ਵੱਡੀ ਖ਼ਬਰ : ਪੰਜਾਬ 'ਚ ਰੇਲ ਰੋਕੋ ਅੰਦੋਲਨ ਬਾਰੇ ਕਿਸਾਨਾਂ ਨੇ ਬਦਲਿਆ ਫੈਸਲਾ
Babushahi Bureau
ਚੰਡੀਗੜ੍ਹ, 20 ਦਿਸੰਬਰ 2025 : ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਬਾਰੇ ਕਿਸਾਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਕਿਸਾਨਾਂ ਵੱਲੋਂ ਅੱਜ 20 ਦਸੰਬਰ ਨੂੰ ਰੋਕੀਆਂ ਜਾਣ ਵਾਲੀਆਂ ਰੇਲਾਂ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਆਖਿਆ ਕਿ ਉਹਨਾਂ ਦੀ ਲੰਘੀ ਸ਼ਾਮ ਸਰਕਾਰ ਦੇ ਨਾਲ ਮੀਟਿੰਗ ਹੋਈ। ਜਿਸ ਵਿੱਚ ਭਰੋਸਾ ਦਵਾਇਆ ਗਿਆ ਕਿ ਬਿਜਲੀ ਸੋਧ ਬਿੱਲ ਪੰਜਾਬ ਅੰਦਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਅੰਦਰ ਲਗਾਏ ਜਾ ਰਹੇ ਸਮਾਰਟ ਮੀਟਰਾਂ ਬਾਰੇ ਵੀ ਹਾਂ-ਪੱਖੀ ਹੁੰਗਾਰਾ ਮਿਲਿਆ ਕਿ, ਇਹਨਾਂ ਮੀਟਰਾਂ ਨੂੰ ਪੰਜਾਬ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਭਰੋਸੇ ਮਗਰੋਂ ਉਹਨਾਂ ਨੇ ਆਪਣਾ ਪ੍ਰੋਗਰਾਮ ਬਦਲਿਆ ਹੈ, ਹਾਲਾਂਕਿ ਉਹਨਾਂ ਨੇ ਆਪਣਾ ਸੰਘਰਸ਼ ਵਾਪਸ ਨਹੀਂ ਲਿਆ ਹੈ, ਬਲਕਿ ਮੁਲਤਵੀ ਕੀਤਾ ਹੈ। ਇੱਥੇ ਦੱਸਦੇ ਚਲੀਏ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 22 ਦਸੰਬਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਫਿਰ ਤੋਂ ਮੀਟਿੰਗ ਹੋਵੇਗੀ।