Crime Special ਬਠਿੰਡਾ ਪੁਲਿਸ ਨੇ ਕੱਢੀ ‘ਕਾਲੀ ਨਾਗਣੀ’ ਦੀ ਧੁੱਕੀ ਜੋ ਨਸ਼ਾ ਤਸਕਰਾਂ ਨੇ ਸੀ ਝਾਰਖੰਡ ਤੋਂ ਚੁੱਕੀ
ਬਜ਼ੁਰਗ ਨਸ਼ਾ ਤਸਕਰ ਰਾਜ ਮੋਦਰ ਅਤੇ ਇੱਕ ਹੋਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2026 : ਬਠਿੰਡਾ ਪੁਲੀਸ ਦੇ ਸੀਆਈਏ ਸਟਾਫ ਟੂ ਅਤੇ ਇੰਟੈਲੀਜੈਂਸੀ ਵਿੰਗ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਾਂਝੇ ਆਪਰੇਸ਼ਨ ਦੌਰਾਨ ਝਾਰਖੰਡ ਤੋਂ ਸਪਲਾਈ ਕੀਤੀ ਗਈ ਲੱਖਾਂ ਰੁਪਏ ਕੀਮਤ ਦੀ 4 ਕਿੱਲੋ ਅਫੀਮ ਸਮੇਤ ਦੋ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਇਹ ਵੱਡੀ ਸਫਲਤਾ ਨਾਕਾਬੰਦੀ ਦੌਰਾਨ ਸ਼ੱਕੀ ਗੱਡੀਆਂ ਦੀ ਚੈਕਿੰਗ ਕਰਨ ਮੌਕੇ ਮਿਲੀ ਹੈ। ਗ੍ਰਿਫਤਾਰ ਨਸ਼ਾ ਤਸਕਰਾਂ ’ਚ ਰਾਮਪੁਰਾ ਵਾਸੀ ਰਾਜ ਕੁਮਾਰ ਮੋਦਰ ਉਰਫ ਰਾਜ ਮੋਦਰ ਪੁੱਤਰ ਨਿਰੰਜਨ ਦਾਸ ਵਾਸੀ ਜਨਤਾ ਕਲੋਨੀ ਰਾਮਪੁਰਾ ਵੀ ਸ਼ਾਮਲ ਹੈ। ਰਾਜ ਮੋਦਰ ਦੀ ਉਮਰ 75 ਸਾਲ ਹੈ ਅਤੇ ਉਸ ਖਿਲਾਫ ਨਸ਼ਾ ਤਸਕਰੀ ਦੇ ਪਹਿਲਾਂ ਵੀ ਮਾਮਲੇ ਦਰਜ ਹਨ ਜਿੰਨ੍ਹਾਂ ’ਚ ਉਹ ਜੇਲ੍ਹ ਵੀ ਜਾ ਚੁੱਕਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਦੂਸਰੇ ਤਸਕਰ ਦੀ ਪਛਾਣ ਬਲਰਾਜ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਪਿੰਡ ਫੂਲ ਵਜੋਂ ਕੀਤੀ ਗਈ ਹੈ ਜਿਸ ਦੀ ਨਿਸ਼ਾਨਦੇਹੀ ’ਤੇ ਰਾਜ ਮੋਦਰ ਦੀ ਗ੍ਰਿਫਤਾਰੀ ਹੋਈ ਹੈ।
ਅੱਜ ਬਠਿੰਡਾ ਵਿਖੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਡੀਐਸਪੀ ਸੰਦੀਪ ਸਿੰਘ ਭਾਟੀ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਤਸਕਰ ਗਿਰੋਹ ਦੂਸਰੇ ਸੂਬਿਆਂ ਤੋਂ ਭਾਰੀ ਮਾਤਰਾ ’ਚ ਅਫੀਮ ਲਿਆਉਣ ਉਪਰੰਤ ਪੰਜਾਬ ਵਿੱਚ ਸਪਲਾਈ ਕਰਦੇ ਹਨ। ਬਠਿੰਡਾ ਪੁਲਿਸ ਨੇ ਇੰਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਯੋਜਨਾ ਬਣਾਈ ਸੀ ਜਿਸ ਦੇ ਜਾਲ ’ਚ ਇਹ ਲੋਕ ਫਸ ਗਏ । ਇਸੇ ਆਪਰੇਸ਼ਨ ਤਹਿਤ ਸੀਆਈਏ ਸਟਾਫ ਅਤੇ ਇੰਟੈਲੀਜੈਂਸੀ ਵਿੰਗ ਦੀਆਂ ਟੀਮਾਂ ਨੇ ਬਠਿੰਡਾ ਬਰਨਾਲਾ ਸੜਕ ’ਤੇ 14-15 ਜੂਨ ਦੀ ਦਰਮਿਆਨੀ ਰਾਤ ਨੂੰ ਏਐਸਆਈ ਰਾਜਵੀਰ ਸਿੰਘ ਦੀ ਅਗਵਾਈ ਹੇਠ ਪਿੰਡ ਜੇਠੂਕੇ ਦੇ ਬੱਸ ਅੱਡੇ ’ਤੇ ਵਿਸ਼ੇਸ਼ ਨਾਕਾ ਲਾਇਆ ਹੋਇਆ ਸੀ। ਇਸ ਮੌਕੇ ਪੁਲਿਸ ਨੇ ਤਪਾ ਬਰਨਾਲਾ ਸਾਈਡ ਤੋਂ ਆਉਂਦੀ ਇੱਕ ਕਾਰ ਨੂੰ ਸ਼ੱਕ ਦੇ ਅਧਾਰ ਤੇ ਰੋਕ ਲਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖਦਿਆਂ ਕਾਰ ਦਾ ਡਰਾਈਵਰ ਘਬਰਾ ਗਿਆ ਅਤੇ ਅਚਾਨਕ ਕਾਰ ਬੰਦ ਹੋ ਗਈ। ਇਸ ਮੌਕੇ ਪੁਲਿਸ ਪਾਰਟੀ ਨੇ ਡਰਾਈਵਰ ਨੂੰ ਮੁਸਤੈਦੀ ਨਾਲ ਦਬੋਚ ਲਿਆ। ਪੁਲਿਸ ਵੱਲੋਂ ਸ਼ੱਕ ਦੇ ਅਧਾਰ ਤੇ ਤਲਾਸ਼ੀ ਲੈਣ ਤੇ ਕਾਰ ਦੀ ਡਿੱਗੀ ਵਿੱਚ ਰੱਖੇ ਪਲਾਸਟਿਕ ਦੇ ਲਿਫਾਫੇ ਵਿਚੋਂ ਅਫੀਮ ਬਰਾਮਦ ਕੀਤੀ ਗਈ ਜਿਸ ਦਾ ਵਜ਼ਨ 4 ਕਿੱਲੋ 100 ਗਰਾਮ ਸੀ। ਮੁਲਜਮ ਦੀ ਪਛਾਣ ਬਲਰਾਜ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਪਿੰਡ ਫੂਲ ਵਜੋਂ ਕੀਤੀ ਗਈ ਜਿਸ ਖਿਲਾਫ ਥਾਣਾ ਸਦਰ ਰਾਮਪੁਰਾ ’ਚ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਪੀ ਨੇ ਦੱਸਿਆ ਕਿ ਬਲਰਾਜ ਸ਼ਰਮਾ ਨੇ ਮੁਢਲੀ ਪੁੱਛਗਿਛ ਦੌਰਾਨ ਮੰਨਿਆ ਕਿ ਇਹ ਅਫੀਮ ਉਸ ਨੇ ਰਾਜ ਕੁਮਾਰ ਮੋਦਰ ਪੁੱਰ ਨਿਰੰਜਣ ਦਾਸ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਇਸ ਇੰਕਸ਼ਾਫ ਦੇ ਅਧਾਰ ’ਤੇ ਮੁਕੱਦਮੇ ’ਚ ਵਾਧਾ ਜਰਮ ਕਰਨ ਉਪਰੰਤ ਰਾਜ ਕੁਮਾਰ ਮੋਦਰ ਨੂੰ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਝਾਰਖੰਡ ਤੋਂ ਲਿਆਂਦੀ ਸੀ ਅਫੀਮ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਮੰਨਿਆ ਕਿ ਇਹ ਅਫੀਮ ਝਾਰਖੰਡ ਤੋਂ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕੋਈ ਹੋਰ ਕੰਮ ਧੰਦਾ ਨਹੀਂ ਕਰਦੇ ਬਲਕਿ ਅਫੀਮ ਨਸਕਰੀ ਹੀ ਇੰਨ੍ਹਾਂ ਦਾ ਪੇਸ਼ਾ ਹੈ। ਬਲਰਾਜ ਸ਼ਰਮਾ ਖਿਲਾਫ ਹਿਮਾਚਲ ਪ੍ਰਦੇਸ਼ ’ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ।
ਰਾਜ ਮੋਦਰ ਸਿਰ ਕਈ ਪਰਚੇ
ਪੁਲਿਸ ਅਨੁਸਾਰ ਰਾਜ ਕਮਾਰ ਉਰਫ ਮੋਦਰ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ ਅਤੇ ਉਹ ਬਦਨਾਮ ਨਸ਼ਾ ਤਸਕਰ ਹੈ। ਇੰਨ੍ਹਾਂ ਮਾਮਲਿਆਂ ’ਚ 6 ਦਿਸੰਬਰ 2000 ਨੂੰ ਸਭ ਤੋਂ ਵੱਧ 75 ਕਿੱਲੋ ਅਫੀਮ ਬਰਾਮਦ ਹੋਣ ਸਬੰਧੀ ਥਾਣਾ ਸੰਗਤ ’ਚ ਮੁਕੱਦਮਾ ਦਰਜ ਹੋਇਆ ਸੀ ਜਿਸ ’ਚ ਉਸ ਨੂੰ ਅਦਾਲਤ ਨੇ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਮਾਨਸਾ ਜਿਲ੍ਹੇ ਦੇ ਥਾਣਾ ਸਰਦੂਲਗੜ੍ਹ , ਫਰੀਦਕੋਟ ਜਿਲ੍ਹੇ ਦੇ ਥਾਣਾ ਜੈਤੋ ਤੋਂ ਇਲਾਵਾ ਬਠਿੰਡਾ ਜਿਲ੍ਹੇ ਦੇ ਥਾਣਾ ਕੋਤਵਾਲੀ ਅਤੇ ਥਾਣਾ ਸੰਗਤ ’ਚ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਅਫੀਮ ਦਾ ਦੁੱਧ ਵੀ ਮਿਲਿਆ ਸੀ
ਜਿਕਰਯਗ ਹੈ ਕਿ 20 ਨਵੰਬਰ 2013 ਨੂੰ ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਅਫੀਮ ਦੇ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਨਸ਼ਾ ਤਸਕਰ ਗਿਰੋਹ ਦੇ ਸਰਗਣਾ ਰਾਜ ਕੁਮਾਰ ਉਰਫ ਰਾਜ ਮੋਦਰ ਪੁੱਤਰ ਨਿਰੰਜਨ ਦਾਸ ਵਾਸੀ ਰਾਮਪੁਰਾ ਨੂੰ 55 ਕਿੱਲੋ ਅਫੀਮ ਦੇ ਦੁੱਧ ਸਮੇਤ ਗ੍ਰਿਫਤਾਰ ਕੀਤਾ ਸੀ । ਕਾਊਂਟਰ ਇੰਟੈਲੀਜੈਂਸੀ ਵਿੰਗ ਵੱਲੋਂ ਪੰਜਾਬ ’ਚ ਉਸ ਵਕਤ ਤੱਕ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਗਈ ਸੀ। ਇਸ ਆਪਰੇਸ਼ਨ ਦੌਰਾਨ ਰਾਜ ਮੋਦਰ ਦੇ 2 ਸਭ ਤੋਂ ਜਿਆਦਾ ਵਿਸ਼ਵਾਸ਼ ਪਾਤਰ ਵਿਅਕਤੀ ਵੀ ਕਾਬੂ ਕੀਤੇ ਗਏ ਹਨ ਜੋ ਉਸ ਲਈ ਅਫੀਮ ਦੀ ਵਿੱਕਰੀ ਕਰਦੇ ਸਨ। ਅਦਾਲਤ ਇਸ ਮਾਮਲੇ ’ਚ ਕੀ ਫੈਸਲਾ ਕਰਦੀ ਹੈ ਇਹ ਤਾਂ ਵਕਤ ਦੱਸੇਗਾ ਪਰ ਜੇ ਇਹ ਸਹੀ ਹੈ ਤਾਂ ਇਸ ਨੂੰ ਹੈਰਾਨਕੁੰਨ ਹੀ ਮੰਨਿਆ ਜਾਏਗਾ ਕਿ ਕਈ ਵਾਰ ਫੜੇ ਜਾਣ ਅਤੇ ਸਜ਼ਾਵਾਂ ਹੋਣ ਦੇ ਬਾਵਜੂਦ ਰਾਜ ਮੋਦਰ ਦਾ ਇਹ ਧੰਦਾ ਕਰੀਬ 50 ਸਾਲ ਤੋਂ ਲਗਾਤਾਰ ਜਾਰੀ ਹੈ।
- Download Babushahi App
-
-