ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ, ਅਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਨੂੰ ਮਿਲੇਗਾ ਪਵਿੱਤਰ ਸ਼ਹਿਰ ਦਾ ਦਰਜਾ, ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ
CM ਮਾਨ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਵਜੋਂ ਐਲਾਨਣ ਦਾ ਮਤਾ ਕੀਤਾ ਪੇਸ਼, ਸਰਬ ਸੰਮਤੀ ਨਾਲ ਕੀਤਾ ਗਿਆ ਪਾਸ
ਬਾਬੂਸ਼ਾਹੀ ਬਿਊਰੋ
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇਤਿਹਾਸਕ ਮਤਾ ਪੇਸ਼ ਕਰਦਿਆਂ ਕਿਹਾ ਕਿ ਉਹ ਇਸ ਪਵਿੱਤਰ ਸਦਨ ਵਿੱਚ ਵਿਚਾਰਨ ਲਈ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਹ ਮਤਾ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਨੂੰ ਇਤਿਹਾਸਿਕ ਬਣਾਉਣ ਲਈ ਉਹ ਮਹਿਸੂਸ ਕਰਦੇ ਹਨ ਅਤੇ ਸਦਨ ਦੇ ਬਾਕੀ ਸਾਰੇ ਮੈਂਬਰ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਗੁਰੂ ਸਾਹਿਬਾਨ ਦੀ ਸੋਚ ਹਮੇਸ਼ਾ ਸਰਬੱਤ ਦੇ ਭਲੇ ਦੀ ਰਹੀ ਹੈ।
ਮਾਨ ਨੇ ਨੇ ਸਦਨ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਮੈਂ ਸਿਫ਼ਾਰਿਸ਼ ਕਰਦਾ ਹਾਂ ਕਿ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ — ਇਹ ਤਿੰਨੋਂ ਤਖ਼ਤਾਂ ਦੇ ਸ਼ਹਿਰਾਂ ਨੂੰ — ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ (Official Holy Cities) ਵਜੋਂ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ।" ਮੁੱਖ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਇਹ ਪ੍ਰਸਤਾਵ ਸਦਨ ਵੱਲੋਂ ਸਰਬਸੰਮਤੀ (Unanimously) ਨਾਲ ਪਾਸ ਕਰ ਦਿੱਤਾ ਗਿਆ।
ਸੀਐੱਮ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਹੈ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਸਾਉਣ ਲਈ ਇੱਥੋਂ ਦੀ ਜ਼ਮੀਨ ਖਰੀਦ ਕੇ ਆਪ ਇਹ ਸ਼ਹਿਰ ਵਸਾਇਆ ਸੀ। ਉਨ੍ਹਾਂ ਦੇ ਸਪੁੱਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੰਮਾ ਸਮਾਂ ਇਸ ਪਾਵਨ ਧਰਤੀ 'ਤੇ ਰਹੇ। ਉਨ੍ਹਾਂ ਨੇ ਇੱਥੇ ਰਹਿੰਦਿਆਂ ਜ਼ੁਲਮ ਨਾਲ ਲੜਨ ਲਈ ਅਤੇ ਦੇਸ਼ ਦੀ ਰਾਖੀ ਵਾਸਤੇ ਖ਼ਾਲਸਾ ਪੰਥ ਦੀ ਸਾਜਨਾ ਵੀ ਇਸ ਪਵਿੱਤਰ ਧਰਤੀ 'ਤੇ ਹੀ ਕੀਤੀ।
ਮੀਟ, ਸ਼ਰਾਬ ਅਤੇ ਤੰਬਾਕੂ 'ਤੇ ਲੱਗੇਗੀ 'ਮੁਕੰਮਲ ਪਾਬੰਦੀ'
ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਇਨ੍ਹਾਂ ਤਿੰਨਾਂ ਸ਼ਹਿਰਾਂ ਲਈ ਸਖ਼ਤ ਨਿਯਮ ਬਣਾਉਣ ਦੀ ਗੱਲ ਕਹੀ ਗਈ ਹੈ। ਮਤੇ ਮੁਤਾਬਕ, ਇਨ੍ਹਾਂ 'ਪਵਿੱਤਰ ਸ਼ਹਿਰਾਂ' ਵਿੱਚ ਮੀਟ, ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਅਤੇ ਸੇਵਨ 'ਤੇ ਮੁਕੰਮਲ ਪਾਬੰਦੀ (Complete Ban) ਲਗਾਈ ਜਾਵੇਗੀ। ਸਰਕਾਰ ਚਾਹੁੰਦੀ ਹੈ ਕਿ ਗੁਰੂ ਦੀ ਨਗਰੀ ਅਤੇ ਤਖ਼ਤ ਸਾਹਿਬਾਨ ਵਾਲੇ ਇਨ੍ਹਾਂ ਸ਼ਹਿਰਾਂ ਵਿੱਚ ਨਸ਼ਾ ਅਤੇ ਮੀਟ ਪੂਰੀ ਤਰ੍ਹਾਂ ਵਰਜਿਤ ਹੋਵੇ।
ਬਣੇਗੀ 'ਸਰਬ ਧਰਮ ਕਮੇਟੀ'
CM ਮਾਨ ਨੇ ਮਤੇ ਵਿੱਚ ਇਹ ਵੀ ਸੁਝਾਅ ਦਿੱਤਾ ਹੈ ਕਿ ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਇੱਕ 'ਸਰਬ ਧਰਮ ਕਮੇਟੀ' (Interfaith Committee) ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਇਸ ਕਮੇਟੀ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ, ਜੋ ਸ਼ਹਿਰਾਂ ਦੇ ਧਾਰਮਿਕ ਅਤੇ ਸਮਾਜਿਕ ਸਦਭਾਵਨਾ ਨੂੰ ਬਣਾਈ ਰੱਖਣ ਲਈ ਕੰਮ ਕਰਨਗੇ।
ਕੇਂਦਰ ਤੋਂ ਮੰਗੀ ਜਾਵੇਗੀ ਵਿੱਤੀ ਮਦਦ
ਮਤੇ ਅਨੁਸਾਰ, ਪੰਜਾਬ ਸਰਕਾਰ ਇਨ੍ਹਾਂ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਲੋੜੀਂਦਾ ਬਜਟ (Budget) ਅਲਾਟ ਕਰੇਗੀ। ਇਸਦੇ ਨਾਲ ਹੀ, ਕੇਂਦਰ ਸਰਕਾਰ (Centre Government) ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਧਾਰਮਿਕ ਸ਼ਹਿਰਾਂ ਦੇ ਵਿਕਾਸ ਲਈ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰੇ। ਮੁੱਖ ਮੰਤਰੀ ਦੇ ਇਸ ਮਤੇ ਨੂੰ ਪੇਸ਼ ਕਰਨ ਤੋਂ ਬਾਅਦ ਸਦਨ ਵਿੱਚ ਇਸ ਮੁੱਦੇ 'ਤੇ ਚਰਚਾ ਸ਼ੁਰੂ ਹੋ ਗਈ ਹੈ।