੍ਹਾਂ ਨੇ ਰਾਜ-ਭਾਗ ਦਾ ਲਾਲਚ ਕੀਤਾ, ਕਪਟ ਕੀਤਾ ਅਤੇ ਕ੍ਰੂਰਤਾ ਕੀਤੀ; ਉਹ ਅੱਜ ਸੰਸਾਰ ਭਰ ਵਿੱਚ ਕਿਉਂ ਛਾ ਗਏ ਹਨ? ਅਸੀਂ ਤਿਆਗ ਕੀਤਾ, ਅਤੇ ਅਸੀਂ ਆਪਣੇ ਹੀ ਘਰ ਵਿੱਚ ਅੱਜ ਖਤਮ ਹੋਣ ਦੀ ਕਗਾਰ ਉੱਤੇ ਪਹੁੰਚੇ ਹੋਏ ਹਾਂ। ਸਾਡੇ ਉਸ ਤਪ ਅਤੇ ਤਿਆਗ ਦਾ ਫਲ ਸਾਡੇ ਸਾਹਮਣੇ ਹੈ। ਆਪਣੇ ਧਰਮ ਨੂੰ ਜਿਉਂਦਾ ਰੱਖਣ ਲਈ, ਅਸੀਂ ਸਰਕਾਰ ਤੋਂ ਕਾਨੂੰਨ ਦੀ ਭੀਖ ਮੰਗ ਰਹੇ ਹਾਂ। ਕਿੰਨੀ ਹੈਰਾਨੀ ਦੀ ਗੱਲ ਹੈ: ਧਰਮ-ਨਿਰਪੱਖਤਾ ਦਾ ਨਾਅਰਾ ਦੇਣ ਵਾਲੇ ਲੋਕ, ਰਾਜਨੀਤਿਕ (ਸਿਆਸੀ) ਦਲ-ਨਿਰਪੱਖਤਾ ਦਾ ਨਾਅਰਾ ਕਿਉਂ ਨਹੀਂ ਦਿੰਦੇ? ਜੇਕਰ ਸਾਨੂੰ ਧਰਮ-ਨਿਰਪੱਖ ਹੋਣਾ ਚਾਹੀਦਾ ਹੈ; ਤਾਂ ਸਾਨੂੰ ਪਹਿਲਾਂ, ਰਾਜਨੀਤਿਕ ਦਲ-ਨਿਰਪੱਖ (ਪਾਰਟੀ-ਨਿਰਪੱਖ) ਵੀ ਹੋਣਾ ਚਾਹੀਦਾ ਹੈ।
ਮੇਰੀਆਂ ਇਨ੍ਹਾਂ ਬੇਨਤੀਆਂ ਅਤੇ ਸ਼ਬਦਾਂ ਦਾ ਕਿਰਪਾ ਕਰਕੇ ਗਲਤ ਅਰਥ ਨਾ ਕੱਢੋ। ਮੇਰੇ ਇਨ੍ਹਾਂ ਸ਼ਬਦਾਂ ਦਾ ਤੱਤ ਸਮਝ ਕੇ ਅਤੇ ਮੇਰੀ ਭਾਵਨਾ ਨੂੰ ਸਮਝਦੇ ਹੋਏ ਵਿਚਾਰ ਕਰੋ। ਜਦੋਂ ਤੱਕ ਅਸੀਂ ਕਾਰਨ ਦਾ ਨਿਵਾਰਣ ਨਹੀਂ ਕਰਾਂਗੇ, ਸਾਡੇ ਚਾਰੇ ਧਰਮਾਂ ਦਾ ਉੱਥਾਨ ਨਹੀਂ ਹੋ ਸਕੇਗਾ।
ਭਾਰਤੀ ਸੰਸਕ੍ਰਿਤੀ ਤੋਂ ਉਪਜੇ ਚਾਰੇ ਧਰਮ, ਜਿਨ੍ਹਾਂ ਦਾ ਮੂਲ ਸਿਧਾਂਤ ਇੱਕੋ ਹੀ ਹੈ ਕਿ “84 ਲੱਖ ਯੋਨੀ ਤੋਂ ਬੜੀ ਮੁਸ਼ਕਲ ਨਾਲ ਸਾਨੂੰ ਮਨੁੱਖ ਜਨਮ ਮਿਲਿਆ ਹੈ। ਇਸ ਜਨਮ ਵਿੱਚ ਗੁਰੂ ਧਾਰਨ ਕਰ ਕੇ, ਨਾਮ ਜਪ ਕੇ, ਕੀਰਤਨ ਕਰ ਕੇ, ਸ਼ੁਭ ਕਰਮ ਕਰ ਕੇ, ਆਪਣਾ ਜਨਮ-ਮਰਨ ਦਾ ਚੱਕਰ ਸਮਾਪਤ ਕਰੋ ਅਤੇ ਜੀਵਨ-ਮੁਕਤ ਹੋ ਜਾਓ।” ਇਸ ਸਿਧਾਂਤ ਦਾ ਪ੍ਰਚਾਰ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਪਰੰਤੂ, ਇਸ ਸਿਧਾਂਤ ਦਾ ਪ੍ਰਚਾਰ ਕਰਨ ਲਈ, ਭਾਰਤ ਦੇ ਸਾਡੇ ਚਾਰੋਂ ਧਰਮਾਂ ਨੂੰ ਆਪਸ ਵਿੱਚ ਇੱਕ-ਜੁੱਟ ਹੋ ਕੇ, ਆਪਣੇ ਪ੍ਰਚਾਰ ਵਿੱਚ ਵਾਧਾ ਲਿਆਉਣਾ ਚਾਹੀਦਾ ਹੈ। ਆਪਸੀ ਨਫ਼ਰਤ ਨੂੰ ਛੱਡ ਦੇਣਾ ਚਾਹੀਦਾ ਹੈ। ਜਿੱਥੇ ਲੋੜ ਹੋਵੇ, ਵਿਦੇਸ਼ੀ ਧਰਮਾਂ ਦਾ ਮੁਕਾਬਲਾ ਅਤੇ ਵਿਰੋਧ ਕਰਨਾ ਚਾਹੀਦਾ ਹੈ। ਜਿੰਨੀਆਂ ਗੱਲਾਂ ਉੱਤੇ ਅਸੀਂ ਚਾਰੇ ਧਰਮ, ਇਕੱਠੇ ਹੋ ਸਕਦੇ ਹਾਂ; ਉੱਥੇ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਅਸੀਂ ਚਾਰੇ ਧਰਮ ਸਹਿਮਤ ਹੋ ਸਕਦੇ ਹਾਂ; ਕਿਉਂਕਿ, ਸਾਡਾ ਮੂਲ ਸਿਧਾਂਤ ‘ਇੱਕ’ ਹੈ। ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਧਰਮ ਸਰਵੋਤਮ ਹਨ। ਇਹਨਾਂ ਧਰਮਾਂ ਦੀ ਸਰਵੋਤਮਤਾ ਬਰਕਰਾਰ ਰੱਖਣ ਦੇ ਦਿਵਯ ਲਕਸ਼ ਦੀ ਪ੍ਰਾਪਤੀ ਲਈ; ਭਾਰਤ ਦੇ ਚਾਰੇ ਧਰਮਾਂ ਨੂੰ ਆਪਣੀ ਸੁਤੰਤਰ ਹੋਂਦ ਬਰਕਰਾਰ ਰੱਖਦੇ ਹੋਏ, ਆਪਸੀ ਵਿਰੋਧ ਤਿਆਗ ਕੇ, ਪ੍ਰੇਮ ਅਤੇ ਏਕਤਾ ਦੇ ਸੂਤਰ ਵਿੱਚ ਬੱਝ ਕੇ, ਉਪਰੋਕਤ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੀਦਾ ਹੈ।

-
ਠਾਕੁਰ ਦਲੀਪ ਸਿੰਘ, ******
******
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.