ਸਿਰਸਾ: ਦਮੇ ਅਤੇ ਫੇਫੜਿਆਂ ਦੇ ਮਰੀਜ਼ਾਂ ਲਈ ਮੈਡੀਕਲ ਕੈਂਪ ਵਰਦਾਨ ਸਾਬਤ; 10 ਫਰਵਰੀ ਤੱਕ ਲੱਗਣਗੇ ਵੱਖ-ਵੱਖ ਬਿਮਾਰੀਆਂ ਦੇ ਕੈਂਪ
ਦਮਾਂ ਅਤੇ ਫੇਫੜਿਆਂ ਦੇ ਮਰੀਜਾਂ ਲਈ ਵਰਦਾਨ ਬਣੀ ਭਲਾਈ ਕਾਰਜਾਂ ਲਈ ਚੱਲ ਰਹੀ ਮੈਗਾ ਮੁਹਿੰਮ
ਅਸ਼ੋਕ ਵਰਮਾ
ਸਿਰਸਾ, 3 ਫਰਵਰੀ2026: ਡੇਰਾ ਸੌਚਾ ਸੌਦਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਲਾਈ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਅਗਵਾਈ ਹੇਠ ਮੰਗਲਵਾਰ ਨੂੰ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ, ਸਿਰਸਾ ਵਿਖੇ ਦਮੇ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਡਾ. ਹਰਸ਼ਿਕਾ, ਡਾ. ਇਸ਼ਿਤ ਕਮਲ, ਡਾ. ਮੀਨਾਕਸ਼ੀ, ਡਾ. ਕੁਲਭੂਸ਼ਣ, ਡਾ. ਮੋਨੀਸ਼ਾ, ਡਾ. ਪ੍ਰਦੀਪ, ਡਾ. ਕਨਿਕਾ ਅਤੇ ਡਾ. ਸਚਿਨ ਸਮੇਤ ਹੋਰਨਾਂ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਡਾਕਟਰਾਂ ਨੇ ਦਮਾ, ਸਾਹ ਦੀਆਂ ਸਮੱਸਿਆਵਾਂ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਢੁਕਵੇਂ ਇਲਾਜ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਐਮਐਸਜੀ ਨੈਚਰੋਪੈਥੀ ਹਸਪਤਾਲ ਵਿਖੇ ਵੀ ਨੈਚਰੋਪੈਥੀ ਪ੍ਰਣਾਲੀ ਸਬੰਧੀ ਚੱਲ ਰਹੇ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ ਯੋਗਾ, ਕੁਦਰਤੀ ਇਲਾਜ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਰਾਹੀਂ ਮਰੀਜ਼ਾਂ ਦਾ ਇਲਾਜ ਜਾਰੀ ਰੱਖਿਆ। ਕੈਂਪ ਦੌਰਾਨ, ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾ ਮੈਡੀਕਲ ਸਟਾਫ ਵੱਲੋਂ ਮਰੀਜ਼ਾਂ ਦੀ ਸ਼ੁਰੂਆਤੀ ਜਾਂਚ ਤਹਿਤ ਬਲੱਡ ਪ੍ਰੈਸ਼ਰ ਸਮੇਤ ਹੋਰ ਜ਼ਰੂਰੀ ਟੈਸਟਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸ਼ਾਹ ਸਤਨਾਮ ਜੀ ਐਜੂਕੇਸ਼ਨਲ ਇੰਸਟੀਚਿਊਟ ਦੇ ਵਿਦਿਆਰਥੀ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਮਰੀਜ਼ਾਂ ਦੇ ਪ੍ਰਬੰਧਾਂ ਵਿੱਚ ਸਰਗਰਮੀ ਨਾਲ ਮਦਦ ਕਰ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸੇਵਾ ਮਹਾਂਕੁੰਭ ਤਹਿਤ, ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਵਿਸ਼ੇਸ਼ ਕੈਂਪਾਂ ਦੀ ਲੜੀ ਚਲਾਈ ਜਾਏਗਾ ।
ਇਸ ਲੜੀ ਤਹਿਤ 4 ਫਰਵਰੀ (ਬੁੱਧਵਾਰ) ਨੂੰ ਜਿਗਰ ਦੀ ਬਿਮਾਰੀ ਅਤੇ ਪੀਲੀਆ (ਹੈਪੇਟਾਈਟਸ ਬੀ ਅਤੇ ਸੀ) ਦੀ ਜਾਂਚ ਲਈ ਕੈਪ ਲੱਗੇਗਾ।ਇਸੇ ਤਰਾਂ ਹੀ 5 ਫਰਵਰੀ ਨੂੰ ਬੱਚਿਆਂ ਦੀਆਂ ਬਿਮਾਰੀਆਂ ਲਈ, 6 ਫਰਵਰੀ ਨੂੰ ਵਿਆਹੇ ਜੋੜਿਆਂ (ਮਰਦ ਅਤੇ ਔਰਤ) ਦੀ ਜਾਂਚ ਲਈ, 7 ਫਰਵਰੀ ਨੂੰ ਪਿੱਤੇ ਦੀ ਪੱਥਰੀ, ਬਵਾਸੀਰ, ਫਿਸਟੁਲਾ ਅਤੇ ਪਲਾਸਟਿਕ ਸਰਜਰੀ ਦੀ ਜਾਂਚ ਲਈ, 8 ਫਰਵਰੀ ਨੂੰ ਗੁਰਦੇ ਦੀ ਪੱਥਰੀ, ਪਿਸ਼ਾਬ ਨਾਲੀ ਅਤੇ ਬਲੈਡਰ ਦੀ ਪੱਥਰੀ ਅਤੇ ਗੁਰਦੇ ਦੀਆਂ ਬਿਮਾਰੀਆਂ ਦੀ ਜਾਂਚ ਲਈ, 9 ਫਰਵਰੀ ਨੂੰ ਨਿਊਰੋਸਰਜਰੀ ਅਤੇ ਨਿਊਰੋਲੋਜੀ ਲਈ ਅਤੇ 10 ਫਰਵਰੀ ਨੂੰ ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਸਾਰੇ ਕੈਂਪਾਂ ਵਿੱਚ, ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਜ਼ਰੂਰੀ ਲੈਬ ਟੈਸਟਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।