ਪੀ.ਏ.ਯੂ. ਦੇ ਫਸਲ ਵਿਗਿਆਨੀ ਨੂੰ ਨਦੀਨ ਵਿਗਿਆਨ ਲਈ ਵਿਸ਼ੇਸ਼ਤਾ ਐਵਾਰਡ ਹਾਸਲ ਹੋਇਆ
ਲੁਧਿਆਣਾ 31 ਦਸੰਬਰ,2025
ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ. ਸਿਮਰਜੀਤ ਕੌਰ ਨੂੰ ਬੀਤੇ ਦਿਨੀਂ ਯੂਨੀਵਰਸਿਟੀ ਵੱਲੋਂ ਡਾ. ਹਰਦਿਆਲ ਸਿੰਘ ਗਿੱਲ ਵਿਸ਼ੇਸ਼ਤਾ ਪ੍ਰੋਫੈਸਰ ਚੇਅਰ ਪੁਰਸਕਾਰ ਨਾਲ ਨਿਵਾਜ਼ਿਆ ਗਿਆ। ਇਹ ਪੁਰਸਕਾਰ ਉਹਨਾਂ ਨੂੰ ਨਦੀਨ ਵਿਗਿਆਨ ਦੇ ਖਤਰੇ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਚੇਅਰ ਫਸਲ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਰਾਸ਼ਟਰੀ ਪੱਧਰ ਦੇ ਨਦੀਨ ਵਿਗਿਆਨੀ ਡਾ. ਹਰਦਿਆਲ ਸਿੰਘ ਗਿੱਲ ਦੀ ਸਿਮਰਤੀ ਵਿਚ ਸਥਾਪਿਤ ਕੀਤੀ ਗਈ ਹੈ ਜਿਨ੍ਹਾਂ ਨੇ ਪੀ.ਏ.ਯੂ. ਵਿਖੇ ਨਦੀਨਾਂ ਸੰਬੰਧੀ ਖੋਜ ਦਾ ਮੁੱਢ ਬੰਨਿਆ।
ਡਾ. ਸਿਮਰਜੀਤ ਕੌਰ 2008 ਤੋਂ 2018 ਤੱਕ ਨਦੀਨ ਵਿਗਿਆਨ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦਾ ਹਿੱਸਾ ਰਹੇ ਜਿਸਨੇ 2016 ਵਿਚ ਸਰਵੋਤਮ ਕੇਂਦਰ ਪੁਰਸਕਾਰ ਹਾਸਲ ਕੀਤਾ। ਉਹਨਾਂ ਨੇ ਨਦੀਨ ਪ੍ਰਬੰਧਨ ਦੇ ਨਾਲ-ਨਾਲ ਕੰਜ਼ਰਵੇਸ਼ਨ ਐਗਰੀਕਲਚਰ ਅਧਾਰਿਤ ਫਸਲੀ ਚੱਕਰ ਦੀ ਜਾਣ-ਪਛਾਣ ਲਈ ਅਹਿਮ ਕਾਰਜ ਨੂੰ ਅੰਜ਼ਾਮ ਦਿੱਤਾ। ਇਸੇ ਕਾਰਜ ਤਹਿਤ ਡਾ. ਸਿਮਰਜੀਤ ਕੌਰ ਨੇ 30 ਦੇ ਕਰੀਬ ਫਸਲ ਉਤਪਾਦਨ ਅਤੇ ਫਸਲ ਸੁਰੱਖਿਆ ਤਕਨਾਲੋਜੀਆਂ ਸਾਹਮਣੇ ਲਿਆਂਦੀਆਂ। ਇਸਦੇ ਨਾਲ ਹੀ ਉਹਨਾਂ ਨੇ 90 ਖੋਜ ਲੇਖ ਲਿਖੇ ਜਿਨ੍ਹਾਂ ਵਿੱਚੋਂ 29 ਉੱਚ ਪੱਧਰੀ ਰੇਟਿੰਗ ਵਾਲੇ ਸਨ। 5 ਕਿਤਾਬਾਂ ਅਤੇ ਕਿਤਾਬਚੇ, 11 ਪੁਸਤਕ ਅਧਿਆਇ ਅਤੇ 16 ਸਹਿ ਸੰਪਾਦਿਤ ਬੁਲਿਟਨਾਂ ਤੋਂ ਇਲਾਵਾ ਸਵਾ ਸੌ ਦੇ ਕਰੀਬ ਪਸਾਰ ਲੇਖ ਵੀ ਉਹਨਾਂ ਦੇ ਨਾਂ ਹੇਠ ਛਪੇ। ਐੱਮ ਐੱਸ ਸੀ ਦੇ 6 ਅਤੇ ਪੀ ਐੱਚ ਡੀ ਦੇ 4 ਵਿਦਿਆਰਥੀਆਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਡਾ. ਸਿਮਰਜੀਤ ਕੌਰ ਨੂੰ ਹਾਸਲ ਹੋਈ। ਫਸਲ ਵਿਗਿਆਨ ਦੇ 35 ਕੋਰਸਾਂ ਨੂੰ ਪੜਾਉਦਿਆਂ ਉਹਨਾਂ ਨੇ ਆਪਣੇ ਵਿਸ਼ੇ ਵਿਚ ਅਕਾਦਮਿਕ ਯੋਗਦਾਨ ਦਿੱਤਾ।
ਭਾਰਤੀ ਫਸਲ ਵਿਗਿਆਨ ਰਸਾਲੇ ਦੇ ਉਹ ਸਹਿ ਮੁੱਖ ਸੰਪਾਦਕ ਅਤੇ ਨਦੀਨ ਵਿਗਿਆਨ ਬਾਰੇ ਭਾਰਤੀ ਰਸਾਲੇ ਦੇ ਸਹਿਯੋਗੀ ਸੰਪਾਦਕ ਵਜੋਂ ਕਾਰਜ ਕਰਦੇ ਰਹੇ। ਇਸਦੇ ਨਾਲ ਹੀ ਉਹਨਾਂ ਨੇ ਅਮਰੀਕਾ ਦੀ ਫਸਲ ਵਿਗਿਆਨ ਸੁਸਾਇਟੀ, ਕੈਂਬਰਿਜ਼ ਅਤੇ ਫਰੰਟੀਅਰਜ਼ ਦੇ ਫਸਲ ਵਿਗਿਆਨ ਰਸਾਲੇ ਦੀ ਸੰਪਾਦਨਾ ਵੀ ਕੀਤੀ। ਨਾਲ ਹੀ ਡਾ. ਸਿਮਰਜੀਤ ਕੌਰ ਅਮਰੀਕਾ ਵਿਚ ਉੱਚ ਪੱਧਰੀ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣੇ। ਪੀ.ਏ.ਯੂ. ਵੱਲੋਂ ਉਹਨਾਂ ਨੂੰ ਪਹਿਲਾਂ ਹੀ ਪ੍ਰਸ਼ੰਸ਼ਾ ਪ੍ਰਮਾਣ ਪੱਤਰ ਨਾਲ ਨਿਵਾਜ਼ਿਆ ਗਿਆ ਹੈ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਤੋਂ ਇਲਾਵਾ ਡਾ. ਹਰੀ ਰਾਮ ਨੇ ਡਾ. ਸਿਮਰਜੀਤ ਕੌਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ।