24 ਘੰਟੇ ਪਾਣੀ ਪ੍ਰੋਜੈਕਟ ਦੇ ਕੰਮ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ! ਪੱਖੋਵਾਲ ਰੋਡ 'ਤੇ ਸੜਕ ਧੱਸੀ, ਵੱਡੇ ਹਾਦਸੇ ਦਾ ਖਤਰਾ
ਸੁਖਮਿੰਦਰ ਭੰਗੂ
ਲੁਧਿਆਣਾ 15 ਜੂਨ 2026- ਲੁਧਿਆਣਾ, ਪੱਖੋਵਾਲ ਰੋਡ: ਸ਼ਹਿਰ ਵਿੱਚ ਚੱਲ ਰਹੇ 24 ਘੰਟੇ ਪਾਣੀ ਸਪਲਾਈ ਪ੍ਰੋਜੈਕਟ ਦੇ ਕੰਮ ਦੌਰਾਨ ਇੱਕ ਵਾਰ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪੱਖੋਵਾਲ ਰੋਡ 'ਤੇ ਵਿਕਾਸ ਨਗਰ ਚੌਂਕ ਨੇੜੇ, ਸੜਕ ਦਾ ਇੱਕ ਹਿੱਸਾ ਅਚਾਨਕ ਧੱਸ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ 24 ਘੰਟੇ ਪਾਣੀ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਤੋਂ ਬਾਅਦ ਸੜਕ ਦੀ ਢੰਗ ਨਾਲ ਮੁਰੰਮਤ ਨਹੀਂ ਕੀਤੀ ਗਈ। ਮਿੱਟੀ ਨੂੰ ਸਹੀ ਢੰਗ ਨਾਲ ਨਾ ਭਰਨ ਅਤੇ ਨਿਰਮਾਣ ਮਾਪਦੰਡਾਂ ਦੀ ਅਣਦੇਖੀ ਕਾਰਨ ਸੜਕ ਧੱਸਣ ਦੀ ਇਹ ਘਟਨਾ ਸਾਹਮਣੇ ਆਈ ਹੈ। ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਅਤੇ ਸੰਬੰਧਿਤ ਏਜੰਸੀ ਦੀ ਲਾਪਰਵਾਹੀ ਕਾਰਨ ਰੋਜ਼ਾਨਾ ਹਜ਼ਾਰਾਂ ਵਾਹਨ ਚਲਣ ਵਾਲੀ ਇਸ ਵਿਅਸਤ ਸੜਕ 'ਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।
ਉੱਘੇ ਸਮਾਜ ਸੇਵੀ ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਸੜਕ ਧੱਸਣ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਖਾਸ ਤੌਰ 'ਤੇ ਖਤਰਾ ਬਣਿਆ ਹੋਇਆ ਹੈ। ਜੇਕਰ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਖੱਡਾ ਹੋਰ ਵੱਡਾ ਹੋ ਸਕਦਾ ਹੈ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ 'ਤੇ ਖਰਚ ਕੀਤਾ ਜਾ ਰਿਹਾ ਹੈ ਤਾਂ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕੀ ਨਗਰ ਨਿਗਮ ਲੁਧਿਆਣਾ ਸਿਰਫ਼ ਪ੍ਰੋਜੈਕਟਾਂ ਦੇ ਉਦਘਾਟਨ ਤੱਕ ਹੀ ਸੀਮਿਤ ਹੈ ਜਾਂ ਫਿਰ ਲੋਕਾਂ ਦੀ ਸੁਰੱਖਿਆ ਅਤੇ ਕੰਮ ਦੀ ਗੁਣਵੱਤਾ ਦੀ ਵੀ ਕੋਈ ਜ਼ਿੰਮੇਵਾਰੀ ਹੈ?
ਇਲਾਕਾ ਵਾਸੀਆਂ ਨੇ ਨਗਰ ਨਿਗਮ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਸੜਕ ਧੱਸਣ ਦੇ ਕਾਰਨਾਂ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਤੁਰੰਤ ਸੜਕ ਦੀ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
"24 ਘੰਟੇ ਪਾਣੀ ਦੇਣ ਦੇ ਦਾਅਵਿਆਂ ਵਿਚਕਾਰ ਜੇ ਸੜਕਾਂ ਹੀ ਲੋਕਾਂ ਲਈ ਖਤਰਾ ਬਣ ਜਾਣ, ਤਾਂ ਵਿਕਾਸ ਦੇ ਇਹ ਦਾਅਵੇ ਖੋਖਲੇ ਸਾਬਤ ਹੁੰਦੇ ਹਨ।"
- Download Babushahi App
-
-