ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਵਣ ਮਹਾਂਉਤਸਵ ਮਨਾਇਆ
ਅਸ਼ੋਕ ਵਰਮਾ
ਫਰੀਦਕੋਟ,5 ਜੁਲਾਈ 2025:ਡਾਕਟਰ ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।
ਇਸ ਮੌਕੇ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਬੂਟਾ ਲਗਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਤੇ ਐਸ ਐਸ ਮਿਸਟਰਸ ਸ੍ਰੀਮਤੀ ਜਸਪਾਲ ਕੌਰ ਗੁਰਾਇਆ ਨੇ ਸਟੇਜ ਸੰਚਾਲਨ ਕੀਤਾ। ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਵਧ ਰਹੇ ਤਾਪਮਾਨ, ਪ੍ਰਦੂਸ਼ਣ ਅਤੇ ਬਿਮਾਰੀਆਂ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਹਰ ਦਿਨ ਵੱਧ ਰਹੀਆਂ ਕੁਦਰਤੀ ਆਫ਼ਤਾਂ ਤੇ ਵਾਤਾਵਰਨ ਹਾਲਾਤ ਸਾਨੂੰ ਸਿੱਧੇ ਤੌਰ ਤੇ ਸੰਕੇਤ ਦੇ ਰਹੇ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਹਰੇ-ਭਰੇ ਜੰਗਲਾਂ ਵਿੱਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ। ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ। ਹਾਲਾਂਕਿ ਸਾਡੇ ਗੁਰੂਆਂ-ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ।ਅਫਸੋਸ ਅਸੀਂ ਧਾਰਮਿਕ ਸਥਾਨਾਂ ਤੇ ਮੱਥੇ-ਨੱਕ ਤਾਂ ਰਗੜਦੇ ਹਾਂ ਪਰ ਜੋ ਸਿੱਖਿਆ, ਸੁਨੇਹਾ ਉਹਨਾਂ ਸਾਨੂੰ ਮਨੁੱਖ ਜਾਤੀ ਨੂੰ ਦਿੱਤਾ ਸੀ ਉਸ ਉੱਪਰ ਅਮਲ ਕਰਨ ਬਾਰੇ ਸੋਚਦੇ ਵੀ ਨਹੀਂ। ਇਸ ਮੌਕੇ ਬੋਲਦਿਆਂ ਜਸਪਾਲ ਕੌਰ ਗੁਰਾਇਆ ਨੇ ਕਿਹਾ ਕਿ ਦੀਵਾਲੀ, ਦੁਸ਼ਹਿਰਾ ਦੀ ਤਰ੍ਹਾਂ ਅੱਜ ਸਾਨੂੰ ਰੁੱਖਾਂ ਦੇ ਤਿਉਹਾਰ ਯਾਨੀ ਵਣ-ਮਹਾਂਉਤਸਵ ਨੂੰ ਵੀ ਉੱਨੀ ਹੀ ਸ਼ਿੱਦਤ ਨਾਲ ਮਨਾਉਣਾ ਪਵੇਗਾ ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ, ਜਿਹਨਾਂ ਰੁੱਖਾਂ ਦੁਆਲੇ ਸ੍ਰਿਸ਼ਟੀ ਦਾ ਸਭ ਚੱਕਰ ਚੱਲਦਾ ਹੈ। ਸਾਡੀਆਂ ਹਰ ਲੋੜਾਂ ਦੀ ਪੂਰਤੀ ਇਹ ਕਰਦੇ ਹਨ।
ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ ਤਾਂ ਸਾਨੂੰ ਇਹਨਾਂ ਦੇ ਤਿਉਹਾਰ ਮਨਾਉਣ ‘ਚ ਪੂਰਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਰੁੱਖ ਵਿਚਾਰੇ ਸਾਡੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁੱਝ ਕਹੇ ਸੁਣੇ ਪੂਰੀ ਕਰਦੇ ਹਨ। ਅਸੀਂ ਸਭ ਹਵਾ ‘ਚ ਵੱਖ-ਵੱਖ ਸਾਧਨਾਂ ਰਾਹੀਂ ਜ਼ਹਿਰ ਘੋਲਣ ‘ਤੇ ਲੱਗੇ ਹੋਏ ਹਾਂ।ਇਸ ਮੌਕੇ ਤੇ ਸਕੂਲ ਦੇ ਤਾਨੀਆਂ ਹਾਊਸ ਦੇ ਮੈਂਬਰ ਸੁਖਜਿੰਦਰ ਸਿੰਘ, ਮੈਡਮ ਰੁਪਿੰਦਰ ਕੌਰ,ਮੈਡਮ ਦਮਨ, ਮੈਡਮ ਸੂਮਨ, ਮੈਡਮ ਮੀਨੂ , ਪ੍ਰਵੀਨ,ਦਮਨ, ਹਰਜਿੰਦਰ ਕੌਰ,ਰੰਣਜੋਤ ਕੌਰ,ਮੀਨੂ ਬਾਂਸਲ, ਕੰਵਲਜੀਤ ਕੌਰ, ਈਸ਼ਾ , ਪ੍ਰਭਜੋਤ ਕੌਰ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ।