ਸਾਬਕਾ ਮੰਤਰੀ ਲਾਲ ਸਿੰਘ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਈ
-ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਮੁੱਖ ਮੰਤਰੀ ਵੱਲੋਂ ਏ.ਡੀ.ਸੀ ਨੇ ਮ੍ਰਿਤਕ ਦੇਹ 'ਤੇ ਰੀਥ ਰੱਖੀ
-ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਦੇਵ ਮਾਨ, ਆਪ ਵੱਲੋਂ ਹਡਾਣਾ ਸਮੇਤ ਵੱਡੀ ਗਿਣਤੀ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ
ਪਟਿਆਲਾ, 29 ਮਾਰਚ:
ਸਾਬਕਾ ਮੰਤਰੀ ਸਰਵਗੀ ਸ. ਲਾਲ (84), ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨੂੰ ਅੱਜ ਸੇਜਲ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਇੱਥੇ ਰਾਜਪੁਰਾ ਰੋਡ 'ਤੇ ਸਥਿਤ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਦਿਖਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਮ੍ਰਿਤਕ ਦੇਹ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਅਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਮੇਤ ਆਮ ਆਦਮੀ ਪਾਰਟੀ ਦੀ ਤਰਫ਼ੋਂ ਹਲਕਾ ਸਨੌਰ ਦੇ ਇੰਚਾਰਜ ਤੇ ਸਾਬਕਾ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਰੀਥਾਂ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪਟਿਆਲਾ ਪੁਲਿਸ ਦੀ ਟੁਕੜੀ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸਲਾਮੀ ਦਿੱਤੀ।
ਇਸ ਦੌਰਾਨ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਕਨਵੇਅਰ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਹਿੰਦੂ ਤਖ਼ਤ ਵੱਲੋਂ ਸਵਾਮੀ ਬ੍ਰਹਮਾਨੰਦ ਗਿਰੀ, ਗਿਆਨੀ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ, ਸਾਬਕਾ ਤੇ ਮੌਜੂਦਾ ਵਿਧਾਇਕਾਂ ਤੇ ਹੋਰ ਪਾਰਟੀਆਂ ਦੇ ਆਗੂਆਂ ਅਤੇ ਪਟਿਆਲਾ ਦੇ ਕੌਂਸਲਰਾਂ ਨੇ ਵੀ ਮ੍ਰਿਤਕ ਦੇਹ 'ਤੇ ਫੁੱਲ ਮਾਲਾਵਾਂ ਰੱਖਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ।
ਪਰਿਵਾਰਕ ਸੂਤਰਾਂ ਮੁਤਾਬਕ ਸਵਰਗੀ ਸ. ਲਾਲ ਸਿੰਘ ਦੇ ਫੁੱਲ ਚੁਗਣ ਦੀ ਰਸਮ ਦਿਨ ਮੰਗਲਵਾਲਰ ਮਿਤੀ 31 ਮਾਰਚ ਨੂੰ ਸਵੇਰੇ 8 ਵਜੇ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਨਿਭਾਈ ਜਾਵੇਗੀ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਦਿਨ ਸ਼ੁਕਰਵਾਰ ਮਿਤੀ 10 ਅਪ੍ਰੈਲ ਨੂੰ ਬਾਅਦ ਦੁਪਹਿਰ 12.30 ਵਜੇ ਤੋਂ 2 ਵਜੇ ਤੱਕ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ 9ਵੀਂ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਵੇਗੀ।
ਸਾਬਕਾ ਮੰਤਰੀ ਲਾਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਪਟਿਆਲਾ ਸ਼ਹਿਰ ਦੇ ਨਿਵਾਸੀ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਕੇ ਸਬੰਧੀਆਂ ਸਮੇਤ ਹੋਰਨਾਂ ਅਹਿਮ ਸ਼ਖ਼ਸੀਅਤਾਂ ਵੱਲੋਂ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
Click to Follow Babushahi Facebook page →