ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼: ਇਨਕਲਾਬੀ ਲੋਕ ਆਗੂ ਐਨ. ਕੇ. ਜੀਤ ਦਾ ਵਿਛੋੜਾ
ਤੇਰੇ ਸਦਾ ਨਿਸ਼ਾਨ ਰਹਿਣਗੇ ਲੋਕ ਲਹਿਰ ਦੀਆਂ ਰਾਹਾਂ 'ਤੇ
- ਪਾਵੇਲ ਕੁੱਸਾ
ਸਾਥੀ ਐਨ ਕੇ ਜੀਤ ਦੇ ਇਸ ਜਹਾਨੋਂ ਕੂਚ ਕਰ ਜਾਣ ਨਾਲ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਇਕ ਸੁਹਿਰਦ ਆਗੂ ਤੋਂ ਵਾਂਝੀ ਹੋ ਗਈ ਹੈ ਅਤੇ ਪੰਜਾਬ ਦੇ ਲੋਕਾਂ ਨੇ ਇੱਕ ਖਰਾ ਤੇ ਸੱਚਾ ਮਿੱਤਰ ਗਵਾ ਲਿਆ ਹੈ , ਜਿਹੜਾ ਹਰ ਵੇਲੇ ਲੋਕਾਂ ਦੇ ਹੱਕਾਂ ਦੇ ਸੰਘਰਸ਼ਾਂ ਲਈ ਤਤਪਰ ਰਿਹਾ ਤੇ ਬੇਇਨਸਾਫ਼ੀ ਦੇ ਖਿਲਾਫ ਸਦਾ ਅਡੋਲ ਖੜਦਾ ਰਿਹਾ। ਲੰਘੀ 17 ਅਪ੍ਰੈਲ ਨੂੰ ਇਨਕਲਾਬੀ ਲਹਿਰ ਦੇ ਕਾਫਲੇ ਚੋਂ ਵਿਛੜ ਜਾਣ ਨਾਲ 50 ਵਰਿਆਂ ਦਾ ਇਹ ਅਣਥੱਕ ਸਫ਼ਰ ਥੰਮ੍ਹ ਗਿਆ ਹੈ। ਸਦਾ ਚਲਦੇ ਆਏ ਲੋਕ ਲਹਿਰ ਦੇ ਕਾਫ਼ਲੇ 'ਚ ਸਾਥੀ ਜੀਤ ਦੇ ਜਾਣ ਨਾਲ ਇਕ ਖਲਾਅ ਪੈਦਾ ਹੋ ਗਿਆ ਹੈ। ਲੋਕਾਂ ਦੀ ਲਹਿਰ ਨੂੰ ਇਹ ਖ਼ਲਾਅ ਭਰਨ ਲਈ ਅਜੇ ਵਕਤ ਲੱਗਣਾ ਹੈ ਤੇ ਇਸ ਪੂਰਤੀ ਨੇ ਗੰਭੀਰ ਕੋਸ਼ਿਸ਼ਾਂ ਮੰਗਣੀਆਂ ਹਨ। ਉਹਨਾਂ ਦਾ ਹੋਣਾ ਜਮਹੂਰੀ ਹੱਕਾਂ ਦੀ ਲਹਿਰ ਅੰਦਰ ਇੱਕ ਥੰਮ ਦੇ ਖੜ੍ਹੇ ਹੋਣ ਵਰਗਾ ਅਹਿਸਾਸ ਕਰਵਾਉਂਦਾ ਸੀ। ਅਜਿਹੇ ਹੋਰ ਥੰਮ ਦੀ ਸਿਰਜਣਾ ਦੀ ਚੁਣੌਤੀ ਜਮਹੂਰੀ ਹੱਕਾਂ ਦੀ ਲਹਿਰ ਸਾਹਮਣੇ ਹੈ।
10 ਮਾਰਚ 1948 ਨੂੰ ਜਨਮੇ ਸਾਥੀ ਜੀਤ ਦੇ ਬਚਪਨ ਚ ਹੀ ਪਿਤਾ ਦੇ ਫੌਤ ਹੋ ਜਾਣ ਕਾਰਨ ਉਹਨਾਂ ਨੂੰ ਮਾਂ ਨੇ ਘੋਰ ਗਰੀਬੀ ਦੀ ਹਾਲਤ ਵਿੱਚ ਪਾਲਿਆ। ਆਪਣੇ ਨਾਨਕੇ ਪਿੰਡ ਕੋਟਲੀ ਅਬਲੂ ਵਿਖੇ ਜਵਾਨ ਹੋਏ ਸਾਥੀ ਜੀਤ ਨੇ ਔਖੇ ਘਰੇਲੂ ਹਾਲਾਤਾਂ ਤੇ ਗਰੀਬੀ ਦੇ ਸੰਕਟਾਂ ਦਰਮਿਆਨ ਪੜ੍ਹਾਈ ਕੀਤੀ। 1969-70 ਦੇ ਸਮਿਆਂ ਵਿੱਚ ਉਹ ਟੈਲੀਫੋਨ ਮਹਿਕਮੇ ਦੀ ਨੌਕਰੀ ਵਿੱਚ ਆਏ ਤੇ ਇਸੇ ਨੌਕਰੀ ਦੌਰਾਨ ਯੂਨੀਅਨ ਵਿੱਚ ਸ਼ਾਮਿਲ ਹੋਣ ਮਗਰੋਂ 75 -76 ਦੇ ਸਾਲਾਂ ਵਿੱਚ ਉਹ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਪ੍ਰਣਾਏ ਸਾਥੀਆਂ ਦੇ ਵਾਹ ਵਿੱਚ ਆਏ। ਉਹਨਾਂ ਸਮਿਆਂ ਚ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਹੇਠਲੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਦੇ ਵਿਚਾਰਾਂ ਦਾ ਪ੍ਰਭਾਵ ਨੌਜਵਾਨਾਂ ਤੇ ਵਿਦਿਆਰਥੀਆਂ ਵਾਂਗ ਮੁਲਾਜ਼ਮ ਹਿੱਸਿਆਂ ਵੱਲੋਂ ਵੀ ਡੂੰਘੀ ਤਰ੍ਹਾਂ ਕਬੂਲਿਆ ਜਾ ਰਿਹਾ ਸੀ। ਅਜਿਹਾ ਪ੍ਰਭਾਵ ਐਨ ਕੇ ਜੀਤ ਨੇ ਵੀ ਗ੍ਰਹਿਣ ਕੀਤਾ। ਕਿਸੇ ਵਕਤੀ ਵਹਾ 'ਚ ਆ ਕੇ ਨਹੀਂ ਸਗੋਂ ਸਦਾ ਲਈ ਗ੍ਰਹਿਣ ਕਰ ਲਿਆ ਤੇ ਸੋਚਾਂ ਚ ਸਮਾ ਲਿਆ। ਇਉਂ ਟਰੇਡ ਯੂਨੀਅਨ ਲਹਿਰ ਦੇ ਰਾਹੀਂ ਉਹਨਾਂ ਦਾ ਵਾਹ ਇਨਕਲਾਬੀ ਵਿਚਾਰਾਂ ਨਾਲ ਪਿਆ। ਉਹ ਸਮਾਜ ਅੰਦਰ ਅਨਿਆਂ ਤੇ ਜਬਰ 'ਤੇ ਟਿਕੇ ਇਸ ਢਾਂਚੇ ਅੰਦਰ ਬੁਨਿਆਦੀ ਇਨਕਲਾਬੀ ਤਬਦੀਲੀ ਕਰਨ ਦੀ ਲੋੜ ਦੇ ਵਿਚਾਰ ਨਾਲ ਕੀਲੇ ਗਏ ਤੇ ਫਿਰ ਉਮਰ ਭਰ ਇਹਨਾਂ ਵਿਚਾਰਾਂ ਨੂੰ ਪ੍ਰਣਾਏ ਰਹੇ। ਇਨਕਲਾਬੀ ਜਮਹੂਰੀ ਲਹਿਰ ਅੰਦਰ ਲੰਮੇ ਸਫ਼ਰ ਦੌਰਾਨ ਉਹਨਾਂ ਨੇ ਇਹਨਾਂ ਇਨਕਲਾਬੀ ਵਿਚਾਰਾਂ 'ਤੇ ਪੂਰੀ ਸਾਬਿਤ ਕਦਮੀ ਨਾਲ ਖੜ੍ਹ ਕੇ ਲਹਿਰ ਦੇ ਵੱਖ ਵੱਖ ਜਨਤਕ ਮੁਹਾਜਾਂ 'ਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।
ਟਰੇਡ ਯੂਨੀਅਨ ਲਹਿਰ ਅੰਦਰ ਉਹਨਾਂ ਦੀ ਭੂਮਿਕਾ ਸਿਰਫ ਆਪਣੇ ਟੈਲੀਫੋਨ ਮਹਿਕਮੇ ਦੇ ਮੁਲਾਜ਼ਮਾਂ ਤੱਕ ਸੀਮਤ ਨਹੀਂ ਸੀ, ਉਹਨਾਂ ਦੇ ਸਰੋਕਾਰ ਸਮੁੱਚੀ ਮੁਲਾਜ਼ਮ ਲਹਿਰ ਤੱਕ ਫੈਲੇ ਹੋਏ ਸਨ। ਉਹਨਾਂ ਨੇ ਮੁਲਾਜ਼ਮ ਲਹਿਰ ਦੇ ਇਨਕਲਾਬੀ ਦਿਸ਼ਾ ਵਿੱਚ ਕਦਮ ਵਧਾਰੇ ਲਈ ਇਨਕਲਾਬੀ ਟਰੇਡ ਯੂਨੀਅਨ ਲੀਹ ਵਾਲੇ ਕੇਂਦਰ ਨਾਲ ਜੁੜ ਕੇ ਲੰਮੀ ਘਾਲਣਾ ਘਾਲੀ ਤੇ ਮੁਲਾਜ਼ਮ ਲਹਿਰ ਨੂੰ ਰਵਾਇਤੀ ਟਰੇਡ ਯੂਨੀਅਨਵਾਦ ਵਾਲੇ ਆਰਥਿਕਵਾਦੀ ਸੁਧਾਰਵਾਦੀ ਚੌਖਟੇ ਤੋਂ ਪਾਰ ਹੋਰਨਾ ਮਿਹਨਤਕਸ਼ ਵਰਗਾਂ ਦੀ ਸਾਂਝੀ ਲਹਿਰ ਦੇ ਅੰਗ ਵਜੋਂ ਇਨਕਲਾਬੀ ਦਿਸ਼ਾ ਸੇਧ ਵਿਚ ਅੱਗੇ ਵਧਾਉਣ ਲਈ ਯਤਨਸ਼ੀਲ ਰਹੇ। ਮੁਲਾਜ਼ਮ ਆਗੂ ਹੁੰਦਿਆਂ ਉਹਨਾਂ ਨੇ ਬਠਿੰਡੇ ਸ਼ਹਿਰ ਦੇ ਸਨਅਤੀ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਗੰਭੀਰ ਖੇਚਲ ਜੁਟਾਈ। ਉਹਨਾਂ ਦੀਆਂ ਜੀਵਨ ਤੇ ਕੰਮ ਹਾਲਤਾਂ ਦਾ ਵਿਸਥਾਰੀ ਸਰਵੇ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਤੇ ਇਸ ਖੇਤਰ ਅੰਦਰ ਸਰਗਰਮ ਇਨਕਲਾਬੀਆਂ ਲਈ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀਆਂ ਨੀਤੀਆਂ ਬਣਾਉਣ ਖਾਤਰ ਸਮੱਗਰੀ ਅਹਿਮ ਮੁਹੱਈਆ ਕਰਵਾਈ। ਇਹਨਾਂ ਨੀਤੀਆਂ ਦੀ ਰੌਸ਼ਨੀ 'ਚ ਹੀ ਧਾਗਾ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਹੱਕਾਂ ਲਈ ਜਾਗਰਤ ਕਰਨ ਤੇ ਜਥੇਬੰਦ ਹੋਣ ਦੀ ਜਾਗ ਲਾਉਣ ਤੇ ਸੰਘਰਸ਼ਾਂ 'ਚ ਸਾਥ ਦੇਣ ਪੱਖੋਂ ਗੰਭੀਰ ਮਨ-ਮਾਰਵਾਂ ਕੰਮ ਪੂਰੀ ਦ੍ਰਿੜਤਾ ਤੇ ਸਬਰ ਨਾਲ ਕੀਤਾ।
ਆਪਣੀ ਤਬਕਾਤੀ ਟਰੇਡੀ ਯੂਨੀਅਨ ਵਿੱਚ ਕੰਮ ਕਰਦਿਆਂ ਮੁਲਾਜ਼ਮ ਹਿੱਤਾਂ ਦੀ ਰਾਖੀ ਲਈ ਉਹਨਾਂ ਨੇ ਵਿਭਾਗੀ ਨਿਯਮਾਂ ਦੇ ਵਿਸਥਾਰੀ ਅਧਿਐਨ ਵਿੱਚ ਦਿਲਚਸਪੀ ਲਈ ਤੇ ਉਹ ਮੁਲਾਜ਼ਮ ਹਿੱਤਾਂ ਦੇ ਕਾਨੂੰਨੀ ਰਖਵਾਲੇ ਵਜੋਂ ਵੀ ਉਭਰੇ। ਨੀਝ ਨਾਲ ਨਿਯਮਾਂ ਨੂੰ ਘੋਖਣ ਵਾਚਣ ਦੀ ਇਸ ਰੁਚੀ ਕਾਰਨ ਉਹ ਉਚ ਅਧਿਕਾਰੀਆਂ, ਮੈਨੇਜਮੈਂਟਾਂ ਤੇ ਹਕੂਮਤਾਂ ਤੋਂ ਪੀੜਤ ਮੁਲਾਜ਼ਮਾਂ ਦੇ ਕੇਸਾਂ ਦੀ ਪੈਰਵਾਈ ਕਰਨ ਲੱਗੇ। ਹੌਲੀ ਹੌਲੀ ਇਹ ਰੁਚੀ ਉਹਨਾਂ ਨੂੰ ਵਕਾਲਤ ਦੇ ਕਿੱਤੇ ਵੱਲ ਲੈ ਆਈ। ਐਲ ਐਲ ਬੀ ਕਰਨ ਮਗਰੋਂ ਉਹਨਾਂ ਨੇ ਇਹ ਨੌਕਰੀ ਤਿਆਗ ਕੇ ਵਕਾਲਤ ਨੂੰ ਕਿਤੇ ਵਜੋਂ ਅਪਣਾ ਲਿਆ। ਇਉਂ ਉਹ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਤਬਕਿਆਂ ਦੇ ਸੰਘਰਸ਼ਾਂ ਦੌਰਾਨ ਅਦਾਲਤਾਂ ਅੰਦਰ ਕੇਸਾਂ ਦੀ ਪੈਰਵਾਈ ਲਈ ਡਟ ਕੇ ਖੜ੍੍ਹਦੇ ਰਹੇ। ਲੋਕਾਂ ਦੇ ਕਾਨੂੰਨੀ ਹੱਕਾਂ ਦੇ ਰਖਵਾਲੇ ਇਕ ਨਿੱਡਰ ਤੇ ਧੜੱਲੇਦਾਰ ਵਕੀਲ ਵਜੋਂ ਲੋਕਾਂ ਦੇ ਸੰਘਰਸ਼ੀਲ ਹਿੱਸਿਆਂ 'ਚ ਮਕਬੂਲ ਹੋਏ। ਵਿਸ਼ੇਸ਼ ਕਰਕੇ ਉਹ ਕਿਸਾਨਾਂ ਮਜ਼ਦੂਰਾਂ ਦੇ ਵਕੀਲ ਬਣ ਕੇ ਉੱਭਰੇ। ਜਿੱਥੇ ਲੋਕਾਂ ਦੀਆਂ ਵੱਖ ਵੱਖ ਸੰਘਰਸ਼ਸ਼ੀਲ ਧਿਰਾਂ ਰੋਜਾਨਾ ਦੇ ਕਾਨੂੰਨੀ ਮਾਮਲਿਆਂ ਵਿੱਚ ਉਹਨਾਂ ਤੋਂ ਸਲਾਹਾ ਲੈਂਦੀਆਂ ਰਹੀਆਂ ਉਥੇ ਵਿਸ਼ੇਸ਼ ਕਰਕੇ ਫਰੀਦਕੋਟ ਅਗਵਾ ਤੇ ਬਲਾਤਕਾਰ ਕਾਂਡ, ਗੰਧੜ ਕਾਂਡ ਵਰਗੇ ਬਹੁਤ ਉਭਰਮੇ ਤੇ ਫਸਵੇਂ ਜਨਤਕ ਸੰਘਰਸ਼ਾਂ ਵਾਲੇ ਕੇਸਾਂ 'ਚ ਉਹਨਾਂ ਕਾਬਲੀਅਤ ਤੇ ਦਲੇਰੀ ਵਿਸ਼ੇਸ਼ ਕਰਕੇ ਸਾਹਮਣੇ ਆਈ। ਇਉ ਹੀ ਮਕਬੂਲ ਕਿਸਾਨ ਆਗੂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਇਸ ਵਿੱਚ ਵੀ ਉਹਨਾਂ ਨੇ ਬਠਿੰਡਿਓਂ ਅੰਮ੍ਰਿਤਸਰ ਜਾ ਕੇ ਲਗਾਤਾਰ ਪੈਰਵਾਈ ਕੀਤੀ। ਜਿਹਨਾਂ ਕੇਸਾਂ ਚ ਉਹਨਾਂ ਨੇ ਬਾਦਲ ਸ਼ਾਹੀ ਹਕੂਮਤੀ ਸੱਤਾ ਨਾਲ ਸਿਧਾ ਮੱਥਾ ਲਾਇਆ। ਤੇ ਅਜਮਾਇਸ਼ੀ ਦੌਰ 'ਚ ਨਿਡਰ ਹੋ ਕੇ ਲੋਕਾਂ ਨਾਲ ਖੜ੍ਹੇ।
ਸਾਥੀ ਐਨ ਕੇ ਜੀਤ ਜਮਹੂਰੀ ਹੱਕਾਂ ਦੇ ਅਣਲਿਫ਼ ਜੁਝਾਰ ਸਨ। ਪੰਜਾਬ ਦੀ ਜਮਹੂਰੀ ਹੱਕਾਂ ਦੀ ਲਹਿਰ ਦੀ ਜਾਣੀ ਪਛਾਣੀ ਤੇ ਉਭਰਵੀਂ ਸ਼ਖਸ਼ੀਅਤ ਸਨ। ਉਹ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾਈ ਆਗੂਆਂ ਚ ਸ਼ੁਮਾਰ ਸਨ। ਉਨਾਂ ਦੀ ਇਹ ਪੱਕੀ ਸਮਝ ਰਹੀ ਕਿ ਜਮਹੂਰੀ ਹੱਕ ਸਿਰਫ਼ ਕਾਨੂੰਨ ਦੀਆਂ ਕਿਤਾਬਾਂ ਦੇ ਨਾਲ ਹੀ ਨਹੀਂ ਮਿਣੇ ਜਾ ਸਕਦੇ। ਉਹਨਾਂ ਲਈ ਜਮਹੂਰੀ ਹੱਕਾਂ ਦਾ ਸੰਕਲਪ ਸੰਵਿਧਾਨਿਕ ਸ਼ਹਿਰੀ ਆਜ਼ਾਦੀਆਂ ਦੇ ਸੀਮਿਤ ਚੌਖਟੇ ਤੱਕ ਨਹੀਂ ਠਹਿਰਦਾ ਸੀ। ਉਹ ਇਹ ਹਕੀਕਤ ਜਾਣਦੇ ਸਨ ਕਿ ਲੋਕਾਂ ਦਾ ਆਪਣੀ ਜ਼ਿੰਦਗੀ ਬਦਲਣ ਦਾ ਹੱਕ ਸਰਬ-ਉੱਚ ਜਮਹੂਰੀ ਹੱਕ ਹੈ ਤੇ ਜਮਹੂਰੀ ਹੱਕਾਂ ਦੀ ਲਹਿਰ ਦਾ ਹਕੀਕੀ ਆਧਾਰ ਇਹ ਹੱਕ ਨੂੰ ਬਣਾਇਆ ਜਾਣਾ ਚਾਹੀਦਾ ਹੈ। ਉਹਨਾਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਪੂਰਤੀ ਲਈ ਬੁੱਧੀਜੀਵੀਆਂ ਤੇ ਮਜ਼ਦੂਰਾਂ ਕਿਸਾਨਾਂ ਦੀ ਜੋਟੀ 'ਤੇ ਜ਼ੋਰ ਦਿੱਤਾ। ਆਦਿਵਾਸੀ ਖੇਤਰਾਂ ਚ ਹੁੰਦੇ ਜਬਰ ਦਾ ਦੇਸ਼ ਤੇ ਦੁਨੀਆਂ ਦੇ ਲੋਕਾਂ ਸਾਹਮਣੇ ਪਰਦਾ ਚਾਕ ਕਰਨ ਦਾ ਕਾਰਜ ਉਹਨਾਂ ਦੀ ਜ਼ਿੰਦਗੀ ਦੇ ਮਗਰਲੇ ਸਾਲਾਂ ਦੌਰਾਨ ਵਿਸ਼ੇਸ਼ ਕਰਕੇ ਸਰਗਰਮੀ ਦਾ ਅਹਿਮ ਖੇਤਰ ਰਿਹਾ। ਆਦਿਵਾਸੀ ਖੇਤਰਾਂ ਚ ਵਾਪਰਦੀਆਂ ਪੁਲਿਸ ਤੇ ਫੌਜੀ ਜਬਰ ਦੀਆਂ ਘਟਨਾਵਾਂ ਨੂੰ ਪੜਤਾਲਣ ਤੇ ਉਸਦੀ ਹਕੀਕਤ ਸਾਹਮਣੇ ਲਿਆਉਣ ਲਈ ਉਹ ਮੁਲਕ ਦੀਆਂ ਜਮਹੂਰੀ ਜਥੇਬੰਦੀਆਂ ਨਾਲ ਰਲ ਕੇ ਉਹਨਾਂ ਇਲਾਕਿਆਂ ਚ ਪਹੁੰਚਦੇ ਰਹੇ । ਪੜਤਾਲੀਆ ਰਿਪੋਰਟਾਂ ਤਿਆਰ ਕਰਦੇ ਤੇ ਇਸ ਜਬਰ ਖਿਲਾਫ ਲਾਮਬੰਦੀ ਕਰਨ ਵਾਲੀਆਂ ਮੁਲਕ ਦੀਆਂ ਮੋਹਰੀ ਆਵਾਜ਼ਾਂ ਚ ਸ਼ੁਮਾਰ ਰਹੇ। ਉਹ ਪੰਜਾਬ ਅੰਦਰ ਇਸ ਜਬਰ ਦਾ ਵਿਰੋਧ ਕਰਨ ਲਈ ਬਣੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਬਾਨੀ ਆਗੂਆਂ ਚ ਸ਼ੁਮਾਰ ਸਨ।
ਸਾਥੀ ਐਨ. ਕੇ. ਜੀਤ ਸਮਾਜ ਅੰਦਰ ਬੁਨਿਆਦੀ ਇਨਕਲਾਬੀ ਤਬਦੀਲੀ ਦੇ ਵਿਚਾਰ ਨੂੰ ਪ੍ਰਣਾਈਆਂ ਸਕਤੀਆਂ ਦੀਆਂ ਮੋਹਰੀ ਜਨਤਕ ਕਤਾਰਾਂ ਚ ਸ਼ੁਮਾਰ ਸਨ। ਅਨਿਆਂ ਅਤੇ ਗੈਰ ਬਰਾਬਰੀ 'ਤੇ ਟਿਕੇ ਮੌਜੂਦਾ ਸਮਾਜਿਕ ਰਾਜਨੀਤਿਕ ਤੇ ਆਰਥਿਕ ਢਾਂਚੇ ਨੂੰ ਬਦਲ ਕੇ ਲੋਕਾਂ ਦੀ ਭੁਗਤ ਵਾਲੇ ਖਰੇ ਲੋਕ ਰਾਜ ਦੀ ਉਸਾਰੀ ਦਾ ਸੰਦੇਸ਼ ਲੋਕਾਂ ਅੰਦਰ ਫੈਲਾਉਣ ਲਈ ਲੋਕ ਮੋਰਚਾ ਪੰਜਾਬ ਨਾਂ ਦੀ ਜਥੇਬੰਦੀ ਦਾ ਗਠਨ ਕਰਨ ਵਾਲੇ ਮੋਢੀ ਆਗੂਆਂ 'ਚ ਸ਼ੁਮਾਰ ਸਨ। ਉਹ ਲਗਭਗ 15 ਵਰ੍ਹੇ ਇਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਅਤੇ ਫਿਰ ਵਰ੍ਹਿਆਂ ਤੱਕ ਇਸ ਦੇ ਸਰਪ੍ਰਸਤ ਰਹੇ। ਲੋਕਾਂ ਸਾਹਮਣੇ ਇਨਕਲਾਬੀ ਬਦਲ ਪੇਸ਼ ਕਰਨ ਦੀਆਂ ਕਿੰਨੀਆਂ ਹੀ ਜਨਤਕ ਮੁਹਿੰਮਾਂ ਦੇ ਵੱਡੇ ਜਨਤਕ ਉੱਦਮਾਂ ਦੀਆਂ ਮੋਹਰੀ ਕਤਾਰਾਂ ਚ ਸ਼ੁਮਾਰ ਰਹੇ।
ਉਹ ਟਰੇਡ ਯੂਨੀਅਨ ਲਹਿਰ ਰਾਹੀਂ ਇਨਕਲਾਬੀ ਲਹਿਰ ਦੇ ਵਿਹੜੇ ਚ ਆਏ ਸਨ ਪਰ ਜਲਦੀ ਹੀ ਉਹ ਸਮਾਜਵਾਦ ਤੇ ਕਮਿਊਨਿਜ਼ਮ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਏ। ਇਨਕਲਾਬੀ ਜਨਤਕ ਲਹਿਰ ਚ ਉਹਨਾਂ ਦੇ ਲੰਮੇ ਨਿਭਾਅ ਲਈ ਇਹਨਾਂ ਆਦਰਸ਼ਾਂ ਤੋਂ ਪ੍ਰੇਰਨਾ ਦਾ ਬਹੁਤ ਅਹਿਮ ਰੋਲ ਬਣਿਆ। ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਸਹੀ ਵਿਚਾਰਾਂ 'ਤੇ ਖੜ੍ਹਦੇ ਰੁਝਾਨ ਨਾਲ ਉਹਨਾਂ ਦੀ ਪੱਕੀ ਸਾਂਝ ਰਹੀ। ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾਮਰੇਡ ਹਰਭਜਨ ਸੋਹੀ ਦੇ ਵਿਚਾਰਾਂ ਤੇ ਘਾਲਣਾ ਭਰੇ ਜੀਵਨ ਅਮਲਾਂ ਤੋਂ ਡੂੰਘੀ ਤਰਾਂ ਪ੍ਰਭਾਵਿਤ ਸਨ। ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਨੂੰ ਉਹਨਾਂ ਨੇ ਰਾਹ ਦਰਸਾਵੇ ਸੰਸਾਰ ਸਿਧਾਂਤ ਵਜੋਂ ਲਿਆ। ਸੰਸਾਰ ਕਮਿਊਨਿਜ਼ਮ ਦੇ ਆਦਰਸ਼ਾਂ ਤੇ ਨਵ-ਜਮਹੂਰੀ ਇਨਕਲਾਬ ਦੀ ਸਿਆਸਤ ਨੂੰ ਉਭਾਰਨ ਤੇ ਪ੍ਰਚਾਰਨ ਹਿਤ ਪ੍ਰਕਾਸ਼ਿਤ ਹੁੰਦੇ ਰਹੇ ਵੱਖ ਵੱਖ ਜਨਤਕ ਪਰਚਿਆਂ ਜਿਵੇਂ ਜ਼ਫ਼ਰਨਾਮਾ , ਇਨਕਲਾਬੀ ਜਨਤਕ ਲੀਹ, ਸੁਰਖ਼ ਰੇਖਾ ਤੇ ਸੁਰਖ ਲੀਹ ਆਦਿ 'ਚ ਉਹਨਾਂ ਨੇ ਇੱਕ ਪੱਤਰਕਾਰ ਵਜੋਂ ਤੇ ਲੇਖਕ ਵਜੋਂ ਹਿੱਸਾ ਪਾਇਆ। ਲੋਕ ਮੋਰਚਾ ਪੰਜਾਬ ਦੇ ਜਨਤਕ ਬੁਲਾਰੇ ਵਜੋਂ ਪ੍ਰਕਾਸ਼ ਹੁੰਦੇ ਰਹੇ ਮੈਗਜ਼ੀਨ "ਮੁਕਤੀ ਮਾਰਗ" ਦੇ ਉਹ ਪ੍ਰਮੁੱਖ ਲੇਖਕ ਵਜੋਂ ਹਿੱਸੇਦਾਰ ਰਹੇ। ਦੇਸ਼ ਅੰਦਰ ਬਹੁ ਕੌਮੀ ਤੇ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀ ਲੁੱਟ ਦੀ ਤਸਵੀਰ ਨੂੰ ਅੰਕੜਿਆਂ ਸਮੇਤ ਪੇਸ਼ ਕਰਨਾ ਉਹਨਾਂ ਦੀਆਂ ਲਿਖਤਾਂ ਦਾ ਉੱਭਰਵਾਂ ਵਿਸ਼ਾ ਰਿਹਾ। ਲੋਕਾਂ ਖਿਲਾਫ ਆਰਥਿਕ ਤੇ ਜਮਹੂਰੀ ਖੇਤਰ ਅੰਦਰ ਆ ਰਹੇ ਨਵੇਂ ਕਦਮਾਂ ਦੀ ਚੀਰ ਫਾੜ ਕਰਦੀਆਂ ਕਈ ਲਿਖਤਾਂ ਲਿਖੀਆਂ। ਇਹਨਾਂ ਨਵੇਂ ਕਦਮਾਂ ਬਾਰੇ ਲੋਕਾਂ ਦੀ ਲਹਿਰ ਦੀਆਂ ਵੱਖ-ਵੱਖ ਟੁਕੜੀਆਂ ਨੂੰ ਜਾਗਰੂਕ ਕਰਨਾ ਉਹਨਾਂ ਦੀ ਉਭਰਵੀਂ ਸਰਗਰਮੀ ਬਣੀ। ਫਿਰਕਾ ਪ੍ਰਸਤੀ ਖਿਲਾਫ ਖੜ੍ਹਨਾ ਤੇ ਲੋਕਾਂ ਅੰਦਰ ਫਿਰਕੂ ਪਾਟਕਾਂ ਖਿਲਾਫ ਕੰਮ ਕਰਨਾ ਉਹਨਾਂ ਦੀ ਲਗਾਤਾਰ ਸਰਗਰਮੀ ਦਾ ਹਿੱਸਾ ਰਿਹਾ। ਖਾਲਿਸਤਾਨੀ ਦਹਿਸ਼ਤਗਰਦੀ ਤੇ ਹਕੂਮਤੀ ਜਬਰ ਦੇ ਦੌਰ ਅੰਦਰ ਉਹ ਬੇਖੌਫ਼ ਨਿਡਰ ਆਵਾਜ਼ਾਂ 'ਚ ਸ਼ੁਮਾਰ ਸਨ ਜਿਹੜੀਆਂ ਦੋਨੋਂ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਡਟਵਾਂ ਵਿਰੋਧ ਕਰਦੀਆਂ ਸਨ। ਲੋਕਾਂ ਨੂੰ ਇਸ ਦੋ-ਮੂੰਹੀਂ ਦਹਿਸ਼ਤਗਰਦੀ ਖ਼ਿਲਾਫ਼ ਜਥੇਬੰਦ ਹੋਣ ਤੇ ਇਸਦਾ ਟਾਕਰਾ ਕਰਨ ਲਈ ਤਿਆਰ ਕਰਨ ਦਾ ਕਾਰਜ ਨਿਭਾ ਰਹੀਆਂ ਸਨ। ਇਸ ਦੌਰ ਅੰਦਰ ਉਹ ਹਰ ਤਰ੍ਹਾਂ ਦੇ ਜਬਰ ਦੇ ਖਤਰੇ ਤੋਂ ਬੇਪਰਵਾਹ ਹੋ ਕੇ ਵਿਚਰੇ ਤੇ ਮੌਤ ਨੂੰ ਮਖੌਲਾਂ ਕੀਤੀਆਂ।
ਉਹਨਾਂ ਦੀ ਜ਼ਿੰਦਗੀ ਦੇ ਅਮਲ ਨੇ ਲੋਕਾਂ ਨੂੰ ਸਮਰਪਿਤ ਲਿਆਕਤ ਦੇ ਅਰਥ ਉਘਾੜੇ ਹਨ। ਉਹ ਬੁੱਧੀਜੀਵੀ ਵਰਗ ਦੇ ਮਜ਼ਦੂਰਾਂ ਕਿਸਾਨਾਂ ਨਾਲ ਬਣਦੇ ਨੇੜਲੇ ਰਿਸ਼ਤੇ ਦੀ ਇਕ ਜਗਦੀ ਮਿਸ਼ਾਲ ਹੋ ਕੇ ਜਿਉਂਦੇ। ਉਹ ਉੱਚ ਬੌਧਿਕ ਲਿਆਕਤ ਦੇ ਹੰਕਾਰ ਤੋਂ ਖੋਹਾਂ ਦੂਰ ਸਨ ਸਗੋਂ ਨਿਰਮਾਣਤਾ ਤੇ ਹਲੀਮੀ ਹੁਣ ਦੀ ਸਖਸ਼ੀਅਤ ਦਾ ਗਹਿਣਾ ਹੋ ਕੇ ਰਹੀ। ਉਹ ਹਲੀਮੀ ਤੇ ਵਿਚਾਰਾਂ ਦੀ ਦ੍ਰਿੜਤਾ ਦਾ ਸੁਮੇਲ ਹੋ ਕੇ ਨਿਭੇ। ਵੱਖਰੇ ਵਿਚਾਰਾਂ ਨਾਲ ਬਹਿਸ ਵਿਚਾਰ ਦਾ ਉਹਨਾਂ ਦਾ ਢੰਗ ਮਾਹੌਲ ਅੰਦਰ ਸਹਿਜਤਾ ਕਾਇਮ ਰੱਖਦਾ ਸੀ ਤੇ ਸਾਹਮਣੇ ਵਾਲੇ 'ਤੇ ਡੂੰਘੀ ਛਾਪ ਲਾਉਂਦਾ ਸੀ। ਲੋਕਾਂ ਦੇ ਸਦਾ ਵਫਾਦਾਰ ਸੰਗੀ ਵਜੋਂ ਉਹਨਾਂ ਦੇ ਸਫਰ ਦੀਆਂ ਪੈੜਾਂ ਅਮਿੱਟ ਹਨ।
ਸਾਥੀ ਜੀਤ ਦੇ ਸਫ਼ਰ ਪੰਧ ਦੇ ਪੰਨੇ ਬਹੁਤ ਫੈਲੇ ਹੋਏ ਹਨ। ਉਹਨਾਂ ਸਭਨਾਂ ਦੀ ਚਰਚਾ ਕਿਸੇ ਇੱਕ ਲਿਖਤ ਵਿੱਚ ਸੰਭਵ ਨਹੀਂ ਹੈ। ਲੋਕ ਲਹਿਰ ਦੇ ਰਾਹਾਂ 'ਤੇ ਉਹਨਾਂ ਦੇ ਨਿਸ਼ਾਨ ਸਦਾ ਅਮਰ ਰਹਿਣੇ ਹਨ ਤੇ ਕਿਰਤੀ ਲੋਕਾਂ ਲਈ ਉਹਨਾਂ ਵੱਲੋਂ ਘਾਲੀ ਘਾਲਣਾ ਦੀ ਚਰਚਾ ਹੁੰਦੀ ਰਹਿਣੀ ਹੈ। ਲੋਕਾਂ ਦੇ ਹੱਕਾਂ ਦੀ ਲਹਿਰ ਲਈ ਪੇਸ਼ ਚਣੌਤੀਆਂ ਸਨਮੁਖ ਉਹਨਾਂ ਦੇ ਕਾਰਜਾਂ ਨੇ ਮੁੜ ਮੁੜ ਯਾਦ ਵੀ ਆਉਣਾ ਹੈ ਤੇ ਉਹਨਾਂ ਦੇ ਅਮਲਾਂ ਤੇ ਵਿਚਾਰਾਂ ਨੇ ਅੱਜ ਦੇ ਸੰਘਰਸ਼ਾਂ ਅੰਦਰ ਜਗਣਾ ਵੀ ਹੈ। ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਤੇ ਜੀਵਨ ਘਾਲਣਾ ਤੋਂ ਪ੍ਰੇਰਨਾ ਲੈਣ ਤੇ ਉਹਨਾਂ ਦੇ ਸਰੋਕਾਰਾਂ ਦੇ ਸਨਮੁਖ ਖੜੇ ਹੋ ਕੇ ਲੋਕਾਂ ਦੀ ਸੇਵਾ ਚ ਹਿੱਸਾ ਪਾਉਣ ਦੇ ਆਪੋ ਆਪਣੇ ਇਰਾਦਿਆਂ ਨੂੰ ਸਵਾਲ ਕਰਨ ਲਈ ਲੋਕ ਲਹਿਰ ਦਾ ਕਾਫ਼ਲਾ 29 ਅਪ੍ਰੈਲ ਨੂੰ ਬਠਿੰਡਾ ਵਿਖੇ ਜੁੜੇਗਾ। ਸਾਥੀ ਜੀਤ ਹੁਣ ਨਹੀਂ ਹੈ ਪਰ ਉਸਦੇ ਸਫ਼ਰ ਦਾ ਸਾਰ ਲੋਕ ਲਹਿਰ ਦੀ ਵਿਰਾਸਤ ਹੈ। ਇਹ ਫਖ਼ਰਯੋਗ ਵਿਰਾਸਤ ਅਮਰ ਹੈ।

-
ਪਾਵੇਲ ਕੁੱਸਾ , ਲੇਖਕ
....
94170-54015
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.