DC ਬਠਿੰਡਾ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਲਈ ਵੈਨਾਂ ਨੂੰ ਹਰੀ ਝੰਡੀ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026 : ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ 4 ਮੋਬਾਈਲ ਜਾਗਰੂਕਤਾ ਵੈਨ ਰਵਾਨਾ ਕੀਤੀਆਂ ਜਿਨ੍ਹਾਂ ਵੱਲੋਂ ਕਿਸਾਨ ਵੀਰਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਇਹ ਜਾਗਰੂਕਤਾ ਵੈਨ ਰਾਵਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਦੂਸ਼ਿਤ ਵਾਤਾਵਰਣ ਨਾਲ ਆਮ ਲੋਕ ਪਰੇਸ਼ਾਨ ਹੁੰਦੇ ਹਨ ਓਥੇ ਨਾਲ ਹੀ ਕਿਸਾਨ ਵੀਰਾਂ ਨੂੰ ਵੀ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਭਰਾ ਪਹਿਲਾਂ ਤੋਂ ਹੀ ਜਾਗਰੂਕ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਖੇਤੀਬਾੜੀ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਚ ਕਮੀ ਆਈ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹੇ ਦੇ ਬਲਾਕਾਂ 'ਚ ਇਹ ਵੈਨਾ ਜਾਣਗੀਆਂ। ਮੰਡੀਆਂ, ਖੇਤਾਂ, ਪਿੰਡ ਪਿੰਡ ਜਾ ਕੇ ਕਿਸਾਨਾਂ, ਪਿੰਡ ਵਾਸੀਆਂ ਅਤੇ ਹੋਰਨਾਂ ਨੂੰ ਹੋਰ ਵਧੇਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੈਨਾਂ ਬਲਾਕ ਅਫ਼ਸਰਾਂ ਨਾਲ ਤਾਲਮੇਲ ਕਰ ਕੇ ਰੂਟ ਦੇ ਹਿਸਾਬ ਨਾਲ ਚਲਾਈ ਜਾਣਗੀਆਂ।
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ ਹਰਪ੍ਰਿਤਪਾਲ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕਿਸਾਨ ਕਣਕ ਦੀ ਪਰਾਲੀ ਦੀ ਤੂੜੀ ਬਣਾ ਕੇ ਜਾਂ ਫਿਰ ਉਸ ਨੂੰ ਖੇਤਾਂ ਵਿੱਚ ਵਾਹ ਸਕਦੇ ਹਨ।
ਇਸ ਨਾਲ ਵਾਤਾਵਰਨ ਅਤੇ ਜ਼ਾਮੀਬਨ ਦੀ ਸਿਹਤ ਅਤੇ ਵਿਸ਼ੇਸ਼ ਤੌਰ ਤੇ ਇਨਸਾਨੀ ਸਿਹਤ ਠੀਕ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਸਾਲ ਇਸੇ ਤਰ੍ਹਾਂ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਨਾਲ ਪਿਛਲੇ ਸਾਲਾਂ ਦੇ ਨਾਲੋਂ ਕਣਕ ਜਾਂ ਝੋਨੇ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਹੈ ।
ਇਸ ਮੌਕੇ ਡਾ ਦਵਿੰਦਰ ਸਿੰਘ ਸੰਧੂ ਏ.ਪੀ.ਪੀ.ਓ, ਸ਼੍ਰੀ ਗੁਰਜੀਤ ਖੇਤੀਬਾੜੀ ਇੰਜੀਨੀਅਰ, ਸ੍ਰੀ ਸੁਖਦੀਪ ਸਿੰਘ ਜੂਨੀਅਰ ਤਕਨੀਸ਼ਅਨ ਅਤੇ ਸ੍ਰੀ ਨਵਜੀਤ ਢਿੱਲੋਂ ਕੰਪਿਊਟਰ ਅਪਰੇਟਰ ਹਾਜ਼ਰ ਰਹੇ
Click to Follow Babushahi Facebook page →