ਕੈਲੇਫੋਰਨੀਆਂ ਦੇ ਸੀਨੀਅਰ ਖਿਡਾਰੀਆਂ ਨੇ ਫਰਿਜ਼ਨੋ ਵਿਖੇ ਪੰਜਾਬੀ ਮੀਡੀਏ ਨੂੰ ਦਿੱਤਾ ਸਨਮਾਨ
“ਰਾਤਰੀ ਦੇ ਖਾਣੇ ਦੀ ਦਾਵਤ ਸਮੇਂ ਲੱਗੀਆਂ ਰੌਣਕਾਂ”
ਫਰਿਜ਼ਨੋ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੇਫੋਰਨੀਆਂ ਦੇ ਪੰਜਾਬੀ ਸੀਨੀਅਰ ਅੰਤਰਰਾਸ਼ਟਰੀ ਖਿਡਾਰੀਆਂ ਵੱਲੋ ਸਥਾਨਿਕ ਅੰਤਰਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪਣੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਉਂਦੇ ਹੋਏ ਸਥਾਨਕ ਮੀਡੀਆ ਦੇ ਪ੍ਰੈਸ ਰਿਪੋਟਰਾਂ ਦੇ ਸਨਮਾਨ ਵਿੱਚ ਰਾਤਰੀ ਦੇ ਖਾਣੇ ਸਮੇਂ ਸਮੂੰਹ ਸੀਨੀਅਰ ਖਿਡਾਰੀਆਂ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਮੀਡੀਆ ਦੇ ਵੱਲੋਂ ਨੁਮਾਇੰਦਗੀ ਕਰਦੇ ਹੋਏ ਕੁਲਵੰਤ ਉੱਭੀ ਧਾਲੀਆਂ, ਨੀਟਾ ਮਾਛੀਕੇ, ਹੈਰੀ ਮਾਨ ਅਤੇ ਜਸਵੰਤ ਮਹਿੰਮੀ ਨੇ ਹਾਜ਼ਰੀ ਭਰਦੇ ਹੋਏ, ਸਮੂੰਹ ਸੀਨੀਅਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੇਖਦੇ ਹੋਏ ਵਧਾਈ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਸੀਨੀਅਰ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਥਾਨਕ ਮੀਡੀਆਂ ਬਹੁਤ ਵਧੀਆ ਕੰਮ ਕਰ ਰਿਹਾ ਹੈ, ਅਸੀਂ ਸਮੂੰਹ ਮੀਡੀਏ ਦੇ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਇਸ ਉਪਰੰਤ ਪੱਤਰਕਾਰ ਨੀਟਾ ਮਾਛੀਕੇ ਨੇ ਸਮੂੰਹ ਖਿਡਾਰੀਆਂ ਅਤੇ ਐਥਲੀਟਾਂ ਦਾ ਮੀਡੀਏ ਨੂੰ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਐਥਲੀਟ ਸਿੱਖ ਭਾਈਚਾਰੇ ਦੇ ਗਰੈਂਡ ਅੰਬੈਸਡਰ ਬਣਕੇ, ਦਸਤਾਰਾਂ ਸਜਾ ਕੇ ਪੂਰੀ ਦੁਨੀਆਂ ਵਿੱਚ ਸਿੱਖ ਪਹਿਚਾਣ ਤੋਂ ਜਾਣੂ ਕਰਵਾਉਣ ਲਈ ਬਹੁਤ ਵਧੀਆ ਕਾਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਐਥਲੀਟ ਵੱਖੋ ਵੱਖ ਐਥਲੀਟ ਮੀਟਾਂ ਵਿੱਚ ਆਪਣੇ ਖ਼ਰਚੇ ਤੇ ਪਹੁੰਚਕੇ ਆਪਣਾ ਜਨੂੰਨ ਬਰਕਰਾਰ ਰੱਖ ਰਹੇ ਹਨ।
ਇਸੇ ਦੌਰਾਨ ਸਥਾਨਕ ਸੀਨੀਅਰ ਖਿਡਾਰੀਆਂ ਦੀਆਂ ਦੁਨੀਆਂ ਭਰ ਵਿੱਚ ਖੇਡਾਂ ਦੇ ਖੇਤਰ ਵਿੱਚ ਪ੍ਰਦਰਸ਼ਨ, ਪ੍ਰਾਪਤੀਆਂ ਅਤੇ ਪੰਜਾਬੀਅਤ ਦੀ ਪਹਿਚਾਣ ਬਣਾਉਣ ਬਾਰੇ ਵਿਚਾਰਾਂ ਹੋਈਆਂ। ਇਸ ਤੋਂ ਇਲਾਵਾ ਹਾਜ਼ਰੀਨ ਦੇ ਮੰਨੋਰੰਜਨ ਲਈ ਸਥਾਨਕ ਗਾਇਕਾਂ ਨੇ ਖੁੱਲਾ ਅਖਾੜਾ ਲਾਇਆ। ਜਿਸ ਵਿੱਚ ਗਾਇਕ ਅਵਤਾਰ ਗਰੇਵਾਲ, ਕਮਲਜੀਤ ਬੈਨੀਪਾਲ, ਦਰਸ਼ਨ ਸਿੰਘ (ਮਨਟੀਕਾ) ਨੇ ਗੀਤਾਂ ਰਾਹੀਂ ਰੌਣਕਾਂ ਲਾਈਆਂ। ਜਦ ਕਿ ਦੁਗਾਣੇ ਦੀ ਹਿੱਟ ਜੋੜੀ ਪੱਪੀ ਭਦੌੜ ਅਤੇ ਦਿਲਪ੍ਰੀਤ ਵਰਮਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਮੁੱਚੇ ਅਮਰੀਕਾ ਹੀ ਨਹੀਂ ਬਲਕਿ ਸਗੋਂ ਇਹ ਸੀਨੀਅਰ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਬਹੁਤ ਸਾਰੇ ਗੋਲਡ ਮੈਡਲ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ। ਇੰਨਾਂ ਸੀਨੀਅਰ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਖੇਡ ਮੈਦਾਨਾਂ ਵਿੱਚ ਗੋਲਡ ਮੈਡਲ ਅਤੇ ਪਹਿਲੇ ਦਰਜੇ ਦੀ ਖੇਡ ਖੇਡਦੇ ਹੋਏ ਪੰਜਾਬੀਅਤ ਦਾ ਮਾਣ ਵਧਾਇਆ ਹੈ, ਉੱਥੇ ਖੇਡਾਂ ਦੇ ਨਾਲ-ਨਾਲ ਵਿਦੇਸ਼ਾਂ ਦੇ ਖੇਡ ਮੈਦਾਨ ਵਿੱਚ ਦਸਤਾਰਾਂ (ਪੱਗਾਂ) ਸਜਾ ਕੇ ਜਾਣ ਨਾਲ ਸਿੱਖ ਭਾਈਚਾਰੇ ਦੀ ਪਹਿਚਾਣ ਵੀ ਬਣਾਈ ਹੈ।
ਇਸ ਸਮੇਂ ਪ੍ਰਮੁੱਖ ਹਾਜ਼ਰ ਸੀਨੀਅਰ ਅੰਤਰਰਾਸ਼ਟਰੀ ਖਿਡਾਰੀਆਂ ਵਿੱਚ ਗੁਰਬਖਸ਼ ਸਿੰਘ ਸਿੱਧੂ, ਸੁਖਚੈਨ ਸਿੰਘ, ਰਣਧੀਰ ਸਿੰਘ ਵਿਰਕ, ਅਮਰਜੀਤ ਸਿੰਘ ਵਿਰਕ, ਕੁਲਵੰਤ ਸਿੰਘ ਲੰਬਰ, ਕਮਲਜੀਤ ਸਿੰਘ ਬੈਨੀਪਾਲ, ਦਰਸ਼ਨ ਸਿੰਘ ਮਨਟੀਕਾ, ਪਵਿੱਤਰ ਸਿੰਘ ਕਲੇਰ, ਅਮਰੀਕ ਸਿੰਘ ਤੂੰਮਰ ਅਤੇ ਹੋਰ ਬਹੁਤ ਸਾਰੇ ਨਵੇਂ ਸੱਜਣ ਜੋ ਇਸ ਖੇਤਰ ਵੱਲ ਆਪਣਾ ਪੈਰ ਵਧਾ ਰਹੇ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਸੀਨੀਅਰ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਐਕਟਰ ਧਰਮਿੰਦਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਫਿਲਮੀ ਸਫ਼ਰ ਤੇ ਪੰਛੀ ਝਾਤ ਪਵਾਈ। ਅਖੀਰ ਆਪਸੀ ਵਿਚਾਰਾਂ ਅਤੇ ਪ੍ਰਾਪਤੀਆਂ ਦੀ ਸਾਂਝ ਪਾਉਦੇ ਹੋਏ ਰਾਤਰੀ ਦੇ ਭੋਜਨ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।