ਪੰਜਾਬ ਦੀ ਬਦਲਵੀਂ ਰਾਜਨੀਤਿਕ ਸੋਚ ਨਾਲ ਜੁੜ ਰਹੇ ਨੇ ਨੌਜਵਾਨ,
ਦਲਮੀਰ ਖੇੜਾ ਦੇ ਗੁਰਸਾਰਜ ਸਿੰਘ ਸਾਥੀਆਂ ਸਮੇਤ ਮਿਸਲ ਸਤਲੁਜ ਵਿੱਚ ਸ਼ਾਮਲ : ਅਜੇਪਾਲ ਸਿੰਘ ਬਰਾੜ
ਬਾਬੂਸ਼ਾਹੀ ਬਿਊਰੋ
ਅਬੋਹਰ 18 ਮਈ,2026
ਪੰਜਾਬ ਦੇ ਸਮਾਜਿਕ ਅਤੇ ਰਾਜਨੀਤਿਕ ਮਾਹੌਲ ਵਿੱਚ ਇੱਕ ਨਵੀਂ ਚੇਤਨਾ ਦੇਖਣ ਨੂੰ ਮਿਲ ਰਹੀ ਹੈ, ਜਿਸ ਤਹਿਤ ਨੌਜਵਾਨ ਵਰਗ ਸੂਬੇ ਦੇ ਹੱਕਾਂ ਅਤੇ ਭਵਿੱਖ ਲਈ ਸਰਗਰਮ ਭੂਮਿਕਾ ਨਿਭਾਉਣ ਵੱਲ ਅੱਗੇ ਵੱਧ ਰਿਹਾ ਹੈ। ਇਸੇ ਲੜੀ ਤਹਿਤ ਇਥੋਂ 25 ਕਿਲੋਮੀਟਰ ਦੂਰ ਪਿੰਡ ਦਲਮੀਰ ਖੇੜਾ ਦੇ ਅਗਾਂਹਵਧੂ ਨੌਜਵਾਨ ਆਗੂ ਸਰਦਾਰ ਗੁਰਸਾਰਜ ਸਿੰਘ ਆਪਣੇ ਸਾਥੀਆਂ ਸਮੇਤ ਮਿਸਲ ਸਤਲੁਜ ਜਥੇਬੰਦੀ ਵਿੱਚ ਸ਼ਾਮਲ ਹੋਏ, ਜਿਸ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਹੋਈ ਹੈ।ਇਸ ਮੌਕੇ ਤੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਹੈ ਕਿ ਸਰਦਾਰ ਗੁਰਸਾਰਜ ਸਿੰਘ ਪਿੰਡ ਦੇ ਸਮਾਜਿਕ ਕੰਮਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਦੇ ਨਾਲ-ਨਾਲ ਪਿੰਡ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਉਨਾਂ ਦਸਿਆ ਕਿ ਇਸੇ ਕਰਕੇ ਨੌਜਵਾਨਾਂ ਵਿੱਚ ਗੁਰਸਾਰਜ ਸਿੰਘ ਦੀ ਸਾਫ਼-ਸੁਥਰੀ ਸੋਚ ਅਤੇ ਲੋਕ ਸੇਵਾ ਵਾਲੀ ਭਾਵਨਾ ਕਾਰਨ ਉਨ੍ਹਾਂ ਦੀ ਵਿਸ਼ੇਸ਼ ਪਛਾਣ ਬਣੀ ਹੋਈ ਹੈ।ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹੁਣ ਆਪਣੇ ਹੱਕਾਂ, ਪੰਜਾਬ ਦੇ ਭਵਿੱਖ ਅਤੇ ਸਮਾਜਿਕ ਬਦਲਾਅ ਲਈ ਜਾਗਰੂਕ ਹੋ ਰਹੇ ਹਨ, ਜੋ ਕਿ ਪੰਜਾਬ ਲਈ ਇੱਕ ਸੱਜਰੀ ਸਵੇਰ ਵਾਂਗ ਉਮੀਦ ਭਰਿਆ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦੀ ਰਹੀ ਹੈ ਅਤੇ ਨੌਜਵਾਨਾਂ ਦਾ ਵਧਦਾ ਵਿਸ਼ਵਾਸ ਜਥੇਬੰਦੀ ਨੂੰ ਨਵੀਂ ਸ਼ਕਤੀ ਅਤੇ ਦਿਸ਼ਾ ਪ੍ਰਦਾਨ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਹੱਕਾਂ ਦੀ ਰੱਖਿਆ ਲਈ ਮਿਸਲ ਸਤਲੁਜ ਇੱਕ ਮਜ਼ਬੂਤ, ਸਿਧਾਂਤਕ ਅਤੇ ਬਦਲਵੀਂ ਰਾਜਨੀਤਿਕ ਧਾਰਾ ਵਜੋਂ ਤੇਜ਼ੀ ਨਾਲ ਆਪਣੀ ਪਛਾਣ ਕਾਇਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਮਕਸਦ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਨੌਜਵਾਨਾਂ ਨੂੰ ਇੱਕ ਸਾਫ਼ ਅਤੇ ਲੋਕ ਪੱਖੀ ਮੰਚ ਪ੍ਰਦਾਨ ਕਰਨਾ ਹੈ।
ਇਸ ਮੌਕੇ ਸਰਦਾਰ ਅਜੇਪਾਲ ਸਿੰਘ ਬਰਾੜ ਅਤੇ ਹੋਰ ਅਹੁਦੇਦਾਰਾਂ ਨੇ ਸਰਦਾਰ ਗੁਰਸਾਰਜ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਜਥੇਬੰਦੀ ਦੀਆਂ ਸਰਗਰਮੀਆਂ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ।
ਸਰਦਾਰ ਗੁਰਸਾਰਜ ਸਿੰਘ ਨੇ ਕਿਹਾ ਕਿ ਉਹ ਮਿਸਲ ਸਤਲੁਜ ਦੀ ਲੋਕ ਪੱਖੀ ਸੋਚ, ਪੰਜਾਬ ਪ੍ਰਤੀ ਵਚਨਬੱਧਤਾ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਣ ਵਾਲੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਜਥੇਬੰਦੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਨਿਸ਼ਠਾ ਨਾਲ ਕੰਮ ਕਰਨਗੇ।
ਇਸ ਮੌਕੇ ਅਮਰਿੰਦਰ ਸਿੰਘ ਤੂੜ ਕਨਵੀਨਰ ਪੂਰਾ ਪੰਜਾਬ ਲਹਿਰ, ਮਾਨ ਸਿੰਘ ਕਿੱਲੀ ਜਰਨਲ ਸਕੱਤਰ ਮਿਸਲ ਸਤਲੁਜ ਅਤੇ ਜਸਨੂਰ ਸਿੰਘ ਜਰਨਲ ਸਕੱਤਰ ਯੂਥ ਵਿੰਗ ਫਿਰੋਜ਼ਪੁਰ ਵੀ ਹਾਜ਼ਰ ਸਨ।
- Download Babushahi App
-
-