ਵਿਸ਼ਵ ਜਮਾਂਦਰੂ ਦੋਸ਼ ਦਿਵਸ ਮੌਕੇ ਜੱਚਾ-ਬੱਚਾ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਕੀਤਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2026 :ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਕੌਰ ਦੀ ਅਗਵਾਈ ਹੇਠ ‘ਵਿਸ਼ਵ ਜਨਮਜਾਤ ਦੋਸ਼ ਦਿਵਸ’ ਮੌਕੇ ਗਰਭਵਤੀ ਔਰਤਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਮ ਦੋਸ਼ ਉਹ ਸਰੀਰਕ ਜਾਂ ਮਾਨਸਿਕ ਅਸਾਮਾਨਤਾਵਾਂ ਹਨ ਜੋ ਬੱਚੇ ਵਿੱਚ ਜਨਮ ਤੋਂ ਹੀ ਮੌਜੂਦ ਹੁੰਦੀਆਂ ਹਨ। ਇਨ੍ਹਾਂ ਦੇ ਮੁੱਖ ਕਾਰਨਾਂ ਵਿੱਚ ਜਨੈਟਿਕ ਕਾਰਕ, ਪੋਸ਼ਣ ਦੀ ਕਮੀ, ਫੋਲਿਕ ਐਸਿਡ ਦੀ ਘਾਟ, ਗਰਭ ਅਵਸਥਾ ਦੌਰਾਨ ਸੰਕਰਮਣ, ਨਸ਼ਿਆਂ ਦਾ ਸੇਵਨ ਅਤੇ ਮਾਤਾ ਵਿੱਚ ਮੌਜੂਦ ਕੁਝ ਬਿਮਾਰੀਆਂ ਸ਼ਾਮਲ ਹੁੰਦੀਆ ਹਨ ।
ਇਸ ਦੌਰਾਨ ਬਲਾਕ ਐਜੂਕੇਟਰ ਪਵਨਜੀਤ ਕੌਰ, ਹਰਜਿੰਦਰ ਕੌਰ ਅਤੇ ਕਾਊਂਸਲਰ ਚਰਨਪਾਲ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਬੱਚਿਆਂ ਵਿਚ ਪਾਏ ਜਾਣ ਵਾਲੇ ਜਨਮ ਦੋਸ਼ਾਂ ਅਤੇ ਇਨ੍ਹਾਂ ਤੋਂ ਬਚਾਓ ਵਰਤਣਯੋਗ ਸਾਵਧਾਨੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਗਰਭ ਅਵਸਥਾ ਦੀ ਸ਼ੁਰੂਆਤ ਤੋਂ ਹੀ ਨਿਯਮਿਤ ਐਂਟੀਨੈਟਲ ਜਾਂਚਾਂ ਕਰਵਾਉਣ, ਫੋਲਿਕ ਐਸਿਡ ਅਤੇ ਹੋਰ ਲੋੜੀਂਦੀਆਂ ਦਵਾਈਆਂ ਡਾਕਟਰੀ ਸਲਾਹ ਅਨੁਸਾਰ ਲੈਣ ਅਤੇ ਸੰਤੁਲਿਤ ਆਹਾਰ ਅਪਣਾਉਣ। ਇਸ ਤੋਂ ਇਲਾਵਾ ਟੀਕਾਕਰਨ ਅਤੇ ਸਮੇਂ-ਸਿਰ ਅਲਟਰਾਸਾਊਂਡ ਜਾਂਚ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਤਹਿਤ ਉਪਲਬਧ ਮੁਫ਼ਤ ਜਾਂਚਾਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੰਦਰੁਸਤ ਮਾਂ ਅਤੇ ਸਿਹਤਮੰਦ ਬੱਚੇ ਲਈ ਗਰਭ ਅਵਸਥਾ ਦੌਰਾਨ ਸਾਰੇ ਜ਼ਰੂਰੀ ਸਿਹਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਵੀਰਪਾਲ ਕੌਰ ਐਨ.ਸੀ.ਡੀ ਸਟਾਫ਼ ਅਤੇ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।
Click to Follow Babushahi Facebook page →