ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਗ ਦਾਨ ਕਰਨ ਸਬੰਧੀ ਸੌਂਹ ਚੁੱਕੀ
ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2025 : ਸਿਵਲ ਸਰਜਨ ਡਾ ਤਪਿੰਦਰਜੋਤ ਦੀ ਅਗਵਾਈ ਹੇਠ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਗਦਾਨ (ਆਰਗਨ ਡੋਨੇਸ਼ਨ) ਜਾਗਰੂਕਤਾ ਮੁਹਿੰਮ ਸਬੰਧੀ ਇੱਕ ਦਰਜਨ ਤੋਂ ਵੱਧ ਸਨਮਾਨਯੋਗ ਨਾਗਰਿਕਾਂ ਵੱਲੋਂ ਪੂਰੇ ਸਰੀਰ ਦੇ ਅੰਗਦਾਨ ਦੀ ਸਹੁੰ ਚੁੱਕੀ ਗਈ, ਜੋ ਕਿ ਮਨੁੱਖਤਾ ਦੀ ਸੇਵਾ ਵੱਲ ਇਕ ਮਹਾਨ ਕਦਮ ਹੈ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਨੂੰ ਮਨੁੱਖਤਾ, ਹਮਦਰਦੀ ਅਤੇ ਬਲੀਦਾਨ ਦਾ ਰਾਹ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅੰਗਦਾਨ ਇਕ ਐਸਾ ਕਾਰਜ ਹੈ, ਜਿਸ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਹ ਮੁਹਿੰਮ 19 ਤੋਂ 29 ਨਵੰਬਰ 2025 ਤੱਕ ਸਿਹਤ ਵਿਭਾਗ ਦੁਆਰਾ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਜਾਗਰੂਕਤਾ ਸੈਮੀਨਾਰ, ਪ੍ਰੋਗਰਾਮ ਅਤੇ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਅੰਗਦਾਨ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕ ਇਸ ਵਿਚ ਭਾਗ ਲੈਣ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੁਹਿੰਮ ਦਾ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਲਿੰਕ https://notto.abdm.gov.in/ ‘ਤੇ ਜਾ ਕੇ, ਆਪਣਾ ਜੋ ਵੀ ਅੰਗ ਦਾਨ ਕਰਨਾ ਚਾਹੁੰਦੇ ਹੋ, ਸੰਬੰਧੀ ਭਰ ਕੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਜਾ ਸਕਦਾ ਹੈ। ਇਸਦੇ ਲਈ ਵਿਅਕਤੀ ਵਿਸ਼ੇਸ਼ ਦਾ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਹੀ ਲੋੜੀਂਦਾ ਹੋਵੇਗਾ।
ਇਸ ਮੌਕੇ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਬੀ.ਈ.ਈ ਗਗਨਦੀਪ ਸਿੰਘ ਭੁੱਲਰ ਹਾਜ਼ਰ ਸਨ।