ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਦੇ ਹੱਕ ਵਿੱਚ ਕੀਤਾ ਗਿਆ ਕੈਂਡਲ ਮਾਰਚ
~18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ 'ਇਨਸਾਫ਼ ਰੈਲੀ' ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜਨਵਰੀ ,2026
ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਮੋਗਾ ਵਿਖੇ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ ਦੁਆਉਣ ਲਈ ਸਥਾਨਕ ਬਾਰਾਂਦਰੀ ਗਾਰਡਨ ਤੋਂ ਫੱਟੀ ਬਸਤਾ ਚੌਕ ਤੋਂ ਹੁੰਦੇ ਹੋਏ ਬੱਸ ਸਟੈਂਡ ਚੌਂਕ ਨੇੜੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੱਕ ਕੈਂਡਲ ਮਾਰਚ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਵਿੱਚੋਂ ਵੱਡੀ ਗਿਣਤੀ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਭਾਗ ਲਿਆ।
ਇਸ ਮੌਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਔਜਲਾ, ਰਾਮ ਕਿਸ਼ਨ ਪੱਲੀ ਝਿੱਕੀ, ਬਿਕਰਮਜੀਤ ਸਿੰਘ,ਹਰਮਿੰਦਰ ਸਿੰਘ ਉਪਲ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਪ੍ਰਸਾਸ਼ਨ ਵੱਲੋਂ ਦੂਰ ਦੁਰਾਡੇ ਲਗਾਈ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਸੂਏ ਵਾਲੇ ਪਾਣੀ ਵਿੱਚ ਡਿੱਗਣ ਕਾਰਣ ਹੋਏ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਦੀ ਮੂਣਕ, ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਸਮਾਣਾ ਦੇ ਨੇੜੇ ਅਤੇ ਗੁਰਵਿੰਦਰ ਸਿੰਘ ਪਾਤੜਾਂ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਗੰਭੀਰ ਜਖ਼ਮੀ ਹੋਏ। ਪੰਜਾਬ ਵਿੱਚ ਕਈ ਹੋਰ ਥਾਵਾਂ 'ਤੇ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜ਼ੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਜੋੜੇ ਨੂੰ ਦਸ-ਦਸ ਲੱਖ ਰੁਪਏ ਦੀ ਨਿਗੂਣੀ ਰਾਸ਼ੀ ਦੇ ਚੈੱਕ ਦਿੱਤੇ ਗਏ ਜੋ ਕਿ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਨਕਾਰ ਦਿੱਤੇ ਗਏ ਜਦੋਂ ਕਿ ਜਖਮੀ ਹੋਏ ਅਧਿਆਪਕਾਂ ਦੀ ਤਾਂ ਸਰਕਾਰ ਨੇ ਕੋਈ ਸਾਰ ਵੀ ਨਹੀਂ ਲਈ।
ਆਗੂਆਂ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ 'ਤੇ 2-2 ਕਰੋੜ ਰੁਪਏ ਦਾ ਮੁਆਵਜ਼ਾ ਉਨ੍ਹਾਂ ਦੇ ਬੱਚਿਆਂ ਦੇ ਨਾਂ 'ਤੇ ਤੁਰੰਤ ਜਾਰੀ ਕੀਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦੀ ਸਰਕਾਰ ਪੱਧਰ 'ਤੇ ਜਿੰਮੇਵਾਰੀ ਲਈ ਜਾਵੇ ਅਤੇ ਉਹਨਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਇਸ ਤੋਂ ਇਲਾਵਾ ਜਖਮੀ ਹੋਏ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਇਲਾਜ਼ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਓਟਣ ਦੇ ਨਾਲ-ਨਾਲ ਉਹਨਾਂ ਨੂੰ ਤੰਦਰੁਸਤ ਹੋਣ ਤੱਕ ਤਨਖ਼ਾਹ ਸਮੇਤ ਛੁੱਟੀ 'ਤੇ ਮੰਨਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਦੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਦੀਆਂ ਬੀਐਲਓ ਅਤੇ ਹੋਰ ਗੈਰ ਵਿੱਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ।
ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ 18 ਜਨਵਰੀ ਨੂੰ ਮੋਗਾ ਵਿਖੇ ਅਧਿਆਪਕ ਇਨਸਾਫ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਉਨਾਂ ਹਾਜਿਰ ਅਧਿਆਪਕਾਂ ਨੂੰ ਇਸ ਰੈਲੀ ਦੀ ਲਾਮਬੰਦੀ ਵਿੱਚ ਜੁਟਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਅਜੇ ਚਾਹੜ ਮਜਾਰਾ, ਚੰਦਰ ਸ਼ੇਖਰ,ਭੁਪਿੰਦਰ ਸੜੋਆ, ਸਤਨਾਮ ਮੀਰਪੁਰੀ,ਜਗਦੀਪ ਸੈਂਪਲੇ,ਮਨਜੀਤ ਰਾਮ, ਗੁਰਪ੍ਰੀਤ ਸਿੰਘ, ਕਿਸ਼ਨ ਖਟਕੜ,ਸੁਰਜੀਤ ਸੈਂਪਲੇ,ਸਤਨਾਮ ਰਾਮ,ਯੋਧ ਪਾਲ,ਗੁਰਦੀਸ਼ ਸਿੰਘ, ਪ੍ਰਸ਼ੋਤਮ ਲਾਲ, ਗੁਰਨਾਮ ਸਿੰਘ, ਬਲਜੀਤ ਸਿੰਘ, ਮਨਜਿੰਦਰਜੀਤ ਸਿੰਘ, ਇਕਬਾਲ ਸਿੰਘ, ਮਨਮੋਹਣ ਸਿੰਘ ਚੱਢਾ,ਹਰਜੀਤ ਸਿੰਘ, ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ, ਦਲਜੀਤ, ਸਰਬਜੀਤ, ਕੰਚਨ ਘਈ, ਜਸਵਿੰਦਰ ਸਿੰਘ ਸੰਧੂ,ਨਰਿੰਦਰ ਸਿੰਘ, ਚੰਦਰ ਸ਼ੇਖਰ, ਬਲਜਿੰਦਰ ਕੁਮਾਰ,ਦੇਸ ਰਾਜ , ਸੰਜੀਵ ਦੁੱਗਲ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਸਨ।