ਸਿਰਫ਼ 5 ਘੰਟਿਆਂ ਵਿੱਚ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ ਕਰਕੇ ਮਾਸਟਰ ਰਾਜਿੰਦਰ ਸਿੰਘ ਨੇ ਬਣਾਇਆ ਰਿਕਾਰਡ
ਅਸ਼ੋਕ ਵਰਮਾ
ਬਠਿੰਡਾ , 19 ਮਈ 2026 ਭਾਰਤ ਦੇਸ਼ ਪੱਧਰ ਤੇ ਚੱਲ ਰਹੇ ਨੈਸ਼ਨਲ ਜਨਗਣਨਾ ਸਰਵੇ ਦਾ ਵੱਖ ਵੱਖ ਰਾਜਾਂ ਅੰਦਰ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।ਇਸ ਸਰਵੇ ਨੂੰ ਲੈ ਕੇ ਵੱਡੀ ਪੱਧਰ ਤੇ ਅਧਿਆਪਕਾਂ ਦੀਆਂ ਡਿਊਟੀਆਂ ਲੱਗਣ ਕਾਰਨ ਸਕੂਲੀ ਵਿਦਿਆਰਥੀਆਂ ਦੀ ਪੜਾਈ ਵੀ ਦਾਅ ਤੇ ਲੱਗੀ ਹੋਈ ਹੈ।ਦੂਜੇ ਪਾਸੇ ਬਹੁਤ ਹੀ ਮਹੱਤਵਪੂਰਨ ਸਮਝੇ ਜਾਂਦੇ ਇਸ ਰਾਸ਼ਟਰੀ ਸਰਵੇ ਵਿੱਚ ਵੱਡੀ ਖੱਜਲ ਖੁਆਰੀ ਦੇ ਨਾਲ ਨਾਲ ਉੱਪਰੋਂ ਗਰਮੀ ਦੇ ਕਹਿਰ ਕਾਰਨ ਸਕੂਲੀ ਅਧਿਆਪਕਾਂ ਲਈ ਵੀ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ।ਜਿਸਦੇ ਚਲਦਿਆਂ ਆਨੀ ਬਹਾਨੀ ਅਧਿਆਪਕਾਂ ਵੱਲੋਂ ਇਸ ਡਿਊਟੀ ਨੂੰ ਕਟਵਾਉਣ ਲਈ ਵੀ ਚਾਰਜੋਈਆਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਬਠਿੰਡਾ ਦੇ ਨੇਹੀਆਂਵਾਲਾ ਬਲਾਕ 0251 ਦੇ ਗਿਣਤੀਕਾਰ ਅਧਿਆਪਕ ਰਾਜਿੰਦਰ ਸਿੰਘ ਨੇ ਜਨਗਣਨਾ ਦੇ ਪਹਿਲੇ ਦਿਨ ਹੀ ਅੱਜ ਆਪਣੇ ਬਲਾਕ ਦਾ ਸਾਰਾ ਆਨਲਾਈਨ ਕੰਮ ਸਿਰਫ਼ 5 ਘੰਟਿਆਂ ਵਿੱਚ ਮੁਕੰਮਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਰਾਸ਼ਟਰੀ ਸਰਵੇ ਮੁਕੰਮਲ ਕਰਨ ਦਾ ਇਹ ਰਿਕਾਰਡ ਸਿਰਫ ਜਿ਼ਲ੍ਹਾ ਬਠਿੰਡਾ ਪੱਧਰ ਜਾਂ ਪੰਜਾਬ ਪੱਧਰ ਤੇ ਨਾ ਹੋ ਕੇ ਪੂਰੇ ਭਾਰਤ ਪੱਧਰ ਤੇ ਕਾਇਮ ਕੀਤਾ ਹੈ।ਕਿਉਂਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗਿਣਤੀਕਾਰ ਅਧਿਆਪਕ ਅਮਿਤ ਯਾਦਵ ਨੇ ਇਹ ਕੰਮ ਇੱਕ ਦਿਨ ਵਿੱਚ ਪੂਰਾ ਕਰਕੇ ਦੇਸ਼ ਪੱਧਰ ਤੇ ਰਿਕਾਰਡ ਕਾਇਮ ਕੀਤਾ ਸੀ ਪਰ ਅੱਜ ਪੰਜਾਬ ਅੰਦਰ ਸ਼ੁਰੂ ਹੋਏ ਇਸ ਕੌਮੀ ਸਰਵੇ ਅੰਦਰ ਅਧਿਆਪਕ ਰਾਜਿੰਦਰ ਸਿੰਘ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜਿਵੇਂ ਹੀ ਜਨਗਣਨਾ ਵਿਭਾਗ ਦੀ ਸਟੇਟ ਟੀਮ ਨੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਨਹੀਆਂਵਾਲਾ ਬਲਾਕ 0251 ਪੁੱਜ ਕੇ ਅਧਿਆਪਕ ਰਾਜਿੰਦਰ ਸਿੰਘ ਅਤੇ ਸੁਪਰਵਾਈਜ਼ਰ ਨੂੰ ਸ਼ਾਨਦਾਰ ਡਿਊਟੀ ਲਈ ਵਧਾਈ ਦਿੱਤੀ । ਪਿੰਡ ਨਹੀਆਂਵਾਲਾ ਪੁੱਜੇ ਜਨਗਣਨਾ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਅੱਜ ਸ਼ੁਰੂ ਹੋਏ ਆਨ ਲਾਈਨ ਸਰਵੇ ਦੇ ਪਹਿਲੇ ਦਿਨ ਜਿੱਥੇ ਜਿ਼ਆਦਾਤਰ ਗਿਣਤੀਕਾਰ ਅਧਿਆਪਕ ਅਜੇ ਆਪਣੇ ਬਲਾਕਾਂ ਅੰਦਰ ਘਰਾਂ ਦੇ ਨੰਬਰ ਲਗਾਉਣ ਅਤੇ ਨਜ਼ਰੀ ਨਕਸ਼ੇ ਬਣਾਉਣ ਵਿੱਚ ਹੀ ਲੱਗੇ ਹੋਏ ਹਨ ਪਰ ਅਧਿਆਪਕ ਰਾਜਿੰਦਰ ਸਿੰਘ ਨੇ ਅੱਜ ਦੁਪਿਹਰ ਤੋਂ ਪਹਿਲਾਂ ਹੀ ਇਹ ਸਰਵੇ ਦਾ ਆਨ ਲਾਈਨ ਕੰਮ ਮੋਬਾਇਲ ਐਪ ਦੇ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਰਵੇ ਦੇ ਕੰਮ ਨੂੰ ਔਖਾ ਸਮਝ ਕੇ ਘਬਰਾਏ ਹੋਏ ਵੱਡੀ ਗਿਣਤੀ ਅਧਿਆਪਕਾਂ ਨੂੰ ਰਾਜਿੰਦਰ ਸਿੰਘ ਦਾ ਕੰਮ ਦੇਖ ਕੇ ਹੌਂਸਲਾ ਜਰੂਰ ਮਿਲੇਗਾ।ਇਸ ਮੌਕੇ ਹਾਜ਼ਰ ਲੈਕਚਰਾਰ ਬਲਜੀਤ ਸਿੰਘ ਨੇ ਸਟੇਟ ਟੀਮ ਦੇ ਧਿਆਨ ਵਿੱਚ ਲਿਆਂਦਾ ਕਿ ਅਧਿਆਪਕ ਰਾਜਿੰਦਰ ਸਿੰਘ ਜੋ ਕਿ ਬਠਿੰਡਾ ਜਿ਼ਲ੍ਹੇ ਦੇ ਪਹਿਲੇ ਨੈਸ਼ਨਲ ਅਵਾਰਡੀ ਅਧਿਆਪਕ ਹਨ ਅਤੇ ਆਪਣੀਆਂ ਬਹੁ ਪੱਖੀ ਅਧਿਆਪਨ ਉਪਲਬਧੀਆਂ ਦੇ ਚਲਦਿਆਂ ਮਾਣਯੋਗ ਰਾਸ਼ਟਰਪਤੀ ਜੀ ਪਾਸੋਂ ਵੀ ਸਨਮਾਨਿਤ ਹੋ ਚੁੱਕੇ ਹਨ । ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਭਾਂਵੇ ਉਨ੍ਹਾਂ ਨੇ ਆਪਣੇ ਬਲਾਕ ਦਾ ਕੰਮ ਮੁਕੰਮਲ ਕਰ ਲਿਆ ਹੈ ਪਰ ਉਹ ਬੈਠਣ ਦੀ ਬਜਾਏ ਆਪਣੇ ਸਾਥੀ ਅਧਿਆਪਕਾਂ ਦੇ ਸਰਵੇ ਵਿੱਚ ਉਨ੍ਹਾਂ ਦਾ ਹੱਥ ਵਟਾ ਕੇ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸੁਪਰਵਾਈਜ਼ਰ ਬਲਜਿੰਦਰ ਕੌਰ ਮਹਿਮੀ ਵੀ ਇੱਥੇ ਹਾਜ਼ਰ ਸਨ
- Download Babushahi App
-
-