Mohali news : ਐੱਸ.ਏ.ਐੱਸ. ਨਗਰ ਵਿੱਚ ਨਸ਼ਾ ਤਸਕਰ ਦੀ ਗੈਰਕਾਨੂੰਨੀ ਉਸਾਰੀ ਢਾਹੀ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ:
ਰਾਜ ਪੱਧਰੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਅੱਜ ਗੋਰਖਨਾਥ ਕਾਲੋਨੀ, ਬੜਮਾਜਰਾ, ਪੁਲਿਸ ਥਾਣਾ ਬਲੌਂਗੀ ਅਧੀਨ, ਨਸ਼ਾ ਤਸਕਰ ਦੇ ਕਬਜ਼ੇ ਹੇਠ ਪੈਂਦੀ ਪੰਚਾਇਤੀ ਜ਼ਮੀਨ ’ਤੇ ਬਣੀ ਗੈਰਕਾਨੂੰਨੀ ਉਸਾਰੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਵੱਲੋਂ ਸਾਂਝੀ ਕਾਰਵਾਈ ਦੌਰਾਨ ਢਾਹ ਦਿੱਤਾ ਗਿਆ।
ਇਹ ਗੈਰਕਾਨੂੰਨੀ ਸੰਪਤੀ ਸੰਜੇ ਸ਼ਾਹ ਪੁੱਤਰ ਪੋਸ਼ਣ ਸ਼ਾਹ, ਵਾਸੀ ਗੋਰਖਨਾਥ ਕਾਲੋਨੀ, ਬੜਮਾਜਰਾ ਦੀ ਸੀ, ਜੋ ਨਸ਼ਾ ਤਸਕਰੀ ਨਾਲ ਸਬੰਧਿਤ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਇਹ ਗੈਰਕਾਨੂੰਨੀ ਨਿਰਮਾਣ ਪੰਚਾਇਤ ਦੀ ਜ਼ਮੀਨ ’ਤੇ ਕੀਤਾ ਗਿਆ ਸੀ।
ਇਹ ਢਾਹੁਣ ਦੀ ਮੁਹਿੰਮ ਐੱਸ.ਪੀ. (ਪੀ.ਬੀ.ਆਈ.) ਮਿਸ ਦੀਪਿਕਾ ਸਿੰਘ ਅਤੇ ਡੀ.ਐੱਸ.ਪੀ. ਖਰੜ ਸ੍ਰੀ ਕਰਨ ਸਿੰਘ ਸੰਧੂ ਦੀ ਦੇਖਰੇਖ ਹੇਠ, ਬੀ.ਡੀ.ਪੀ.ਓ. ਸ੍ਰੀ ਸਤਵੰਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ, ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਅਤੇ ਯੋਗ ਪੁਲਿਸ ਬਲ ਦੀ ਤਾਇਨਾਤੀ ਨਾਲ ਸਫ਼ਲਤਾਪੂਰਵਕ ਪੂਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਐੱਸ.ਏ.ਐੱਸ. ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਕੁੱਲ ਪੰਜ ਐਫ਼ ਆਈ ਆਰਜ਼ ਦਰਜ ਹਨ, ਜਿਨ੍ਹਾਂ ਵਿੱਚੋਂ ਤਿੰਨ ਮਾਮਲੇ ਐਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਫੇਜ਼-1 ਮੋਹਾਲੀ ਅਤੇ ਬਲੌਂਗੀ ਵਿੱਚ ਦਰਜ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਸ਼ਿਆਂ ਨਾਲ ਜੁੜੀ ਅਪਰਾਧਿਕ ਕਮਾਈ ਨਾਲ ਖੜ੍ਹੀ ਕੀਤੀ ਗਈ ਗੈਰਕਾਨੂੰਨੀ ਉਸਾਰੀ ਨੂੰ ਗਿਰਾ ਕੇ, ਉਨ੍ਹਾਂ ਨੂੰ ਸਖ਼ਤ ਸਬਕ ਸਿਖਾਉਣ ਲਈ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜਨ ਲਈ ਪੁਲਿਸ ਵੱਲੋਂ ਲਗਾਤਾਰ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਿਆਂ ਦੇ ਪੈਸੇ ਨਾਲ ਬਣੀਆਂ ਗੈਰਕਾਨੂੰਨੀ ਸੰਪਤੀਆਂ ਨੂੰ ਕਾਇਮ ਨਹੀਂ ਰਹਿਣ ਦਿੱਤਾ ਜਾਵੇਗਾ।”
ਐੱਸ.ਐੱਸ.ਪੀ. ਨੇ ਅੱਗੇ ਦੋਹਰਾਇਆ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਖਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਜਾਰੀ ਰਹੇਗੀ ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।