ਪਿੰਡ ਚੰਨਣਕੇ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ, 5 ਜੁਲਾਈ 2025 - ਕਸਬਾ ਚੌਕ ਮਹਿਤਾ ਦੇ ਨਜ਼ਦੀਕ ਪਿੰਡ ਚੰਨਣਕੇ ਵਿਖੇ ਬੀਤੀਂ ਸ਼ਾਮ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ,ਜਿਸਦੀ ਪਹਿਚਾਣ ਜੁਗਰਾਜ ਸਿੰਘ (28 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਚੰਨਣਕੇ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਪਿੰਡ ਦੇ ਗੁਰਦੁਆਰਾ ਬਾਬਾ ਚੰਣਨ ਜੀ ਵਿਖੇ ਸਲਾਨਾ ਮੇਲਾ ਮਨਾਇਆ ਜਾ ਰਿਹਾ ਸੀ।
ਮ੍ਰਿਤਕ ਜੁਗਰਾਜ ਸਿੰਘ ਸ਼ਾਮ ਨੂੰ 7.30 ਵਜੇ ਦੇ ਕਰੀਬ ਮੇਲੇ ਤੋਂ ਆਪਣੀ ਮਾਤਾ ਨੂੰ ਘਰ ਛੱਡ ਕੇ ਵਾਪਸ ਮੁੜ ਮੇਲੇ ਨੂੰ ਜਾ ਰਿਹਾ ਸੀ ਤਾਂ ਰਸਤੇ ‘ਚ ਗੁਰੁਦਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਇਸ ਉਪੱਰ ਅੰਨੇਵਾਹ ਗੋਲੀਆ ਚਲਾਉਂਦੇ ਹੋਏ ਫਰਾਰ ਹੋ ਗਏ।
ਚਾਰ ਗੋਲੀਆ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਏ ਜੁਗਰਾਜ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਗੰਭੀਰ ਹਾਲਤ ਹੋਣ ਕਾਰਨ ਰਸਤੇ ‘ਚ ਉਸਦੀ ਮੌਤ ਹੋ ਗਈ। ਥਾਣਾ ਮਹਿਤਾ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।