ਹਰਿਆਣਾ 'ਚ ਪ੍ਰਾਪਰਟੀ ਖਰੀਦਣਾ ਹੋਇਆ ਮਹਿੰਗਾ: ਕੁਲੈਕਟਰ ਰੇਟਾਂ 'ਚ 75 ਫ਼ੀਸਦ ਤੱਕ ਦਾ ਵਾਧਾ
ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਪੰਚਕੂਲਾ/ਚੰਡੀਗੜ੍ਹ, 30 ਮਾਰਚ 2026: ਹਰਿਆਣਾ ਸਰਕਾਰ ਨੇ ਸੂਬੇ ਵਿੱਚ ਰਿਹਾਇਸ਼ੀ, ਵਪਾਰਕ, ਸਨਅਤੀ ਅਤੇ ਖੇਤੀਬਾੜੀ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਵਿੱਚ 75 ਫ਼ੀਸਦ ਤੱਕ ਦਾ ਵੱਡਾ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ 1 ਅਪਰੈਲ 2026 ਤੋਂ ਪੂਰੇ ਸੂਬੇ ਵਿੱਚ ਪ੍ਰਭਾਵੀ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਅਕਤੂਬਰ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਤੀਜੀ ਵਾਰ ਹੈ ਜਦੋਂ ਸਰਕਾਰ ਨੇ ਕੁਲੈਕਟਰ ਦਰਾਂ ਵਿੱਚ ਵਾਧਾ ਕੀਤਾ ਹੈ।
ਸਭ ਤੋਂ ਵੱਧ ਵਾਧਾ ਵਪਾਰਕ ਸੰਪਤੀਆਂ (Commercial Properties) ਵਿੱਚ ਦੇਖਣ ਨੂੰ ਮਿਲਿਆ ਹੈ। ਸੈਕਟਰ 3, 27, 28 ਅਤੇ ਮਨਸਾ ਦੇਵੀ ਕੰਪਲੈਕਸ (MDC) ਵਿੱਚ ਬੂਥਾਂ ਦੇ ਰੇਟ 2.25 ਲੱਖ ਰੁਪਏ ਤੋਂ ਵਧ ਕੇ 3.94 ਲੱਖ ਰੁਪਏ ਪ੍ਰਤੀ ਵਰਗ ਮੀਟਰ ਹੋ ਗਏ ਹਨ। ਸੈਕਟਰ 4, 6, 10, 12, 15, 16, 17 ਅਤੇ 21 ਵਿੱਚ 'ਸ਼ਾਪ ਕਮ ਫਲੈਟ' (SCF) ਦੀਆਂ ਦਰਾਂ 3.6 ਲੱਖ ਰੁਪਏ ਤੋਂ ਵਧ ਕੇ 6.3 ਲੱਖ ਰੁਪਏ ਪ੍ਰਤੀ ਵਰਗ ਮੀਟਰ ਕਰ ਦਿੱਤੀਆਂ ਗਈਆਂ ਹਨ (75% ਵਾਧਾ)।
ਰਿਹਾਇਸ਼ੀ ਇਲਾਕਿਆਂ ਵਿੱਚ ਵੀ ਭਾਰੀ ਵਾਧਾ/ਆਮ ਜਨਤਾ 'ਤੇ ਅਸਰ
ਰਿਹਾਇਸ਼ੀ ਪਲਾਟਾਂ ਦੀਆਂ ਕੀਮਤਾਂ ਵਿੱਚ ਵੀ 25 ਤੋਂ 75 ਫ਼ੀਸਦ ਤੱਕ ਦਾ ਉਛਾਲ ਆਇਆ ਹੈ। ਕੋਨੇ ਵਾਲੇ (Corner) ਅਤੇ ਏ-ਰੋਡ ਵਾਲੇ ਪਲਾਟਾਂ ਦਾ ਰੇਟ 50,160 ਰੁਪਏ ਤੋਂ ਵਧਾ ਕੇ 87,780 ਰੁਪਏ ਪ੍ਰਤੀ ਵਰਗ ਮੀਟਰ ਕਰ ਦਿੱਤਾ ਗਿਆ ਹੈ। ਕੁਲੈਕਟਰ ਰੇਟ ਵਧਣ ਨਾਲ ਰਜਿਸਟਰੀ ਫੀਸ ਅਤੇ ਸਟੈਂਪ ਡਿਊਟੀ ਵਿੱਚ ਸਿੱਧਾ ਵਾਧਾ ਹੋਵੇਗਾ, ਜਿਸ ਕਾਰਨ ਆਮ ਲੋਕਾਂ ਲਈ ਘਰ ਬਣਾਉਣਾ ਜਾਂ ਵਪਾਰਕ ਜਗ੍ਹਾ ਖਰੀਦਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚੀਲਾ ਹੋ ਜਾਵੇਗਾ।
Click to Follow Babushahi Facebook page →