ਸੁੰਦਰ ਮੁਲਕ ਹੈ..ਨਫ਼ਰਤ ਨਹੀਂ, ਪਿਆਰ ਵੰਡੋ...ਪਾਪਾਟੋਏਟੋਏ ਸਕੂਲ ਬਾਹਰ ‘ਸਾਰੇ ਭਾਰਤੀਆਂ ਨੂੰ ਖਤਮ ਕਰੋ’ ਲਿਖਣ ਵਾਲਾ 61 ਸਾਲਾ ਵਿਅਕਤੀ ਪੁਲਿਸ ਵੱਲੋਂ ਗ੍ਰਿਫ਼ਤਾਰ
-ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦਾ ਅੰਤ ਜੇਲ੍ਹ ਦੀਆਂ ਸਲਾਖਾਂ ਪਿੱਛੇ!
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 16 ਅਪ੍ਰੈਲ, 2026:-ਨਿਊਜ਼ੀਲੈਂਡ ਪੁਲਿਸ ਨੇ ਦੱਖਣੀ ਔਕਲੈਂਡ ਦੇ ਪਾਪਾਟੋਏਟੋਏ ਸੈਂਟਰਲ ਸਕੂਲ ਦੇ ਬਾਹਰ ਪਿਛਲੇ ਦਿਨੀਂ ਨਫ਼ਰਤ ਭਰੀ ਗ੍ਰੈਫਿਟੀ ਲਿਖਣ ਦੇ ਮਾਮਲੇ ਵਿੱਚ ਇੱਕ 61 ਸਾਲਾ ਸਥਾਨਕ ਵਿਅਕਤੀ ਨੂੰ ਅੱਜ ਸਵੇਰੇ ਹਿਰਾਸਤ ਵਿੱਚ ਲਿਆ ਹੈ। 11 ਅਪ੍ਰੈਲ ਨੂੰ ਸਕੂਲ ਦੀ ਕੰਧ ’ਤੇ "Kill 1ll 9ndian" ਵਰਗੇ ਭੜਕਾਊ ਸ਼ਬਦ ਲਿਖੇ ਗਏ ਸਨ, ਜਿਸ ਨੂੰ ਪੁਲਿਸ ‘ਨਫ਼ਰਤ ਤੋਂ ਪ੍ਰੇਰਿਤ ਅਪਰਾਧ’ ਵਜੋਂ ਦੇਖ ਰਹੀ ਹੈ।
ਕਾਊਂਟੀਜ਼ ਮਾਨੁਕਾਊ ਵੈਸਟ ਏਰੀਆ ਦੇ ਕਮਾਂਡਰ, ਇੰਸਪੈਕਟਰ ਡੇਵ ਕ੍ਰਿਸਟੋਫਰਸਨ ਨੇ ਪੁਸ਼ਟੀ ਕੀਤੀ ਕਿ ਪੂਰੇ ਹਫ਼ਤੇ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਅੱਜ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਗਿ੍ਰਫਤਾਰ ਇਸ ਵਿਅਕਤੀ ’ਤੇ ਸੰਮਰੀ ਔਫੈਂਸਿਸ ਐਕਟ (Summary Offences Act) ਦੇ ਤਹਿਤ ‘ਅਪਮਾਨਜਨਕ ਵਿਵਹਾਰ’ ਅਤੇ ‘ਜਾਣਬੁੱਝ ਕੇ ਨੁਕਸਾਨ ਪਹੁੰਚਾਉਣ’ ਦੇ ਦੋਸ਼ ਲਗਾਏ ਗਏ ਹਨ।
ਦੋਸ਼ੀ ਨੂੰ ਅੱਜ ਮਾਨੁਕਾਊ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਹ ਇੱਕ ਨਿੱਜੀ ਅਤੇ ਇਕੱਲੀ ਘਟਨਾ ਸੀ, ਜਿਸ ਦਾ ਸਮਾਜ ਦੇ ਹੋਰ ਹਿੱਸਿਆਂ ’ਤੇ ਕੋਈ ਵੱਡਾ ਖਤਰਾ ਨਹੀਂ ਹੈ। ਫਿਲਹਾਲ ਮਾਮਲਾ ਅਦਾਲਤ ਦੇ ਅਧੀਨ ਹੋਣ ਕਰਕੇ ਹੋਰ ਵੇਰਵੇ ਗੁਪਤ ਰੱਖੇ ਗਏ ਹਨ।
ਇਹ ਘਟਨਾ ਇੱਕ ਪ੍ਰਾਇਮਰੀ ਸਕੂਲ ਦੇ ਬਾਹਰ ਵਾਪਰੀ ਸੀ, ਜਿੱਥੇ 5 ਤੋਂ 11 ਸਾਲ ਦੇ ਮਾਸੂਮ ਬੱਚੇ ਪੜ੍ਹਦੇ ਹਨ। ਇਸ ਕਾਰਨ ਸਥਾਨਕ ਭਾਰਤੀ ਭਾਈਚਾਰੇ ਵਿੱਚ ਕਾਫੀ ਡਰ ਅਤੇ ਗੁੱਸਾ ਦੇਖਣ ਨੂੰ ਮਿਲਿਆ। ਐਕਟ ਪਾਰਟੀ ਦੀ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਇਸ ਹਰਕਤ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਬੁਜ਼ਦਿਲਾਨਾ ਦੱਸਿਆ। ਸਕੂਲ ਦੇ ਪ੍ਰਿੰਸੀਪਲ ਰਾਜ ਦੁੱਲਾਭ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਪਰ ਉਹ ਪੁਲਿਸ ਦੀ ਮੁਸਤੈਦੀ ਤੋਂ ਸੰਤੁਸ਼ਟ ਹਨ ਕਿ ਦੋਸ਼ੀ ਨੂੰ ਜਲਦੀ ਫੜ ਲਿਆ ਗਿਆ।
ਇਸ ਮੁਲਕ ਦੇ ਸੁਹਿਰਦ ਲੋਕ ਅਕਸਰ ਚਰਚਾ ਵਿਚ ਜ਼ਿਕਰ ਕਰਦੇ ਹਨ ਕਿ ਇਹ ਇਕ ਸੁੰਦਰ ਮੁਲਕ ਹੈ, ਇਥੇ ਨਫ਼ਰਤ ਨਹੀਂ ਪਿਆਰ ਵੰਡੋ, ਨਹੀਂ ਤਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦਾ ਅੰਤ ਜ਼ੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇਗਾ।
Click to Follow Babushahi Facebook page →