ਲੋਕਾਂ ਦੀ ਸਿਹਤ ਸੁਰੱਖਿਅਤ ਕਰਨਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ - ਕੁਮਾਰ ਰਾਹੁਲ ਆਈ.ਏ.ਐਸ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ,2025
ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਅਤੇ ਢੰਗਸਾਰ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਦੌਰਾਨ ਚੰਡੇਸਰ ਟੈਂਟ ਸਿਟੀ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਨਿਗਾਹ ਦਾ ਲੰਗਰ’ ਤੇ ‘ਆਮ ਆਦਮੀ ਕਲੀਨਿਕ ਟੀਵੀ ਸਕਰੀਨਿੰਗ ਕੈਂਪ’ ਦਾ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸ਼੍ਰੀ ਕੁਮਾਰ ਰਾਹੁਲ ਆਈ.ਏ.ਐਸ ਵੱਲੋਂ ਜਾਇਜ਼ਾ ਲਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਜ਼ਰ ਦੀ ਜਾਂਚ, ਮੁਫ਼ਤ ਰੀਡਿੰਗ ਗਲਾਸਜ਼ ਅਤੇ ਟੀਵੀ ਸਕਰੀਨਿੰਗ ਵਰਗੀਆਂ ਅਹਿਮ ਸਿਹਤ ਸਹੂਲਤਾਂ ਮੈਦਾਨੀ ਪੱਧਰ ‘ਤੇ ਪਹੁੰਚਾਉਣ ਲਈ ਖਾਸ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਮੂਹ ਕੈਂਪ 29 ਨਵੰਬਰ ਤੱਕ ਜਾਰੀ ਰਹਿਣਗੇ।
ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈ.ਏ.ਐਸ ਨੇ ਪੀ ਐਚ ਸੀ ਕੀਰਤਪੁਰ ਸਾਹਿਬ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਚਲ ਰਹੀਆਂ ਸਿਹਤ ਸੇਵਾਵਾਂ, ਓਪੀਡੀ ਸਹੂਲਤਾਂ, ਕੰਮ-ਕਾਜੀ ਪ੍ਰਬੰਧ ਅਤੇ ਸਟਾਫ਼ ਨਾਲ ਮੀਟਿੰਗ ਕਰਕੇ ਸਾਰੀਆਂ ਸੇਵਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਮੈਦਾਨੀ ਪੱਧਰ ‘ਤੇ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਡਾ. ਅਨਿਲ ਗੋਇਲ ਡਾਇਰੈਕਟਰ ਈ.ਐਸ.ਆਈ. ਪੰਜਾਬ, ਡਾ. ਸਵਪਨਜੀਤ ਕੌਰ ਡਾਇਰੈਕਟਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਡਾ. ਸੁਖਵਿੰਦਰਜੀਤ ਸਿੰਘ ਸਿਵਲ ਸਰਜਨ ਰੂਪਨਗਰ, ਡਾ. ਗੁਰਿੰਦਰਜੀਤ ਸਿੰਘ ਸਿਵਲ ਸਰਜਨ ਐਸ.ਬੀ.ਐਸ. ਨਗਰ, ਡਾ. ਪਰਵਿੰਦਰ ਸਿੰਘ ਐਸ.ਐਮ.ਓ. ਮੋਰਿੰਡਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਮੁਹਿੰਮ ਸਿਹਤ ਜਾਗਰੂਕਤਾ ਨੂੰ ਵਧਾਉਣ ਅਤੇ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਵੱਡੀ ਸੰਖਿਆ ਵਿੱਚ ਲੋਕ ਨਿਗਾਹ ਦੇ ਲੰਗਰ ਅਤੇ ਟੀਵੀ ਸਕਰੀਨਿੰਗ ਕੈਂਪਾਂ ਦਾ ਲਾਭ ਲੈ ਰਹੇ ਹਨ, ਜੋ ਸੂਬੇ ਵਿੱਚ ਸਿਹਤ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਅੰਤ ਵਿੱਚ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਆਈ.ਏ.ਐਸ ਨੇ ਮੈਦਾਨੀ ਟੀਮਾਂ ਦੇ ਕੰਮ ਦੀ ਸਿਫ਼ਤਸ਼ਾਲੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਰ ਨਾਗਰਿਕ ਦੀ ਸਿਹਤ ਲਈ ਵਚਨਬੱਧ ਹੈ ਅਤੇ ਇਹ ਯਤਨ ਸਿੱਧੇ ਤੌਰ ‘ਤੇ ਲੋਕ-ਕੇਂਦਰਿਤ ਸਿਹਤ ਸੇਵਾਵਾਂ ਪਹੁੰਚਾਉਣ ਵੱਲ ਇੱਕ ਵੱਡਾ ਕਦਮ ਹਨ.