ਐਸਐਸਪੀ ਦੀ ਅਗਵਾਈ ਹੇਠ ਮੁਕਤਸਰ ਪੁਲਿਸ ਵੱਲੋਂ ਚਾਰੋਂ ਸਬ ਡਿਵੀਜ਼ਨਾਂ ਵਿੱਚ CASO ਆਪਰੇਸ਼ਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਦਸੰਬਰ 2025 :ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡੀ.ਜੀ.ਪੀ ਪੰਜਾਬ ਸ੍ਰੀ ਗੋਰਵ ਯਾਦਵ ਅਤੇ ਫਰੀਦਕੋਟ ਰੇਂਜ ਦੀ ਡੀ.ਆਈ.ਜੀ. ਸ੍ਰੀਮਤੀ ਨਿਲਾਂਬਰੀ ਜਗਦਲੇ ਵਿਜੇ, ਆਈ.ਪੀ.ਐਸ. ਦੀਆਂ ਹਦਾਇਤਾਂ ਅਨੁਸਾਰ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ. ਦੀ ਅਗਵਾਈ ਹੇਠ ਇਕੋ ਸਮੇਂ ਜ਼ਿਲ੍ਹੇ ਦੀਆਂ ਚਾਰ ਸਬ ਡਿਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ) ਵਿੱਚ ਵੱਡੇ ਪੱਧਰ 'ਤੇ ਸਰਚ ਓਪਰੇਸ਼ਨ (CASO) ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸ੍ਰੀ ਬਚਨ ਸਿੰਘ ਆਈ.ਪੀ.ਐਸ. (ਐੱਸ.ਐੱਮ.ਐੱਸ.), ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. (CAW & C), ਸ੍ਰੀ ਰਛਪਾਲ ਸਿੰਘ ਆਈ.ਪੀ.ਐਸ. (ਡੀ.ਐੱਸ.ਪੀ) ਐੱਸ.ਐੱਮ.ਐੱਸ., ਸ੍ਰੀ ਰਾਜੇਸ਼ ਠਾਕੁਰ ਆਈ.ਪੀ.ਐਸ. (ਐਚ & ਐਫ਼), ਐੱਸ.ਐੱਮ.ਐੱਸ., ਸ੍ਰੀ ਅੰਗਰੇਜ ਸਿੰਘ ਆਈ.ਪੀ.ਐਸ. (ਮਲੋਟ), ਸ੍ਰੀ ਪ੍ਰਦੀਪ ਸਿੰਘ ਆਈ.ਪੀ.ਐਸ. (ਐਨ.ਡੀ.ਪੀ.ਐਸ) ਐੱਸ.ਐੱਮ.ਐੱਸ., ਸ੍ਰੀ ਹਰਬੰਸ ਸਿੰਘ ਆਈ.ਪੀ.ਐਸ. (ਲੰਬੀ) ਸਮੇਤ ਮੁੱਖ ਅਧਿਕਾਰੀਆਂ ਦੇ 300 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਇਸ ਸਰਚ ਮੁਹਿੰਮ ਦੌਰਾਨ ਪਿੰਡ ਫਤਿਹਪੁਰ ਮਨੀਆ, ਗੁਰੂਸਰ ਯੋਧਾ, ਕਬਰਵਾਲਾ, ਕਿੱਲਿਆਂਵਾਲੀ ਮੰਡੀ, ਤਪਾ ਖੇੜਾ, ਬਾਬਾ ਦੀਪ ਸਿੰਘ ਨਗਰ ਮਲੋਟ, ਕੈਂਪ ਇਲਾਕਾ ਮਲੋਟ, ਛੱਜਘੜ ਮਹੱਲਾ, ਕੋਟਭਾਈ, ਭਲਾਈਆਣਾ, ਬੁੱਟਰ ਸ਼ਰੀਹ, ਹਰੀਕੇ ਕਲਾਂ, ਰੁੜ੍ਹਿਆਂਵਾਲੀ, ਗੋਨਿਆਣਾ, ਬਰੀਵਾਲਾ, ਮਾਡਲ ਟਾਊਨ, ਕੋਟਲੀ ਰੋਡ, ਅੰਬੇਦਕਰ ਨਗਰ ਵਿੱਚ ਨਸ਼ੇ ਦਾ ਕਾਰੋਬਾਰ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਦੇ ਟਿਕਾਣਿਆਂ 'ਤੇ ਰੇਡ ਕੀਤੇ ਗਏ। ਇਸ ਤੋਂ ਇਲਾਵਾ ਜਿੰਨਾਂ ਵਿਅਕਤੀਆਂ ਖਿਲਾਫ ਪਹਿਲਾਂ ਤੋਂ ਐਨ.ਡੀ.ਪੀ.ਐਸ ਐਕਟ ਦੇ ਮੁਕਦਮੇ ਦਰਜ ਸਨ, ਉਹਨਾਂ ਦੇ ਟਿਕਾਣਿਆਂ ਦੀ ਵੀ ਚੈਕਿੰਗ ਕੀਤੀ ਗਈ।
ਸਰਚ ਮੁਹਿੰਮ ਦੌਰਾਨ ਪੁਲਿਸ ਵੱਲੋਂ ਏਰੀਏ ਨੂੰ ਸੀਲ ਕੀਤਾ ਗਿਆ ਅਤੇ ਨਾਕਾਬੰਦੀ ਕਰਕੇ ਨਸ਼ਾ ਤਕਸਰਾਂ, ਵਾਹਨਾਂ ਅਤੇ ਸ਼ੱਕੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਜਾਂਚ ਲਈ VAHAN ਐਪ ਦੀ ਮਦਦ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ PAIS ਐਪ ਦੀ ਵਰਤੋਂ ਕੀਤੀ ਗਈ। ਇਸ ਮੌਕੇ ਖਾਸ ਤੌਰ ਤੇ ਆਵਾਜਾਈ ਵਾਲੀਆਂ ਜਗ੍ਹਾਵਾਂ ਜਿਵੇਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਤੌਰ ਤੇ ਟੀਮਾਂ ਤਾਇਨਾਤ ਕਰਕੇ ਬੱਸਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ।
ਪੁਲਿਸ ਵੱਲੋਂ ਅੱਜ ਦੀ ਕਾਰਵਾਈ
ਅੱਜ CASO ਆਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 07 ਮੁਕਦਮੇ ਦਰਜ ਕਰਕੇ 08 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਪਾਸੋਂ 119 ਗ੍ਰਾਮ ਹੈਰੋਇਨ, 01 ਕਿਲੋ ਅਫੀਮ, 65 ਨਸ਼ੀਲੀਆਂ ਗੋਲੀਆਂ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਐਸ.ਐਸ.ਪੀ. ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਲਗਾਤਾਰ ਸਖ਼ਤ ਤਰੀਕੇ ਨਾਲ ਸਰਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਕਾਰਵਾਈ ਭਵਿੱਖ ਵਿੱਚ ਹੋਰ ਵੀ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਨਸ਼ਿਆਂ ਤੋਂ ਕਮਾਈ ਹੋਈ ਗੈਰਕਾਨੂੰਨੀ ਜਾਇਦਾਦ ਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਪੁਲਿਸ ਜਾਂ ਕਿਸੇ ਇਕ ਸੰਸਥਾ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜਿੱਥੇ ਪੁਲਿਸ ਆਪਣਾ ਫਰਜ਼ ਨਿਭਾ ਰਹੀ ਹੈ, ਓਥੇ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰਾਂ ਖਿਲਾਫ ਆਧੁਨਿਕ ਤਰੀਕਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਨਸ਼ਿਆਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਸਨੂੰ ਬਿਨਾ ਡਰ ਦੇ ਹੇਠ ਲਿਖੇ ਨੰਬਰਾਂ ਤੇ ਪੁਲਿਸ ਨਾਲ ਸਾਂਝਾ ਕਰਨ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।