ਨਸ਼ਿਆਂ ਵਿਰੁੱਧ ਜੰਗ: ਲੁਧਿਆਣਾ ਪੁਲਿਸ ਨੇ 30 ਕੁਇੰਟਲ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਤਲਫ਼; 2 ਹਫ਼ਤਿਆਂ 'ਚ 600 ਕੇਸਾਂ ਦਾ ਨਿਪਟਾਰਾ
ਸੁਖਮਿੰਦਰ ਭੰਗੂ, ਲੁਧਿਆਣਾ 17 ਅਪ੍ਰੈਲ, 2026- ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਨੂੰ ਨਸ਼ਟ ਕਰ ਦਿੱਤਾ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਿਆਂ, ਪੁਲਿਸ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਹੈ।
ਨਸ਼ਿਆਂ ਨੂੰ ਨਸ਼ਟ ਕਰਨ ਦੀ ਇਹ ਪ੍ਰਕਿਰਿਆ ਇੱਕ ਵਿਸ਼ੇਸ਼ ਕਮੇਟੀ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਗਈ, ਜਿਸ ਵਿੱਚ ਡੀਸੀਪੀ ਹਰਪਾਲ ਸਿੰਘ (PPS), ਏਡੀਸੀਪੀ ਅਮਨਦੀਪ ਸਿੰਘ ਬਰਾਰ (PPS) ਅਤੇ ਏਸੀਪੀ ਹਰਸ਼ਪ੍ਰੀਤ ਸਿੰਘ (PPS) ਸ਼ਾਮਲ ਸਨ।
ਅੱਜ ਦੀ ਕਾਰਵਾਈ ਦੌਰਾਨ 83 ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਬਰਾਮਦ ਕੀਤੇ ਨਸ਼ੇ ਨਸ਼ਟ ਕੀਤੇ ਗਏ-- ਚੂਰਾ ਪੋਸਤ 15 ਕੁਇੰਟਲ 97 ਕਿਲੋ (11 ਕੇਸ), ਹੈਰੋਇਨ 5 ਕਿਲੋ 856 ਗ੍ਰਾਮ (49 ਕੇਸ), ਨਸ਼ੀਲੀਆਂ ਦਵਾਈਆਂ 2,310 ਗੋਲੀਆਂ ਅਤੇ 1,830 ਕੈਪਸੂਲ, ਹੋਰ ਨਸ਼ੇ ਗਾਂਜਾ, ਚਰਸ, ਆਈਸ, ਮਲਾਨਾ ਹਸ਼ੀਸ਼ ਅਤੇ ਐਲ.ਐਸ.ਡੀ. (L.S.D.), ਅਫ਼ੀਮ 120 ਕੇਸਾਂ ਨਾਲ ਸਬੰਧਤ 145 ਕਿਲੋ ਅਫ਼ੀਮ ਨੂੰ ਨਿਪਟਾਰੇ ਲਈ ਵੱਖਰੇ ਤੌਰ 'ਤੇ ਭੇਜਿਆ ਗਿਆ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ, ਸਵਪਨ ਸ਼ਰਮਾ (IPS) ਨੇ ਦੱਸਿਆ ਕਿ ਪਿਛਲੇ 2 ਹਫ਼ਤਿਆਂ ਵਿੱਚ ਪੁਲਿਸ ਨੇ NDPS ਐਕਟ ਤਹਿਤ ਲਗਭਗ 600 ਕੇਸਾਂ ਨਾਲ ਸਬੰਧਤ ਨਸ਼ਿਆਂ ਦਾ ਨਿਪਟਾਰਾ ਕੀਤਾ ਹੈ। ਪਿਛਲੇ ਪੰਦਰਵਾੜੇ ਵਿੱਚ ਨਸ਼ਟ ਕੀਤੇ ਗਏ ਮੁੱਖ ਪਦਾਰਥ ਹੈਰੋਇਨ 22 ਕਿਲੋ 398 ਗ੍ਰਾਮ, ਚੂਰਾ ਪੋਸਤ 15 ਕੁਇੰਟਲ 21 ਕਿਲੋ, ਗਾਂਜਾ 90 ਕਿਲੋ 415 ਗ੍ਰਾਮ, ਨਸ਼ੀਲੀਆਂ ਗੋਲੀਆਂ 18,901....।
ਪੁਲਿਸ ਦਾ ਸਖ਼ਤ ਸੰਦੇਸ਼
ਸੀਪੀ ਸਵਪਨ ਸ਼ਰਮਾ ਨੇ ਕਿਹਾ, "ਨਸ਼ਿਆਂ ਦੀ ਸਪਲਾਈ ਚੇਨ ਤੋੜਨਾ ਸਾਡੀ ਪਹਿਲ ਹੈ। ਇਹ ਕਾਰਵਾਈ ਸਿਰਫ਼ ਕਾਨੂੰਨੀ ਪ੍ਰਕਿਰਿਆ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇੱਕ ਪ੍ਰਤੀਕ ਹੈ। ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ।" ਲੁਧਿਆਣਾ ਪੁਲਿਸ ਦੇ ਇਸ ਕਦਮ ਨਾਲ ਜਿੱਥੇ ਮਾਲਖਾਨਿਆਂ ਵਿੱਚ ਪਏ ਸਾਮਾਨ ਦਾ ਨਿਪਟਾਰਾ ਹੋਇਆ ਹੈ, ਉੱਥੇ ਹੀ ਨਸ਼ਾ ਤਸਕਰਾਂ ਨੂੰ ਇੱਕ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ।
Click to Follow Babushahi Facebook page →