60 ਹਜ਼ਾਰ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਕੇ ਰਚਿਆ ਇਤਿਹਾਸ -- ਅਜੀਤ ਖੰਨਾ
——————————————————————
ਸਿਆਸੀ ਘੱਟ ਤੇ ਸਮਾਜ ਸੇਵੀ ਵੱਧ ਹਨ -ਐਮ ਐਲ ਏ ਡਾ: ਚਰਨਜੀਤ
——————-
ਇੱਥੇ ਮੈਨੂੰ ਬਾਬਾ ਨਾਜ਼ਮੀ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਜਿਸ ਵਿਚ ਉਹ ਲਿਖਦੇ ਹਨ :
ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਨਾਂ ਦੇ
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ
ਪੰਜਾਬ ਦੇ ਸ਼ੀ੍ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਐੱਮਐੱਲਏ ਡਾ ਚਰਨਜੀਤ ਸਿੰਘ ਚੰਨੀ ਨਾਲ ਮੇਰਾ ਵਾਹ ਵਾਸਤਾ ਚਰੋਕਣਾ ਚਲਿਆ ਆ ਰਿਹਾ ਹੈ।ਭਾਵ ਇੱਕ ਦਹਾਕਾ ਪਹਿਲਾਂ ਦਾ।ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਡਾਕਟਰ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।ਇਕ ਪੈਟਰੋਲ ਪੰਪ ਤੇ ਸਾਡੀ ਪਹਿਲੀ ਮੁਲਾਕਾਤ ਹੋਈ ਤੇ ਮੁਲਾਕਾਤ ਦਾ ਸਬੱਬ ਬਣੇ ਡਾ ਸਿਕੰਦਰ ਸਿੰਘ।ਜੋ ਕਸਬਾ ਬਸੀ ਪਠਾਣਾਂ ਤੋਂ ਹਨ।ਡਾ.ਸਿਕੰਦਰ ਸਿੰਘ ਜਿਥੇ ਮੇਰੇ ਦੋਸਤ ਹਨ, ਉਥੇ ਉਹ ਡਾ.ਚਰਨਜੀਤ ਸਿੰਘ ਚੰਨੀ ਦੇ ਵੀ ਚੰਗੇ ਦੋਸਤ ਹਨ।ਗੱਲ ਇਉਂ ਹੋਈ ਕਿ ਉਸ ਵਕਤ ਡਾ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਡਾਕਟਰ ਸੈੱਲ ਦਾ ਬਤੌਰ ਚੇਅਰਮੈਨ ਬਣਾਇਆ ਗਿਆ।ਉਨ੍ਹਾਂ ਦੀ ਜ਼ਿੰਮੇਵਾਰੀ ਪੂਰੇ ਪੰਜਾਬ ਅੰਦਰ ਡਾਕਟਰ ਸੈੱਲ ਦੇ ਅਹੁਦੇਦਾਰ ਬਣਾਉਣ ਦੀ ਸੀ।ਜਿਸ ਤੇ ਮੈਂ ਤੇ ਮੇਰਾ ਦੋਸਤ ਡਾ.ਹਰਪਾਲ ਸਲਾਣਾ, ਜਿਸ ਦੀ ਸਿਫ਼ਾਰਸ਼ ਡਾ ਸਿਕੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਦੀ ਕੀਤੀ ਗਈ ਸੀ । ਇਸ ਤਰ੍ਹਾਂ ਅਸੀਂ ਡਾ ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਵਾਰ ਚੰਡੀਗੜ੍ਹ ਦੇ ਇਕ ਪੈਟਰੋਲ ਪੰਪ ਤੇ ਮਿਲੇ।ਜਿੱਥੇ ਪੰਜਾਬ ਅੰਦਰ ਡਾਕਟਰ ਸੈੱਲ ਦਾ ਵਿੰਗ ਖੜਾ ਕਰਨ ਸਬੰਧੀ ਸਾਡੀ ਰਸਮੀ ਗੱਲਬਾਤ ਹੋਈ ।ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਡਾ.ਹਰਪਾਲ ਸਲਾਣਾ ਦਾ ਬਾਇਓਡੈਟਾ ਲਿਆ ਗਿਆ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਕਾਂਗਰਸ ਡਾਕਟਰ ਸੈੱਲ ਦਪ੍ਰਧਾਨ ਨਿਯੁਕਤ ਕਰਨ ਦੀ ਹਾਮੀ ਭਰੀ ਗਈ ।ਜੋ ਬਾਅਦ ਵਿੱਚ ਉਨ੍ਹਾਂ ਵੱਲੋਂ ਨਿਯੁਕਤ ਵੀ ਕੀਤਾ ਗਿਆ ।ਬਸ ! ਉਹੋ ਮੇਰੀ ਡਾ ਚਰਨਜੀਤ ਸਿੰਘ ਚੰਨੀ ਨਾਲ ਪਹਿਲੀ ਮੁਲਾਕਾਤ ਸੀ ।ਉਸ ਤੋਂ ਮਗਰੋਂ ਗਾਹੇ ਬਗਾਹੇ ਉਨਾਂ ਨਾਲ ਮੇਰਾ ਰਾਬਤਾ ਹੁੰਦਾ ਰਹਿੰਦਾ।ਡਾ ਚਰਨਜੀਤ ਸਿੰਘ ਚੰਨੀ ਅੱਖਾਂ ਦੇ ਸਪੈਸ਼ਲਿਸਟ ਹਨ ਅਤੇ ਪੀਜੀਆਈ ਤੋਂ ਰਿਟਾਇਰ ਹਨ।ਉਨ੍ਹਾਂ ਦੇ ਸੁਭਾਅ ਚ ਅੱਤ ਦੀ ਹਲੀਮੀ ਤੇ ਸਾਊਪੁਣਾ ਹੈ।ਉਹ ਇਲਾਕੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਉਹ ਇੱਕ ਉੱਘੇ ਸਮਾਜ ਸੇਵੀ ਦੇ ਤੌਰ ਤੇ ਵੀ ਜਾਣੇ ਜਾਂਦੇ ਹਨ ।ਹੌਲੀ ਹੌਲੀ ਉਨ੍ਹਾਂ ਨਾਲ ਮੇਰੇ ਤਾਅਲੁਕਾਤ ਗੂੜੇ ਤੇ ਪੀਡੇ ਹੁੰਦੇ ਚਲੇ ਗਏ।ਪੀਜੀਆਈ ਤੋਂ ਰਿਟਾਇਰ ਹੋਣ ਮਗਰੋਂ ਉਨ੍ਹਾਂ ਨੇ ਮੋਰਿੰਡਾ ਵਿਖੇ ਇਕ ਹਸਪਤਾਲ (ਸ਼ੁਭਕਰਮਨ ਮਲਟੀ ਸਪੈਸ਼ਲਿਸਟ )ਚਲਾਇਆ ਹੋਇਆ ਹੈ। ਜਿੱਥੇ ਉਹ ਲੋਕਾਂ ਦੀ ਬਹੁਤ ਹੀ ਨਾ ਮਾਤਰ ਫੀਸ ਚ ਜਾਂ ਫਿਰ ਫ੍ਰੀ ਸੇਵਾ ਕਰਦੇ ਸਨ।ਗੱਲਬਾਤ ਕਰਦਿਆਂ ਉਹ ਅਕਸਰ ਦੱਸਦੇ ਹੁੰਦੇ ਹਨ ਕਿ ਉਨ੍ਹਾਂ ਵੱਲੋਂ ਹੁਣ ਤੱਕ ਹਜ਼ਾਰਾ਼ ਅੱਖਾਂ ਦੇ ਫਰੀ ਚੈੱਕਅੱਪ ਕੈੰਪ ਲਾਏ ਗਏ ਹਨ। ਜਿਸ ਵਿੱਚ 60 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ।ਚੰਡੀਗੜ੍ਹ ਤੋਂ ਖੰਨੇ ਆਉਂਦੇ ਵਕਤ ਕਈ ਵਾਰ ਮੈਂ ਚੁੰਨੀ ਮਛਲੀ ਆਉਣ ਦੀ ਬਜਾਏ ਵਾਇਆ ਮੋਰਿੰਡਾ ਆ ਜਾਇਆ ਕਰਨਾ ਤੇ ਮੈਂ ਉਨ੍ਹਾਂ ਦੇ ਹਸਪਤਾਲ ਖਲੋ ਜਾਣਾ ।ਚਾਹ ਪਾਣੀ ਪੀਣਾ।ਗੱਲਾਂ ਬਾਤਾਂ ਕਰਨੀਆਂ।ਜਿਸ ਨਾਲ ਸਾਡੀ ਨੇੜਤਾ ਵਧਦੀ ਗਈ ।ਉਹ ਵੀ ਮੇਰੇ ਕੋਲ ਲੰਘਦੇ ਆਉਂਦੇ ਕਦੇ ਕਦਾਂਈ ਖੰਨੇ ਆ ਜਾਇਆ ਕਰਦੇ।
ਮੇਰੀਆਂ ਅੱਖਾਂ ਦੇ ਨਾਖੂਨੇ ਦਾ ਅਪਰੇਟ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ।ਉਨ੍ਹਾਂ ਦਾ ਹੱਥ ਬੜਾ ਸਾਫ਼ ਹੈ।ਜਿਸ ਕਰਕੇ ਮੈਂ ਆਪਣੇ ਬਹੁਤ ਸਾਰੇ ਜਾਣਕਾਰਾਂ ਦੀਆਂ ਅੱਖਾਂ ਚੈੱਕ ਕਰਵਾਉਣ ਲਈ ਅਕਸਰ ਉਨ੍ਹਾਂ ਕੋਲ ਚਲਾ ਜਾਂਦਾ।ਇਸ ਤਰ੍ਹਾਂ ਸਾਡਾ ਆਪਸ ਵਿਚ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਜੋ ਅੱਜ ਵੀ ਜਾਰੀ ਹੈ। ਸੰਨ 2015 ਦੇ ਕਰੀਬ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ।ਉਹ ਹਸਪਤਾਲ ਵਿਖੇ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਹਲਕੇ ਅੰਦਰ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵੀ ਚਲਾਉਂਦੇ ਆ ਰਹੇ ਹਨ ।ਜਿਸ ਉਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਮਾਣਯੋਗ ਸ:ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋ ਸ੍ਰੀ ਚਮਕੌਰ ਸਾਹਿਬ ਤੋਂ ਐਮ ਐਲ ਏ ਦੀ ਟਿਕਟ ਦਿੱਤੀ ਗਈ ।ਪਰ ਉਹ ਨਾ ਮਾਤਰ ਫਰਕ ਨਾਲ ਹਾਰ ਗਏ।ਪ੍ਰੰਤੂ ਉਨ੍ਹਾਂ ਨੇ ਸਮਾਜ ਸੇਵੀ ਕੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਅਤੇ ਨਾਲ ਹੀ ਆਪਣੇ ਹਲਕੇ ਦੇ ਲੋਕਾਂ ਵਿਚ ਵਿਚਰਦੇ ਰਹੇ ।ਡਾ ਚਰਨਜੀਤ ਸਿੰਘ ਚੰਨੀ ਸਖ਼ਤ ਮਿਹਨਤ ਦਾ ਲੜ ਫੜ ਕੇ ਸਿਆਸੀ ਪੌੜੀਆਂ ਚੜ੍ਹਨ ਵਿਚ ਜੁਟੇ ਰਹੇ।ਜਿਸ ਦੀ ਬਦੌਲਤ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੀਬ ਅੱਠ ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਚਮਕੌਰ ਸਾਹਿਬ ਹਲਕੇ ਤੋਂ ਇਤਿਹਾਸਕ ਜਿੱਤ ਹਾਸਲ ਕੀਤੀ। ।
ਇਕ ਵਾਰ ਦਾ ਕਿੱਸਾ ਹੈ ਕੇ ਡਾ:.ਸਾਹਿਬ ਤੇ ਮੈ ਆਪਣੇ ਕਿਸੇ ਨਿੱਜੀ ਕੰਮ ਲਈ ਪੰਜਾਬ ਦੇ ਸਾਬਕਾ ਸਿੱਖਿਆਮੰਤਰੀ ਮੀਤ ਹੇਅਰ ਨੂੰ ਮਿਲਣ ਗਏ ।ਜਿਉਂ ਹੀ ਅਸੀਂ ਮੁੱਖ ਸਕੱਤਰੇਤ ਅੰਦਰ ਗਏ ਤਾਂ ਜੋ ਵੀ ਰਾਹ ਵਿੱਚ ਮਿਲਦਾ ਉਹ ਵਧਾਈ ਦੇਣ ਦੇ ਨਾਲ ਨਾਲ ਆਖਦਾ ਡਾਕਟਰ ਸਾਹਿਬ ਤੁਸੀਂ ਬਾਬਾ ਬੋਹੜ ਪੱਟ ਦਿੱਤਾ ਹੈ ਸੁਆਦ ਲਿਆ ਦਿੱਤਾ ।ਮਿਲਣ ਵਾਲੇ ਡਾ ਸਾਹਿਬ ਨਾਲ ਚਾਈਂ ਚਾਈਂ ਫੋਟੋ ਖਿਚਾਉਂਦੇ ਤੇ ਸੈਲਫੀ ਵੀ ਲੈਂਦੇ। ਇਸ ਤਰ੍ਹਾਂ ਉਨ੍ਹਾਂ ਦੀ ਮਕਬੂਲੀਅਤ ਨੂੰ ਮੈਂ ਆਪਣੀ ਅੱਖੀਂ ਵੇਖਿਆ ਹੈ ।ਉਨ੍ਹਾਂ ਦੀ ਸਮਾਜਸੇਵੀ ਦਿੱਖ ਸਦਕਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਲਕਾਂ ਤੇ ਬਿਠਾਇਆ ਹੈ। ਆਪਣਾ ਨੇਤਾ ਚੁਣਿਆ ਹੈ। ਮੈਂ ਸੋਚਦਾ ਹਾਂ ਕਿ ਲੋਕਾਂ ਵੱਲੋਂ ਸਮਾਜਸੇਵੀ ਨੂੰ ਆਪਣਾ ਨੇਤਾ ਚੁਣਨਾ ਇਕ ਚੰਗੇ ਤੇ ਨਰੋਏ ਸਮਾਜ ਦੇ ਸੰਕੇਤ ਹਨ।ਇਕ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਉੱਠ ਕੇ ਵਿਧਾਇਕ ਬਣਨਾ,ਉਹ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਹਰਾ ਕੇ ।ਵਾਕਿਆ ਹੀ ! ਉਨ੍ਹਾਂ ਦੀ ਇਹ ਉਪਲੱਬਧੀ ਆਪਣੇ ਆਪ ਵਿਚ ਇਕ ਮਿਸਾਲ ਹੈ ।
ਉਨ੍ਹਾਂ ਦੀ ਸੋਚ ਨੂੰ ਇੱਕ ਸ਼ੇਅਰ ਦੇ ਜ਼ਰੀਏ ਪਾਠਕਾਂ ਸਨਮੁੱਖ ਰੱਖਣਾ ਚਾਹੁੰਦਾ ਹਾਂ :
ਇਬਾਦਤ ਹੈ ਦੁਖੀਓਂ ਕੀ ਇਮਦਾਦ ਕਰਨਾ ।
ਜੋ ਬਰਬਾਦ ਹੋ,ਉਨ ਕੋ ਆਬਾਦ ਕਰਨਾ ॥
ਖ਼ੁਦਾ ਕੀ ਨਮਾਜ਼ ,ਔਰ ਪੂਜਾ ਯਹੀ ਹੈ ।
ਜੋ ਨਿਸ਼ਾਦ ਹੋ ,ਉਨਕੋ ਦਿਲਸ਼ਾਦ ਕਰਨਾ॥
ਡਾ:ਚਰਨਜੀਤ ਸਿੰਘ ਚੰਨੀ ਬੇਸ਼ੱਕ ਹੁਣ ਵਿਧਾਇਕ ਹਨ।ਪਰ ਉਹਨਾਂ ਦਾ ਆਮ ਲੋਕਾਂ ਨਾਲ ਗੱਲਬਾਤ ਕਰਨ ਦਾ ਲਹਿਜਾ ਇਕ ਆਮ ਬੰਦੇ ਵਰਗਾ ਹੀ ਹੈ,ਨੇਤਾ ਵਰਗਾ ਨਹੀਂ ।ਉਹ ਮੋਰਿੰਡੇ ਆਪਣੇ ਹਪਤਾਲ ਚ ਚ ਆਮ ਵਾਂਗ ਮਰੀਜ਼ਾਂ ਦਾ ਚੈੱਕਅੱਪ ਕਰਦੇ ਹਨ ਤੇ ਦੂਜੇ ਪਾਸੇ ਹਲਕੇ ਦੇ ਲੋਕਾਂ ਨੂੰ ਵੀ ਪੂਰਾ ਵਕਤ ਦਿੰਦੇ ਹਨ ।ਉਹਨਾਂ ਦੀ ਗੱਲਬਾਤ ਸੁਣ ਕੇ ਮਸਲੇ ਨੂੰ ਨਜਿੱਠਦੇ ਹਨ ।ਉਹ ਹਲਕੇ ਦੇ ਵਿਕਾਸ ਪ੍ਰਤੀ ਵੀ ਪੂਰੀ ਤਰਾਂ ਸੰਜੀਦਾ ਹਨ ।ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਹੀ ਤੇ ਅਗਵਾਹੀ ਚ ਉਹ ਚਮਕੌਰ ਸਾਹਿਬ ਹਲਕੇ ਦੇ ਵਿਕਾਸ ਵਾਸਤੇ ਸਿਰਤੋੜ ਯਤਨ ਕਰਦੇ ਰਹਿੰਦੇ ਹਨ ।ਉਹਨਾਂ ਦੀ ਇੱਛਾ ਹੈ ਕੇ ਚਮਕੌਰ ਸਾਹਿਬ ਹਲਕਾ ਪੰਜਾਬ ਦਾ ਸਭ ਤੋ ਮੋਹਰੀ ਹਲਕਾ ਬਣੇ।ਹੁਣ ਵੀ ਲੋਕਾਂ ਦੀ ਬਿਹਤਰੀ ਤੇ ਹਲਕੇ ਦੇ ਵਿਕਾਸ ਨੂੰ ਲੈ ਕੇ ਬੇਹੱਦ ਗੰਭੀਰ ਹਨ ਤੇ ਦਿਨ ਰਾਤ ਸਿਰ ਤੋੜ ਯਤਨ ਕਰ ਰਹੇ ਹਨ।
-----
ਅਜੀਤ ਖੰਨਾ
( ਲੈਕਚਰਾਰ )
(ਐਮਏ.,ਐਮਫਿਲ.,ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ.,ਬੀ ਐਡ )
ਮੋਬਾਈਲ :76967-54669

-
ਅਜੀਤ ਖੰਨਾ , ( ਲੈਕਚਰਾਰ )
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.