Babushahi Special ਐਨਆਈਏ ਪਿੰਡ ਜੀਦਾ ’ਚ ਫਰੋਲਣ ਲੱਗੀ ਲਾਲ ਕਿਲਾ ਆਤਮਘਾਤੀ ਕਾਰ ਧਮਾਕੇ ਦੇ ਪੋਤੜੇ
ਅਸ਼ੋਕ ਵਰਮਾ
ਬਠਿੰਡਾ, 23 ਨਵੰਬਰ 2025: ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ਵਿੱਚ ਦੋ ਮਹੀਨੇ ਪਹਿਲਾਂ ਹੋਏ ਧਮਾਕੇ ਦੀ ਜਾਂਚ ਐਨਆਈਏ ਨੇ ਤੇਜ਼ ਕਰ ਦਿੱਤੀ ਹੈ। ਜੀਦਾ ਧਮਾਕੇ ਨਾਲ ਜੁੜੇ ਇਸ ਹਾਈਪ੍ਰੋਫਾਈਲ ਮਾਮਲੇ ਦੀ ਜਾਂਚ ਦਿੱਲੀ ਦੇ ਲਾਲ ਕਿਲੇ ਦੇ ਨਜ਼ਦੀਕ ਇੱਕ ਕਾਰ ਵਿੱਚ ਹੋਏ ਵਿਸਫੋਟ ਅਤੇ ਫਰੀਦਾਬਾਦ ’ਚ 360 ਕਿੱਲੋਗ੍ਰਾਮ ਵਿਸਫੋਟਕ ਪਦਾਰਥ ਬਰਾਮਦ ਹੋਣ ਤੋਂ ਬਾਅਦ ਐਨਆਈਏ ਨੂੰ ਸੌਂਪੀ ਗਈ ਹੈ। ਸੂਤਰ ਦੱਸਦੇ ਹਨ ਕਿ ਇੰਨ੍ਹਾਂ ਦੋਵਾਂ ਮਾਮਲਿਆਂ ਦੀ ਰੌਸ਼ਨੀ ’ਚ ਕੇਂਦਰੀ ਜਾਂਚ ਏਜੰਸੀ ਨੇ ਜੀਦਾ ਬਲਾਸਟ ਨੂੰ ਕਿਸੇ ਵੱਡੀ ਅੱਤਵਾਦੀ ਸਾਜਿਸ਼ ਦੇ ਨੈਟਵਰਕ ਨਾਲ ਜੋੜਕੇ ਦੇਖਣ ਲੱਗੀ ਹੈ। ਐਨਆਈਏ ਹੁਣ ਮਾਮਲੇ ਦੀ ਇਸ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਗ੍ਰਿਫਤਾਰ ਕਾਨੂੰਨ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੀਦਾ (19) ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਦੋਸ਼ੀਆਂ ਦੇ ਸੰਪਰਕ ਵਿੱਚ ਤਾਂ ਨਹੀਂ ਸੀ। ਗੁਰਪ੍ਰੀਤ ਫਿਲਹਾਲ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਆਪਣੀ ਜਾਂਚ ਦਾ ਦਾਇਰਾ ਮੋਕਲਾ ਕਰਦਿਆਂ ਐਨਆਈਏ ਦੀ ਟੀਮ ਸ਼ੁੱਕਰਵਾਰ ਨੂੰ ਪਿੰਡ ਜੀਦਾ ’ਚ ਗੁਰਪ੍ਰੀਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਅਤੇ ਪ੍ਰੀਵਾਰ ਤੋਂ ਪੁੱਛਗਿਛ ਕਰਨ ਤੋਂ ਬਾਅਦ ਕੁੱਝ ਸਮਾਨ ਆਪਣੇ ਕਬਜੇ ’ਚ ਲੈਕੇ ਵਾਪਿਸ ਚਲੀ ਗਈ। ਇਸੇ ਲੜੀ ਤਹਿਤ ਸ਼ਨੀਵਾਰ ਨੂੰ ਐਨਆਈਏ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਹਰਾਜ ਵਿੱਚ ਪੰਚਾਇਤ ਮੈਂਬਰ ਰਣਵੀਰ ਸਿੰਘ ਉਰਫ਼ ਇੰਦਰਜੀਤ ਸਿੰਘ ਦੇ ਘਰ ਛਾਪਾ ਮਾਰਿਆ ਹੈ । ਮੈਂਬਰ ਪੰਚਾਇਤ ਰਣਵੀਰ ਸਿੰਘ, ਬਠਿੰਡਾ ਪੁਲਿਸ ਵੱਲੋਂ ਜੀਦਾ ਧਮਾਕੇ ਦੇ ਮੁੱਖ ਦੋਸ਼ੀ ਵਜੋਂ ਨਾਮਜਦ ਗੁਰਪ੍ਰੀਤ ਸਿੰਘ ਦਾ ਮਾਮਾ ਹੈ। ਟੀਮ ਨੇ ਇਸ ਦੌਰਾਨ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਅਤੇ ਪ੍ਰੀਵਾਰਕ ਮੈਂਬਰਾਂ ਤੋਂ ਪੁੱਛਗਿਛ ਕੀਤੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮੁਲਜਮ ਗੁਰਪ੍ਰੀਤ ਸਿੰਘ ਦਾ ਸੰਪਰਕ ਕਿੱਥੇ ਕਿੱਥੇ ਸੀ ਅਤੇ ਉਸ ਨੇ ਜੀਦਾ ਵਿਖੇ ਹੋਏ ਧਮਾਕਿਆਂ ਵਾਲੀ ਵਿਸਫੋਟਕ ਸਮੱਗਰੀ ਕਿੱਥੋਂ ਹਾਸਲ ਕੀਤੀ ਸੀ।
ਜਾਣਕਾਰੀ ਅਨੁਸਾਰ ਮੈਂਬਰ ਪੰਚਾਇਤ ਰਣਵੀਰ ਸਿੰਘ ਇਸ ਕਰਕੇ ਵੀ ਐਨਆਈਏ ਦੇ ਨਿਸ਼ਾਨੇ ਤੇ ਸੀ ਕਿਉਂਕਿ ਪੁਲਿਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਗੁਰਪ੍ਰੀਤ ਵੱਲੋਂ ਘਟਨਾ ਤੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਖਰੀਦਿਆ ਮੋਟਰਸਾਈਕਲ ਅਤੇ ਮੋਬਾਇਲ ਫੋਨ ਮਾਮੇ ਨੇ ਲੈਕੇ ਦਿੱਤਾ ਸੀ। ਪ੍ਰੀਵਾਰ ਵੱਲੋਂ ਪੁੱਛਣ ਤੇ ਉਸ ਨੇ ਇਹ ਗੱਲ ਆਖੀ ਸੀ ਜਦੋਂਕਿ ਉਦੋਂ ਗੁਰਪ੍ਰੀਤ ਦੇ ਮਾਮੇ ਨੇ ਇਸ ਗੱਲੋਂ ਸਾਫ ਇਨਕਾਰ ਕੀਤਾ ਸੀ। ਪਤਾ ਲੱਗਿਆ ਹੈ ਕਿ ਇਸ ਮੌਕੇ ਰਣਵੀਰ ਸਿੰਘ ਦੇ ਘਰ ਤੋਂ ਐਨਆਈਏ ਦੇ ਹੱਥ ਕੋਈ ਠੋਸ ਸਬੂਤ ਨਹੀਂ ਲੱਗੇ ਹਨ। ਸੂਤਰਾਂ ਮੁਤਾਬਕ ਐਨਆਈਏ ਦੀ ਟੀਮ ਜੀਦਾ ਧਮਾਕਿਆਂ ਦੇ ਮਾਮਲੇ ਨੂੰ ਦਿੱਲੀ ਲਾਲ ਕਿਲਾ ਵਿਸਫੋਟ ਨਾਲ ਜੋੜਕੇ ਦੇਖ ਰਹੀ ਹੈ ਜਿਸ ਦਾ ਕਾਰਨ ਜਾਂਚ ਦੌਰਾਨ ਕਈ ਹੈਰਾਨ ਕਰਨ ਵਾਲੀਆਂ ਸਮਾਨਤਾਵਾਂ ਸਾਹਮਣੇ ਆਈਆਂ ਹਨ। ਦਿੱਲੀ ’ਚ ਅੱਤਵਾਦੀ ਡਾਕਟਰ ਉਮਰ ਨੇ ਵਿਸਫੋਟਕ ਸਮੱਗਰੀ ਨਾਲ ਖੁਦ ਨੂੰ ਕਾਰ ਸਮੇਤ ਉਡਾ ਲਿਆ ਸੀ।
ਇਸੇ ਤਰਾਂ ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਸੀ ਕਿ ਗੁਰਪ੍ਰੀਤ ਨੇ ਵੀ ਵਿਸਫੋਟਕ ਸਮੱਗਰੀ ਵਾਲੀ ਬੈਲਟ ਬੰਨ੍ਹਕੇ ਸ੍ਰੀਨਗਰ ਦੇ ਕਠੂਆ ’ਚ ਫੌਜੀ ਕੈਂਪ ਤੇ ਆਤਮਘਾਤੀ ਹਮਲੇ ਦੀ ਯੋਜਨਾ ਬਣਾਈ ਸੀ। ਜਿਸ ਤਰਾਂ ਲਾਲ ਕਿਲੇ ਕੋਲ ਆਤਮਘਾਤੀ ਹਮਲਾ ਕਰਨ ਵਾਲੇ ਡਾਕਟਰ ਉਮਰ ਦਾ ਅੱਤਵਾਦੀ ਜੱਥੇਬੰਦੀ ਜੈਸ਼ ਏ ਮੁਹੰਮਦ ਦੇ ਪਾਕਿਸਤਾਨੀ ਹੈਂਡਲਰ ਨੇ ਪੂਰੀ ਤਰਾਂ ਬਰੇਨ ਵਾਸ਼ ਕਰ ਦਿੱਤਾ ਸੀ , ਠੀਕ ਉਸੇ ਤਰਾਂ ਹੀ ਪਾਕਿਸਤਾਨ ਦੇ ਹੈਂਡਲਰ ਨੇ ਗੁਰਪ੍ਰੀਤ ਸਿੰਘ ਨਾਲ ਵੀ ਕੀਤਾ ਸੀ। ਗੁਰਪ੍ਰੀਤ ਸਿੰਘ ਵੀ ਧਮਾਕੇ ਤੋਂ ਛੇ ਮਹੀਨੇ ਪਹਿਲਾਂ ਘਰ ਤੋਂ ਬਾਹਰ ਨਹੀਂ ਨਿਕਲਿਆ ਸੀ ਜਦੋਂਕਿ ਡਾਕਟਰ ਉਮਰ ਵੀ ਛੇ ਮਹੀਨਿਆਂ ਤੋਂ ਡਿਊਟੀ ਤੋਂ ਗਾਇਬ ਸੀ ਜਿਸ ਦਾ ਬਰੇਨ ਵਾਸ਼ ਆਤਮਘਾਤੀ ਹਮਲੇ ਲਈ ਕੀਤਾ ਗਿਆ ਸੀ। ਪਿੰਡ ਜੀਦਾ ’ਚ ਗੁਰਪ੍ਰੀਤ ਸਿੰਘ ਦੇ ਘਰ ਤੋਂ ਮਿਲੀ ਵਿਸਫੋਟਕ ਸਮੱਗਰੀ ’ਚ ਧਮਾਕੇ ਦਾ ਕਾਰਨ ਉਸ ਤੇ ਗਰਮੀ ਪੈਣਾ ਦੱਸਿਆ ਗਿਆ ਸੀ।
ਠੀਕ ਇਸੇ ਤਰਾਂ ਸ੍ਰੀਨਗਰ ਦੇ ਥਾਣੇ ਵਿੱਚ ਹੋਇਆ ਸੀ ਜਿੱਥੇ ਵਿਸਫੋਟਕ ਪਦਾਰਥਾਂ ਦਾ ਸੈਂਪਲ ਲੈਣ ਵੇਲੇ ਤੇਜ ਰੌਸ਼ਨੀ ਅਤੇ ਗਰਮੀ ਕਾਰਨ ਧਮਾਕਾ ਹੋ ਗਿਆ ਸੀ। ਏਦਾਂ ਹੀ 10 ਸਤੰਬਰ 2025 ਨੂੰ ਗੁਰਪ੍ਰੀਤ ਦੇ ਘਰ ਹੋਏ ਧਮਾਕੇ ਐਨੇ ਜਬਰਦਸਤ ਸਨ ਕਿ ਉਨ੍ਹਾਂ ਨਾਲ ਪੂਰੇ ਘਰ ਨੂੰ ਹਿਲਾਕੇ ਰੱਖ ਦਿੱਤਾ ਸੀ ਜਦੋਂਕਿ ਸ਼ੀਨਗਰ ਥਾਣੇ ’ਚ ਹੋਏ ਵਿਸਫੋਟ ਕਾਰਨ ਸਮੁੱਚੀ ਇਮਾਰਤ ਤਬਾਹ ਹੋ ਗਈ ਸੀ ਅਤੇ ਵੱਡੀ ਗਿਣਤੀ ਮੁਲਾਜਮ ਮੌਤ ਦੇ ਮੂੰਹ ਜਾ ਪਏ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਤਰਾਂ ਦੋਵਾਂ ਮਾਮਲਿਆਂ ਦੀ ਕੱਲੀ ਕੱਲੀ ਸਮਾਨਤਾ ਕਿਸੇ ਵੱਡੇ ਅੱਤਵਾਦੀ ਮਾਡਿਊਲ ਦੀਆਂ ਸਰਗਰਮੀਆਂ ਦਾ ਸੰਕੇਤ ਹੈ। ਗੁਰਪ੍ਰੀਤ ਨੇ ਵੱਖ ਵੱਖ ਆਨਲਾਈਨ ਸਾਈਟਾਂ ਰਾਹੀਂ ਪੰਜ ਪ੍ਰਕਾਰ ਦੇ ਕੈਮੀਕਲ ਪਿਕਰਿਕ ਐਸਿਡ, ਅਮੋਨੀਅਮ ਨਾਈਟਰੇਟ, ਅਮੋਨੀਅਮ ਸਲਫੇਟ, ਲੈਡ ਨਾਈਟਰੇਟਅਤੇ ਫਾਸਫੋਰਸ ਪੈਂਟਾਅਕਸਾਈਡ ਮੰਗਵਾਏ ਸਨ ਜਿੰਨ੍ਹਾਂ ਨਾਲ ਗੁਰਪ੍ਰੀਤ ਵਿਸਫੋਟਕ ਬਣਾ ਰਿਹਾ ਸੀ ਜਿਸ ਕਰਕੇ ਧਮਾਕਾ ਹੋ ਗਿਆ ਸੀ।
ਪਾਕਿ ਅੱਤਵਾਦੀ ਤੋਂ ਪ੍ਰਭਾਵਿਤ
ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸੋਸ਼ਲ ਮੀਡੀਆ ਰਾਹੀਂ ਪਕਿਸਤਾਨੀ ਦਹਿਸ਼ਤਗਰਦ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਹੈ। ਗੁਰਪ੍ਰੀਤ ਸਿੰਘ ਦੇ ਮੋਬਾਇਲ ਫੋਨ ਚੋਂ ਮਸੂਦ ਅਜ਼ਹਰ ਦੇ ਸੰਪਰਕ ਨੰਬਰ ਸਮੇਤ ਪਾਕਿਸਤਾਨ ਦੇ ਹੋਰ ਕਈ ਅੱਤਵਾਦੀਆਂ ਦੇ ਮੋਬਾਇਲ ਨੰਬਰ ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ। ਉਦੋਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਸੀ ਕਿ ਗੁਰਪ੍ਰੀਤ ਦੇ ਫੋਨ ਚੋਂ ਪਾਕਿਸਤਾਨੀ ਮੁਸਲਿਮ ਦਹਿਸ਼ਤਗਰਦਾਂ ਅਤੇ ਧਮਾਕੇ ਲਈ ਸਮਾਨ ਬਨਾਉਣ ਦੇ ਵੀਡੀਓ ਮਿਲੇ ਹਨ ਜੋ ਉਹ ਦੇਖਦਾ ਰਿਹਾ ਹੈ।