ਸਾਹਿਤਕਾਰ ਬਲਵਿੰਦਰ ਭੁੱਲਰ ਦਾ ਰੂਬਰੂ ਪ੍ਰੋਗਰਾਮ ਅਤੇ ਕਵੀ ਦਰਬਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2026: ਚੈਨਲ ਸੁਪਨ ਉਡਾਰੀ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਦੇ ਹਾਲ ਵਿਖੇ ਸਾਹਿਤਕਾਰ ਅਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਦਾ ਰੂਬਰੂ ਪ੍ਰੋਗਰਾਮ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਚੜ੍ਹਦੀਕਲਾ ਫਾਊਂਡੇਸ਼ਨ ਦੀ ਪ੍ਰਧਾਨ ਤੇ ਸਮਾਜ ਸੇਵੀ ਮੈਡਮ ਅੰਮ੍ਰਿਤ ਗਿੱਲ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਉੱਘੇ ਲੇਖਕ ਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕੀਤੀ। ਮੰਚ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ, ਬਲਵਿੰਦਰ ਸਿੰਘ ਭੁੱਲਰ, ਜਸਕਰਨ ਸਿੰਘ ਸਿਵੀਆਂ ਤੇ ਡਾ: ਐੱਸ ਕੇ ਕਟਾਰੀਆ ਵੀ ਹਾਜਰ ਸਨ। ਮੰਚ ਸੰਚਾਲਨ ਦੀ ਜਿੰਮੇਵਾਰੀ ਸ਼ਾਇਰ ਜਸਪਾਲ ਜੱਸੀ ਨੇ ਨਿਭਾਈ। ਸਮਾਗਮ ਦੇ ਮੁੱਢਲੇ ਪੜਾਅ ਵਿੱਚ ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਬਚਪਨ ਤੋਂ ਜਿੰਦਗੀ ਦੇ ਉਤਰਾਅ ਚੜਾਅ ਤੇ ਪਰਿਵਾਰਕ ਪਿਛੋਕੜ ਸਬੰਧੀ ਅਤੇ ਆਪਣੀ ਲੇਖਣ ਪ੍ਰਕ੍ਰਿਆ ਬਾਰੇ ਚਾਨਣਾ ਪਾਇਆ।
ਉਹਨਾਂ ਦੱਸਿਆ ਕਿ ਉਹ ਕਰੀਬ ਚਾਲੀ ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਸਾਹਿਤ ਰਚਨ ਦੀ ਗੁੜ੍ਹਤੀ ਮੈਨੂੰ ਆਪਣੇ ਚਾਚਾ ਗੁਰਬਚਨ ਸਿੰਘ ਭੁੱਲਰ ਤੋਂ ਮਿਲੀ ਹੈ ਜਿਸ ਕਰਕੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਉਹ ਲੋਕ ਪੱਖੀ ਸਾਹਿਤ ਦੀ ਰਚਨਾ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਉਹਨਾਂ ਵੱਖ ਵੱਖ ਸਾਹਿਤਕਾਰਾਂ, ਸਰੋਤਿਆਂ ਜਸਪਾਲ ਮਾਨਖੇੜਾ, ਜਸਕਰਨ ਸਿਵੀਆਂ, ਰੂਪ ਚੰਦ ਸ਼ਰਮਾ, ਹਰਭੁਪਿੰਦਰ ਲਾਡੀ, ਸੁਰਿੰਦਰ ਸਿੰਘ ਖਾਲਸਾ, ਡਾ: ਅੰਮ੍ਰਿਤਪਾਲ ਸਿੰੰਘ ਅਤੇ ਲਾਲ ਚੰਦ ਸਿੰਘ ਆਦਿ ਦੇ ਸੁਆਲਾਂ ਦੇ ਬੇਬਾਕੀ ਨਾਲ ਜਵਾਬ ਦਿੰਦਿਆਂ ਪੱਤਰਕਾਰਤਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸਾਹਿਤ ਦੀਆਂ ਵਿਧੀਆਂ ਤੇ ਬਰੀਕੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਮੈਡਮ ਗਿੱਲ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਦਾ ਮਹੱਤਵਪੂਰਨ ਰੋਲ ਹੈ ਅਤੇ ਸ੍ਰ: ਭੁੱਲਰ ਇਸ ਕਾਰਜ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰ: ਭੁੱਲਰ ਨੇ ਅੱਠ ਪੁਸਤਕਾਂ ਸਾਹਿਤ ਦੀ ਝੋਲੀ ਵਿੱਚ ਪਾ ਕੇ ਝੰਡੇ ਗੱਡੇ ਹਨ । ਸੱਤਪਾਲ ਮਾਨ ਨੇ ਕਿਹਾ ਕਿ ਚੈਨਲ ਸੁਪਨ ਉਡਾਰੀ ਅਜਿਹੇ ਸਮਾਗਮ ਕਰਾਉਣ ਦੀ ਪਿਰਤ ਜਾਰੀ ਰੱਖੇਗਾ। ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਅਵਤਾਰ ਸਿੰਘ ਬਾਹੀਆ, ਦਵਿੰਦਰ ਸਿੰਘ ਬਰਾੜ ਐਡਵੋਕੇਟ, ਡਾ: ਅੰਮ੍ਰਿਤਪਾਲ ਸਿੰਘ, ਰੂਪ ਚੰਦ ਸ਼ਰਮਾ, ਜਸ ਬਠਿੰਡਾ, ਅੰਮ੍ਰਿਤ ਗਿੱਲ, ਸੋਨੀ ਸੰਧੂ, ਜਸਪਾਲ ਜੱਸੀ, ਹਰਭੁਪਿੰਦਰ ਲਾਡੀ, ਇਰਵਨਦੀਪ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗਾਇਕਾ ਮਨਜੀਤ ਕੌਰ ਨੇ ਧਾਰਮਿਕ ਗੀਤ ਅਤੇ ਹਰੀ ਕਿਸ਼ਨ ਸ਼ਰਮਾ ਨੇ ਗ਼ਜ਼ਲ ਪੇਸ਼ ਕੀਤੀ। ਇਸ ਮੌਕੇ ਮੈਗਜੀਨ ਪਰਵਾਜ਼ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ । ਡਾ: ਐੱਸ ਕੇ ਕਟਾਰੀਆਂ ਨੇ ਬੀਮਾਰੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ। ਇਸ ਮੌਕੇ ਰੰਗ ਕਰਮੀ ਆਰ ਐੱਸ ਪਰਵਾਨਾ, ਮਨਜੀਤ ਸਿੰਘ ਜੀਤ, ਡਾ: ਅਮਨਦੀਪ ਕੌਰ ਮਾਨ, ਅਦਾਕਾਰਾ ਰਣਜੀਤ ਕੌਰ, ਗੁਰਪ੍ਰੀਤ ਸਿੰਘ ਚਹਿਲ, ਪਰਗਟ ਸਿੰਘ ਢਿੱਲੋਂ, ਡਾ: ਸ਼ਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Click to Follow Babushahi Facebook page →