ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਤਹਿਤ ਸਵੈ-ਗਣਨਾ 30 ਅਪ੍ਰੈਲ ਤੋਂ ਹੋਵੇਗੀ ਸ਼ੁਰੂ: DC ਬਠਿੰਡਾ
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਕਰਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2026 : ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਦੱਸਿਆ ਕਿ ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਭਲਕੇ 30 ਅਪ੍ਰੈਲ ਤੋਂ 14 ਮਈ 2026 ਤੱਕ ਸੈਲਫ-ਇਨਿਊਮਰੇਸ਼ਨ (ਸਵੈ-ਗਣਨਾ) ਦੀ ਸਹੂਲਤ ਮਿਲੇਗੀ। ਇਸ ਸਬੰਧੀ ਪੋਰਟਲ https://se.census.gov.in/ ਭਲਕੇ ਤੋਂ ਇਹ ਖੁੱਲ੍ਹੇਗਾ।
ਇਸ ਤੋਂ ਇਲਾਵਾ 15 ਮਈ ਤੋਂ 13 ਜੂਨ 2026 ਤੱਕ ਘਰਾਂ ਦੀ ਸੂਚੀਕਰਨ (HLO) ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਜਿਸ ਵਿਚ ਗਿਣਤੀਕਾਰ ਘਰ-ਘਰ ਜਾ ਕੇ ਗਿਣਤੀ ਕਰਨਗੇ। ਉਹਨਾਂ ਦੱਸਿਆ ਕਿ ਇਹ ਮਰਦਮਸ਼ੁਮਾਰੀ ਭਾਰਤ ਦੇਸ਼ ਦੀ ਹੁਣ ਤੱਕ ਦੀ 16ਵੀਂ ਮਰਦਮਸ਼ੁਮਾਰੀ ਹੈ ਅਤੇ ਅਜ਼ਾਦੀ ਤੋਂ ਬਾਅਦ ਦੀ 8ਵੀਂ ਮਰਦਮਸ਼ੁਮਾਰੀ ਹੈ। ਇਸ ਤੋਂ ਪਹਿਲਾਂ 2011 ਵਿੱਚ ਮਰਦਮਸ਼ੁਮਾਰੀ ਕਰਵਾਈ ਗਈ ਸੀ, ਜਿਸ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਕੁੱਲ ਅਬਾਦੀ 1,388,525 ਸੀ, ਜਿਸ ਵਿੱਚ 743197 ਪੁਰਸ਼ ਅਤੇ 645328 ਇਸਤਰੀਆਂ ਸਨ।
ਸਾਲ 2011 ਤੋਂ ਬਾਅਦ ਅਗਲੀ ਜਨਗਣਨਾ 2021 ਵਿੱਚ ਹੋਣੀ ਸੀ, ਪਰ ਕਰੋਨਾ ਮਹਾਂਮਾਰੀ ਆਉਣ ਕਾਰਨ 2021 ਵਿੱਚ ਜਨਗਣਨਾ ਕਰਵਾਈ ਨਹੀਂ ਜਾ ਸਕੀ ਅਤੇ ਹੁਣ 2026-2027 ਵਿੱਚ ਭਾਰਤ ਦੀ 16ਵੀਂ ਜਨਗਣਨਾ ਕਰਵਾਈ ਜਾ ਰਹੀ ਹੈ।
ਸਵੈ-ਗਣਨਾ ਇੱਕ ਅਜਿਹੀ ਸਹੂਲਤ ਹੈ, ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ (ਗਿਣਤੀਕਾਰ) ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ, ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ। ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ।
ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ se.census.gov.in 'ਤੇ ਜਾਣਾ ਹੋਵੇਗਾ। ਭਾਸ਼ਾ ਦੀ ਚੋਣ ਕਰੋ ਅਤੇ ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ ਤੇ ਲੌਗਇਨ ਕਰੋ। ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਹੂਲਤ ਅਨੁਸਾਰ ਭਰੋ। ਜਿਵੇਂ ਹੀ ਸਫਲਤਾਪੂਰਵਕ ਫਾਰਮ ਸਬਮਿਟ ਹੋਵੇਗਾ, ਨਾਗਰਿਕ ਨੂੰ ਇੱਕ 'ਸੈਲਫ-ਐਨੂਮਰੇਸ਼ਨ ਆਈ ਡੀ' (SE ID) ਜਨਰੇਟ ਕਰਕੇ ਦੇਵੇਗਾ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ.ਡੀ. ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
ਇਸ ਤਹਿਤ 33 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਰਿਹਾਇਸ਼ ਦੀ ਸਥਿਤੀ (ਕੱਚਾ-ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਪਖਾਨੇ ਆਦਿ) ਅਤੇ ਪਰਿਵਾਰ ਕੋਲ ਉਪਲੱਬਧ ਸੰਪਤੀਆਂ ਦੀ ਜਾਣਕਾਰੀ ਮੰਗੀ ਜਾਵੇਗੀ। ਇਸ ਮੌਕੇ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
Click to Follow Babushahi Facebook page →