ਮਨਰੇਗਾ ਵਿੱਚ ਤਬਦੀਲੀ ਖਿਲਾਫ ਕਾਂਗਰਸ ਵੱਲੋਂ 11 ਜਨਵਰੀ ਨੂੰ ਰੈਲੀ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 5ਜਨਵਰੀ 2026:ਕੇਂਦਰ ਸਰਕਾਰ ਦੀ ਮਨਰੇਗਾ ਦੀ ਨਵੀਂ ਸਕੀਮ ਖਿਲਾਫ ਕਾਂਗਰਸ ਵੱਲੋਂ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ 11 ਜਨਵਰੀ ਨੂੰ ਭੁੱਚੋ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਬਠਿੰਡਾ ਮਾਨਸਾ ਮੁਕਤਸਰ ਅਤੇ ਫਰੀਦਕੋਟ ਦੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਕਾਂਗਰਸੀ ਵਰਕਰ ਸ਼ਾਮਿਲ ਹੋਣਗੇ ਅਤੇ ਕੇਂਦਰ ਸਰਕਾਰ ਦੀ ਮਨਰੇਗਾ ਦੀ ਨਵੀਂ ਸਕੀਮ ਦਾ ਵਿਰੋਧ ਕਰਨਗੇ। ਇਹ ਜਾਣਕਾਰੀ ਅੱਜ ਇਹਨਾਂ ਜਿਲ੍ਹਿਆਂ ਦੇ ਪ੍ਰਧਾਨਾਂ ਅਤੇ ਹੋਰ ਆਗੂਆਂ ਦੀ ਮੀਟਿੰਗ ਉਪਰੰਤ ਪੰਜਾਬ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆਂ ਨੇ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੀ ਮਨਰੇਗਾ ਦੀ ਨਵੀਂ ਸਕੀਮ ਜੋ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਦਾ ਸਿਆਸੀ ਹੱਥਕੰਡਾ ਹੈ ਉਸਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸੱਤਾ ਦੇ ਹੰਕਾਰ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਕਿਉਂਕਿ ਇਹ ਮਨਰੇਗਾ ਸਕੀਮ ਕਾਂਗਰਸ ਦੀ ਕੇਂਦਰ ਸਰਕਾਰ ਅਧੀਨ ਲਿਆਂਦੀ ਗਈ ਸੀ।
ਉਹਨਾਂ ਕਿਹਾ ਕਿ ਇਸ ਤਹਿਤ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਮਿਲਦਾ ਸੀ ਪਰ ਹੁਣ ਕੇਂਦਰ ਸਰਕਾਰ ਕੇਂਦਰ ਦਾ ਹਿੱਸਾ ਬਾਕੀ ਸੂਬਿਆਂ ਸਿਰ ਥੋਪ ਕੇ ਆਪਣੀ ਜਾਨ ਛਡਾਉਣ ਦੇ ਸਿਆਸੀ ਹਥਕੰਡੇ ਅਪਣਾ ਰਹੀ ਹੈ ਅਤੇ ਰੁਜ਼ਗਾਰ ਖੋਹਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦਾ ਕਾਂਗਰਸ ਡਟ ਕੇ ਵਿਰੋਧ ਕਰਦੀ ਹੈ। ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ 11 ਜਨਵਰੀ ਦੀ ਭੁੱਚੋ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਤੇ ਕਾਂਗਰਸੀ ਵਰਕਰਾਂ ਦੀ ਸਮੂਲੀਅਤ ਯਕੀਨੀ ਬਣਾਉਣ ਦੀਆਂ ਡਿਊਟੀਆਂ ਲਾਈਆਂ ਤੇ ਕਿਹਾ ਕਿ ਇਹ ਰੈਲੀ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਖਿਲਾਫ ਇੱਕ ਆਗਾਜ਼ ਹੋਵੇਗਾ ਤਾਂ ਜੋ ਮਜ਼ਦੂਰਾਂ ਕਿਸਾਨਾਂ ਵਪਾਰੀਆਂ ਮੁਲਾਜ਼ਮਾਂ ਦੇ ਹੱਕ ਬਹਾਲ ਹੋ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ, ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਸਮੁੱਚੇ ਹਲਕਿਆਂ ਦੇ ਲੀਡਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਕਾਂਗੜ ਗੁਰਜੰਟ ਸਿੰਘ ਕੁੱਤੀਵਾਲ ਰੁਪਿੰਦਰ ਕੌਰ ਰੂਬੀ ਜਗਦੇਵ ਸਿੰਘ ਕਮਾਲੂ (ਸਾਰੇ ਸਾਬਕਾ ਵਿਧਾਇਕ), ਖੁਸ਼ਬਾਜ ਸਿੰਘ ਜਟਾਣਾ, ਕੇਕੇ ਅਗਰਵਾਲ, ਟਹਿਲ ਸਿੰਘ ਸੰਧੂ ਅਰੁਣ ਵਧਾਵਣ ਡਾਕਟਰ ਜੀਵਨਜੋਤ ਪੱਟੀ ਕਿਰਨਜੀਤ ਸਿੰਘ ਗਹਿਰੀ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਆਦਿ ਆਗੂ ਹਾਜ਼ਰ ਸਨ।